Monday, November 23, 2026

ਸ਼ਹਿਰ ਦੀ ਸਫਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਮੇਅਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

PUNJ0208201918ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਨਗਰ ਨਿਗਮ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ, ਨਿਗਮ ਲਈ ਕੰਮ ਕਰ ਰਹੀਆਂ ਵੱਖ-ਵੱਖ ਸੋਲਿਡ ਵੇਸਟ ਮੈਨੇਜਮੈਂਟ ਕੰਪਨੀਆਂ, ਮਕੈਨੀਕਲ ਸਵੀਪਿੰਗ ਆਦਿ ਦੇ ਨੁਮਾਇੰਦਿਆਂ ਨਾਲ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਮੀਟਿੰਗ ਕੀਤੀ।ਜਿਸ ਵਿਚ ਸਿਹਤ ਅਫ਼ਸਰ ਡਾ: ਅਜੈ ਕੰਵਰ, ਸਮੂ ਚੀਫ਼ ਸੈਨੇਟਰੀ ਇੰਸਪੈਕਟਰ ਤੇ ਸੈਨੇਟਰੀ ਇੰਸਪੈਕਟਰ ਆਦਿ ਹਾਜ਼ਰ ਹੋਏ।
    ਮੇਅਰ ਕਰਮਜੀਤ ਸਿੰਘ ਰਿੰਟੂ ਨੇ ਜਰੀ ਬਿਆਨ ਵਿੱਚ ਦੱਸਿਆ ਹੈ ਕਿ ਅਖਬਾਰਾਂ ਵਿਚ ਸਫਾਈ ਨਾਲ ਸਬੰਧਤ ਛਪ ਰਹੀਆਂ ਖਬਰਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਦ ਉਨਾਂ ਨੇ ਸ਼ਹਿਰ ਵਿੱਚ ਸਫਾਈ ਦੇ ਪ੍ਰਬੰਧ ਸਹੀ ਤਰੀਕੇ ਨਾਲ ਨਾ ਹੋਣ ਬਾਰੇ ਸਫਾਈ ਅਧਿਕਾਰੀਆਂ ਸਵਾਲ ਕੀਤਾ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕੂੜਾ ਚੁੱਕਣ ਵਾਲੀਆਂ ਦੋਨੋ ਕੰਪਨੀਆਂ ਆਪਣਾ ਕੰਮ ਸਹੀ ਤਰ੍ਹਾਂ ਨਹੀਂ ਨਿਭਾਅ ਰਹੀਆਂ। ਜਿਸ ਨਾਲ ਸ਼ਹਿਰ ਵਿਚ ਗੰਦਗੀ ਦੇ ਢੇਰ ਕਈ ਵਾਰ ਲੱਗੇ ਰਹਿ ਜਾਂਦੇ ਹਨ।ਇਸ `ਤੇ ਉਨਾ ਨੇ ਦੋਨਾਂ ਕੰਪਨੀਆਂ ਦੇ ਨੂਮਾਇੰਦਿਆਂ ਨੂੰ ਸਖਤ ਤਾੜਨਾ ਕੀਤੀ ਕਿ ਉਹ ਆਪਣੇ ਕੰਮ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਜੇਕਰ ਉਹਨਾਂ ਕੋਲੋਂ ਇਹ ਕੰਮ ਨਹੀਂ ਹੁੰਦਾ ਹੈ ਤਾਂ ਨਗਰ ਨਿਗਮ ਸਫਾਈ ਦੇ ਪ੍ਰਬੰਧ ਲਈ ਦੂਸਰੀਆਂ ਕੰਪਨੀਆਂ ਨੂੰ ਵੀ ਸੱਦਾ ਦੇ ਸਕਦੀ ਹੈ।
 ਮੇਅਰ ਨੇ ਆਖਿਆ ਹੈ ਕਿ ਅੰਮ੍ਰਿਤਸਰ ਸਾਹਿਬ ਇਕ ਪਵਿਤਰ ਸ਼ਹਿਰ ਹੈ ਜਿਸ ਦੀ ਸੇਵਾ ਕਿਸਮਤ ਵਾਲਿਆਂ ਨੂੰ ਹੀ ਮਿਲਦੀ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣਾ ਫਰਜ਼ ਸਮਝਦੇ ਹੋਏ ਸਾਰੇ ਸ਼ਹਿਰ ਨੁੰ ਹਰਾ-ਭਰਿਆ ਅਤੇ ਸਾਫ਼-ਸੁਥਰਾ ਰੱਖੀਏ।ਉਹਨਾਂ ਕਿਹਾ ਕਿ ਸਫਾਈ ਸਟਾਫ ਨੁੰ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਸ਼ਹਿਰ ਦੇ ਹਰ ਇਕ ਕੌਣੇ ਵਿਚੋਂ ਗੰਦਗੀ ਦੇ ਢੇਰ ਸਾਫ਼ ਕਰਵਾਉਣ।ਕਿਉਂਕਿ ਉਹ ਭਵਿੱਖ ਵਿਚ ਕਿਸੇ ਵੇਲੇ ਵੀ ਸਫਾਈ ਦਾ ਪ੍ਰਬੰਧ ਦੇਖਣ ਲਈ ਸ਼ਹਿਰ ਦਾ ਦੌਰਾ ਕਰ ਸਕਦੇ ਹਨ ਅਤੇ ਕੰਮ ਵਿਚ ਕੁਤਾਹੀ ਕਿਸੇ ਵੀ ਪੱਧਰ `ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply