Friday, September 20, 2024

ਸਿੱਧੂ ਦੀ ਐਸ.ਟੀ.ਐਫ ਮੁੱਖੀ ਵਜੋਂ ਮੁੜ ਨਿਯੁੱਕਤੀ ਦੀ ਬੇਚੈਨੀ `ਤੇ ਮੁੱਖ ਮੰਤਰੀ ਅਮਰਿੰਦਰ ਸਖਤ

ਜਿਹੜਾ ਮੇਰੇ ਫੈਸਲੇ ਤੋਂ ਖੁੱਸ਼ ਨਹੀਂ ਉਹ ਕੇਂਦਰ ਵਿਚ ਡੈਪੂਟੇਸ਼ਨ `ਤੇ ਜਾ ਸਕਦਾ ਹੈ- ਕੈਪਟਨ
ਚੰਡੀਗੜ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਅਨੁਸ਼ਾਸਨਹੀਣਤਾ ਦੇ ਵਿਰੁੱਧ ਤਿੱਖੀ ਚੇਤਾਵਨੀ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ Captain Amrinder1ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਹੜਾ ਹਰਪ੍ਰੀਤ ਸਿੱਧੂ ਦੀ ਐਸ.ਟੀ.ਐਫ ਦੇ ਮੁੱਖੀ ਵਜੋਂ ਮੁੜ ਤਾਇਨਾਤੀ ਤੋਂ ਖੁੱਸ਼ ਨਹੀਂ ਹੈ ਉਸ ਦਾ ਸੂਬਾ ਛੱਡਣ ਲਈ ਪੂਰਾ ਸਵਾਗਤ ਹੈ ਅਤੇ ਉਹ ਕੇਂਦਰ ਸਰਕਾਰ ਵਿਚ ਡੈਪੂਟੇਸ਼ਨ ਦੀ ਮੰਗ ਕਰ ਸਕਦਾ ਹੈ।
          ਸਿੱਧੂ ਦੀ ਮੁੜ ਨਿਯੁੱਕਤੀ ਸਬੰਧੀ ਬੇਚੈਨੀ ਬਾਰੇ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਿੱਤ ਵਿਚ ਕਿਸੇ ਵੀ ਪੁਲਿਸ ਅਫਸਰ ਦਾ ਤਬਾਦਲਾ/ਤਾਇਨਾਤੀ ਉਨਾਂ ਦੇ ਅਧਿਕਾਰ ਖੇਤਰ ਵਿਚ ਹੈ। ਮੁੱਖ ਮੰਤਰੀ ਕੋਲ ਇਸ ਵੇਲੇ ਗ੍ਰਹਿ ਮੰਤਰਾਲਾ ਵੀ ਹੈ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਜੇ ਕਿਸੇ ਵੀ ਅਧਿਕਾਰੀ ਨੂੰ ਉਨਾਂ ਦੇ ਹੁਕਮਾਂ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਅਧਿਕਾਰੀ ਕੇਂਦਰ ਵਿਚ ਡੈਪੂਟੇਸ਼ਨ `ਤੇ ਜਾ ਸਕਦਾ ਹੈ।ਉਨਾਂ ਕਿਹਾ ਕਿ ਉਹ ਕਿਸੇ ਨੂੰ ਵੀ ਆਪਣੇ ਫੈਸਲੇ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦੇਣਗੇ।ਏ.ਡੀ.ਜੀ.ਪੀ ਸਿੱਧੂ ਨੂੰ ਮੁੜ ਐਸ.ਟੀ.ਐਫ ਦਾ ਮੁੱਖੀ ਨਿਯੁੱਕਤ ਕਰਨ ਦਾ ਫੈਸਲਾ ਸੂਬੇ ਵਿਚ ਮੁੜ ਨਸ਼ਿਆਂ ਦਾ ਮੁੱਦਾ ਬਨਣ ਦੀਆਂ ਰਿਪੋਰਟਾਂ ਦੇ ਸੰਦਰਭ ਵਿਚ ਲਿਆ ਗਿਆ ਹੈ।
            ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਕਿ ਉਨਾਂ ਦੀ ਸਰਕਾਰ ਨਸ਼ਿਆਂ ਦੀ ਸਮੱਸਿਆ ਦੇ ਖਾਤਮੇ ਲਈ ਪੂਰੀ ਤਰਾਂ ਵਚਨਬੱਧ ਹੈ। ਮੁੱਖ ਮੰਤਰੀ ਇਸ ਸਮੱਸਿਆ ਨਾਲ ਨਿਪਟਣ ਲਈ ਰਾਸ਼ਟਰੀ ਡਰੱਗ ਨੀਤੀ ਬਣਾਏ ਜਾਣ `ਤੇ ਜ਼ੋਰ ਦੇ ਰਹੇ ਹਨ ਕਿਉਂਕਿ ਨਸ਼ਿਆਂ ਨੇ ਪੰਜਾਬ ਲਈ ਗੰਭੀਰ ਚਿੰਤਾ ਪੈਦਾ ਕੀਤੀ ਹੋਈ ਹੈ। ਇਹ ਨਸ਼ੇ ਨਾ ਕੇਵਲ ਭਾਰਤ-ਪਾਕਿ ਸਰਹੱਦ ਦੇ ਪਾਰੋਂ ਸਮਗਲ ਕੀਤੇ ਜਾ ਰਹੇ ਹਨ ਸਗੋਂ ਜੰਮੂ-ਕਸ਼ਮੀਰ ਅਤੇ ਗੁਜਰਾਤ ਵਰਗੇ ਹੋਰਨਾਂ ਸੂਬਿਆਂ ਤੋਂ ਵੀ ਪੰਜਾਬ ਵਿਚ ਭੇਜੇ ਜਾ ਰਹੇ ਹਨ।
             ਮੀਡੀਆ ਰਿਪੋਰਟਾਂ ਉੱਤੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਉਨਾਂ ਨੂੰ ਸਿੱਧੂ ਦੀ ਮੁੜ ਨਿਯੁੱਕਤੀ ਬਾਰੇ ਕਿਸੇ ਤੋਂ ਵੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ।ਉਨਾਂ ਕਿਹਾ ਕਿ ਉਨਾਂ ਦਾ ਇਹ ਫੈਸਲਾ ਸੂਬੇ ਦੇ ਵਡੇਰੇ ਹਿੱਤਾਂ ਤੋਂ ਪ੍ਰੇਰਤ ਹੈ।ਉਨਾਂ ਕਿਹਾ ਕਿ ਕਿਸੇ ਵੀ ਤਰਾਂ ਦਾ ਇਤਰਾਜ਼ ਪੈਦਾ ਕਰਕੇ ਅਨੁਸ਼ਾਸਨਹੀਣਤਾ ਪੈਦਾ ਕਰਨ ਵਾਲੇ ਲਈ ਕਿਸੇ ਵੀ ਪੁਲਿਸ ਫੋਰਸ ਵਿਚ ਕੋਈ ਵੀ ਥਾਂ ਨਹੀਂ ਹੈ।
ਮੁੱਖ ਮੰਤਰੀ ਨੇ ਪ੍ਰੈਸ ਦੇ ਇੱਕ ਹਿੱਸੇ ਵਿਚ ਆਈਆਂ ਉਨਾਂ ਰਿਪੋਰਟਾਂ ਤੋਂ ਵੀ ਇਨਕਾਰ ਕੀਤਾ ਹੈ, ਜਿਨਾਂ ਵਿਚ ਕਿਹਾ ਗਿਆ ਸੀ ਕਿ ਸਿੱੱਧੂ ਨੇ ਇੱਕ ਪੱਤਰ ਲਿਖ ਕੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਕੀਤੀ ਹੈ।
            ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਛੇਤੀ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਐਸ.ਟੀ.ਐਫ ਦਾ ਗਠਨ ਕੀਤਾ ਸੀ ਜਿਸ ਦਾ ਸਿੱਧੂ ਪਹਿਲਾ ਮੁੱਖੀ ਸੀ।ਸਿੱਧੂ ਦੇ ਹੇਠ ਐਸ.ਟੀ.ਐਫ ਨੇ ਨਸ਼ਿਆਂ ਨਾਲ ਨਿਪਟਣ ਲਈ ਵੱਡੀ ਪ੍ਰਗਤੀ ਕੀਤੀ ਜੋ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਹੇਠ ਵੱਡੀ ਲਾਹਨਤ ਬਣ ਗਏ ਸਨ ਅਤੇ ਜਿਨਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਸੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply