Monday, April 27, 2026

ਅਧੀਨ ਸੇਵਾਵਾਂ ਚੋਣ ਬੋਰਡ ਨੇ ਨਵੇਂ ਚੁਣੇ ਗਏ 1648 ਕਲਰਕਾਂ ਨੂੰ ਕੀਤੀ ਵਿਭਾਗਾਂ ਦੀ ਵੰਡ

ਵਿਭਾਗਾਂ ਦੀ ਵੰਡ ਉਮੀਦਵਾਰਾਂ ਦੀ ਪਸੰਦ ਦੇ ਆਧਾਰ `ਤੇ ਕੀਤੀ – ਬਹਿਲ
ਚੰਡੀਗੜ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਸੂਬਾ ਸਰਕਾਰ ਦੇ 48 ਵੱਖ-ਵੱਖ ਵਿਭਾਗਾਂ ਵਿੱਚ ਕਲਰਕ ਦੀਆਂ ਅਸਾਮੀਆਂ ਲਈ Punjab Govtਸ਼ਾਰਟਲਿਸਟ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰਦਿਆਂ ਅਧੀਨ ਸੇਵਾਵਾਂ ਚੋਣ ਬੋਰਡ (ਐਸ.ਐਸ.ਐਸ.ਬੀ) ਦੇ ਚੇਅਰਮੈਨ ਰਮਨ ਬਹਿਲ ਨੇ ਦਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਬੋਰਡ ਵਲੋਂ ਉਮੀਦਵਾਰਾਂ ਦੀ ਪਸੰਦ ਦੇ ਅਧਾਰ `ਤੇ ਵਿਭਾਗਾਂ ਦੀ ਵੰਡ ਕੀਤੀ ਗਈ ਹੈ।
ਇਸ ਪ੍ਰਕਿਰਿਆ `ਤੇ ਚਾਨਣਾ ਪਾਉਂਦਿਆਂ ਬਹਿਲ ਨੇ ਕਿਹਾ “ ਪੰਜਾਬ ਸਰਕਾਰ ਨੇ ਸਿਫ਼ਾਰਿਸ਼ ਅਤੇ ਪਹੁੰਚ ਦੇ ਦੌਰ ਦਾ ਖ਼ਾਤਮਾ ਕੀਤਾ ਹੈ।ਇਥੇ ਸਿਫ਼ਾਰਿਸ਼ ਲਈ ਕੋਈ ਥਾਂ ਨਹੀਂ ਹੈ।“ ਉਨਾਂ ਦੱਸਿਆ ਇਸ ਕਦਮ ਨਾਲ ਅਧੀਨ ਸੇਵਾਵਾਂ ਚੋਣ ਬੋਰਡ ਕੋਲ ਆਪਣੀ ਮਰਜ਼ੀ ਨਾਲ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਕਰਨ ਦਾ ਅਧਿਕਾਰ ਖ਼ਤਮ ਹੋ ਗਿਆ ਹੈ। ਇਸ ਪ੍ਰਕਿਰਿਆ ਵਿੱਚ ਮੁਕੰਮਲ ਪਾਰਦਰਸ਼ਤਾ ਲਿਆਉਂਦਿਆਂ ਉਮੀਦਵਾਰਾਂ ਨੂੰ ਆਪਣੀ ਪਸੰਦ ਦੇ ਆਧਾਰ `ਤੇ ਵਿਭਾਗਾਂ ਦੀ ਚੋਣ ਦਾ ਮੌਕਾ ਦਿੱਤਾ ਗਿਆ। ਮੈਰਿਟ ਸੂਚੀ ਵਿਚਲੀ ਦਰਜ਼ਾਬੰਦੀ ਦੇ ਅਧਾਰ `ਤੇ ਉਮੀਦਵਾਰਾਂ ਨੂੰ ਆਪਣੀ ਪਸੰਦ ਦੇ ਵਿਭਾਗ ਦੀ ਚੋਣ ਕਰਨ ਦਾ ਮੌਕਾ ਦਿੱਤਾ ਗਿਆ। ਪਹਿਲਾ ਰੈਂਕ ਹਾਸਲ ਕਰਨ ਵਾਲੇ ਉਮੀਦਵਾਰ ਨੂੰ ਸਭ ਤੋਂ ਪਹਿਲਾਂ ਅਤੇ ਫਿਰ ਮੈਰਿਟ ਸੂਚੀ ਵਿੱਚ ਆਪਣੀ ਪੁਜੀਸ਼ਨ ਦੇ ਅਧਾਰ `ਤੇ ਹੋਰਨਾਂ ਨੂੰ ਵਿਭਾਗ ਦੀ ਚੋਣ ਦਾ ਮੌਕਾ ਮਿਲਿਆ।
ਚੇਅਰਮੈਨ ਨੇ ਦੱਸਿਆ ਕਿ ਐਸ.ਐਸ.ਐਸ ਬੋਰਡ ਵਲੋਂ ਵਿਭਾਗਾਂ ਦੀ ਵੰਡ ਸਬੰਧੀ ਸੂਚੀ ਕੌਂਸਲਿੰਗ ਸਮੇਂ ਉਮੀਦਵਾਰਾਂ ਵਲੋਂ ਚੁਣੀਆਂ ਗਈਆਂ ਆਪਸ਼ਨਜ਼ ਦੇ ਆਧਾਰ `ਤੇ ਜਾਰੀ ਕੀਤੀ ਗਈ ਹੈ ਅਤੇ ਇਹ ਸੂਚੀ ਹੁਣ ਬੋਰਡ ਦੀ ਸਰਕਾਰੀ ਵੈਬਸਾਈਟ `ਤੇ ਉਪਲੱਬਧ ਹੈ।
ਜ਼ਿਕਰਯੋਗ ਹੈ ਕਿ ਐਸ.ਐਸ.ਐਸ ਬੋਰਡ ਵਲੋਂ ਕਲਰਕਾਂ ਦੀਆਂ 1883 ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਗਿਆ ਸੀ, ਜਿਸ ਲਈ 46798 ਉਮੀਦਵਾਰਾਂ ਨੇ ਅਪਲਾਈ ਕੀਤਾ। 10300 ਉਮੀਦਵਾਰਾਂ ਨੇ ਲਿਖਤੀ ਪ੍ਰਖਿਆ ਵਿੱਚ ਕੁਆਲੀਫਾਈ ਕੀਤਾ ਜਿਸ ਵਿੱਚ ਘੱਟ-ਘੱਟ 33 ਫੀਸਦੀ ਪਾਸ ਅੰਕ ਰੱਖੇ ਗਏ ਸਨ। ਇਸ ਬਾਅਦ 4279 ਉਮੀਦਵਾਰਾਂ ਨੇ ਅੰਗਰੇਜ਼ੀ ਅਤੇ ਪੰਜਾਬੀ ਟਾਇਪਿੰਗ ਟੈਸਟ ਪਾਸ ਕੀਤਾ ਅਤੇ ਫਿਰ ਸਰਟੀਫਿਕੇਟਾਂ ਦੀ ਜਾਂਚ ਲਈ ਕਾਊਂਸਲਿੰਗ ਕੀਤੀ ਗਈ। ਪ੍ਰੀ-ਅਲਿਜ਼ਈਬਿਲਟੀ ਲਿਸਟ (ਇਤਰਾਜ਼ ਦੀ ਮੰਗ ਲਈ, ਜੇ ਕੋਈ ਹੋਵੇ) ਮਾਰਚ 2019 ਵਿੱਚ ਜਾਰੀ ਕੀਤੀ ਗਈ ਅਤੇ ਸਫ਼ਲ ਰਹਿਣ ਵਾਲੇ 1648 ਉਮੀਦਵਾਰਾਂ ਦੀ ਅੰਤਿਮ ਸੂਚੀ ਮਈ 2019 ਵਿੱਚ ਜਾਰੀ ਕੀਤੀ  ਗਈ। ਇਸ ਤੋਂ ਬਾਅਦ ਜੂਨ 2019 ਵਿੱਚ ਉਮੀਦਵਾਰਾਂ ਵਲੋਂ ਚੁਣੀਆਂ ਗਈਆਂ ਆਪਸ਼ਨਜ਼ ਦੇ ਅਧਾਰ `ਤੇ ਵਿਭਾਗਾਂ ਦੀ ਵੰਡ ਲਈ ਕਾਊਂਸਲਿੰਗ ਕੀਤੀ ਗਈ।
ਬਹਿਲ ਨੇ ਕਿਹਾ ਕਿ ਐਸ.ਐਸ.ਐਸ ਬੋਰਡ ਭਵਿੱਖ ਵਿੱਚ ਵੀ ਮੈਰਿਟ ਅਤੇ ਉਮੀਦਵਾਰਾਂ ਦੀ ਪਸੰਦ ਦੇ ਆਧਾਰ `ਤੇ ਵਿਭਾਗਾਂ ਦੀ ਵੰਡ ਲਈ ਇਸ ਪਾਰਦਰਸ਼ੀ ਪ੍ਰਣਾਲੀ ਨੂੰ ਜਾਰੀ ਰੱਖੇਗਾ ਕਿਉਂ ਜੋ ਇਹ ਪ੍ਰਣਾਲੀ ਉਮੀਦਵਾਰਾਂ ਦੇ ਮਨਾਂ ਵਿੱਚ ਸੰਦੇਹ ਨੂੰ ਖ਼ਤਮ ਕਰਕੇ ਚੋਣ ਪ੍ਰਕਿਰਿਆ ਵਿੱਚ ਉਨਾਂ ਦੇ ਵਿਸ਼ਵਾਸ਼ ਨੂੰ ਬਹਾਲ ਕਰਦੀ ਹੈ।
 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply