ਜੀ.ਕੇ ਨੇ ਮਨਜੋਤ ਦੀ ਸਿਵਲ ਪ੍ਰੀਖਿਆ ਤਿਆਰੀ ਦਾ ਖ਼ਰਚ ਭਰਨ ਦਾ ਕੀਤਾ ਐਲਾਨ
ਨਵੀਂ ਦਿੱਲੀ, 4 ਅਗਸਤ (ਪੰਜਾਬ ਪੋਸਟ ਬਿਊਰੋ) – ਨੋਇਡਾ ਦੀ ਸ਼ਾਰਦਾ ਯੂਨੀਵਰਸਿਟੀ `ਚ ਆਤਮਹੱਤਿਆ ਕਰਨ ਜਾ ਰਹੀ ਕੁੜੀ ਨੂੰ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਬਚਾਉਣ ਵਾਲੇ ਸਿੱਖ ਨੌਜਵਾਨ ਮਨਜੋਤ ਸਿੰਘ ਰੀਨ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਉਸ ਦੀ ਬਹਾਦਰੀ ਤੇ ਹੌਸਲੇ ਲਈ ਸਨਮਾਨ ਕੀਤਾ। ਨਾਲ ਹੀ ਮਨਜੋਤ ਦੀ ਸਿਵਲ ਪ੍ਰੀਖਿਆ ਤਿਆਰੀ ਲਈ ਲੱਗਣ ਵਾਲਾ ਸਾਰਾ ਖ਼ਰਚ ਆਪਣੇ ਆਪ ਅਤੇ ਦੋਸਤਾਂ ਦੇ ਵੱਲੋਂ ਚੁੱਕਣ ਦਾ ਵੀ ਜੀ.ਕੇ ਨੇ ਭਰੋਸਾ ਦਿੱਤਾ।
ਜੀ.ਕੇ ਨੇ ਕਿਹਾ ਕਿ ਮਨਜੋਤ ਨੇ 23 ਸਾਲ ਦੀ ਉਮਰ ਵਿੱਚ ਹੀ ਆਪਣੀ ਦਲੇਰੀ ਦਿਖਾ ਕੇ ਆਪਣੇ ਮਾਤਾ-ਪਿਤਾ, ਕੌਮ,ਦੇਸ਼ ਅਤੇ ਆਪਣੀ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਛੱਜੇ ਦੇ ਬਿਲਕੁੱਲ ਕੰਡੇ ਤੋਂ ਕੁੱਦ ਰਹੀ ਕੁੜੀ ਨੂੰ ਬਚਾਉਣ ਦਾ ਜੋਖ਼ਮ ਲੈ ਕੇ ਮਨਜੋਤ ਨੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਦੀ ਪ੍ਰਵਾਹ ਨਹੀਂ ਕਰ ਕੇ ਗਜ਼ਬ ਦੀ ਹਿੰਮਤ ਵਿਖਾਈ ਹੈ।ਹਾਲਾਂਕਿ ਮਨਜੋਤ ਦੀ ਇਹ ਗੁਸਤਾਖ਼ੀ ਉਸ ਦੀ ਆਪਣੀ ਜ਼ਿੰਦਗੀ ਉੱਤੇ ਭਾਰੀ ਪੈ ਸਕਦੀ ਸੀ। ਪਰ ਗੁਰੂ ਸਿਧਾਂਤ ਦੇ ਫ਼ਲਸਫ਼ੇ ਉੱਤੇ ਮਨਜੋਤ ਨੇ ਆਂਚ ਨਹੀਂ ਆਉਣ ਦਿੱਤੀ ਅਤੇ ਮੁਸ਼ਕਲ ਵਿੱਚ ਖੜੀ ਕੁੜੀ ਨੂੰ ਜੀਵਨ ਦਾਨ ਦੇ ਕੇ ਸਮਾਜ ਦੇ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ।
ਮਨਜੋਤ ਨੇ ਦੱਸਿਆ ਕਿ ਜਦੋਂ ਉਸ ਨੇ ਮਾਨਸਿਕ ਤੌਰ `ਤੇ ਪ੍ਰੇਸ਼ਾਨ ਉਸ ਕੁੜੀ ਨੂੰ ਆਤਮਹੱਤਿਆ ਕਰਨ `ਤੇ ਉਤਾਰੂ ਵੇਖਿਆ ਤਾਂ ਪਹਿਲਾਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।ਪਰ ਉਸ ਦੇ ਨਹੀਂ ਮੰਨਣ ਉੱਤੇ ਪਲਕ ਝਪਕਦੇ ਹੀ ਉਸ ਦੇ ਵਲ ਵੱਧ ਕੇ ਉਸ ਨੂੰ ਝਪਟ ਲਿਆ।ਮਨਜੋਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਮੌਕਿਆਂ `ਤੇ ਤਮਾਸ਼ਬੀਨ ਬਣ ਕਰ ਕੇ ਵੀਡੀਓ ਬਣਾਉਣ ਦੀ ਬਜ਼ਾਏ ਪੀੜਿਤ ਨੂੰ ਬਚਾਉਣ ਲਈ ਅੱਗੇ ਆਉਣ ਤੇ ਸਿੱਖ ਨੌਜਵਾਨ ਨਸ਼ੇ ਨੂੰ ਦਰਕਿਨਾਰ ਕਰ ਕੇ ਬਾਣੀ ਅਤੇ ਬਾਣੇ ਨਾਲ ਜੁੜਣ।
ਇੱਥੇ ਦੱਸਣਾ ਬਣਦਾ ਹੈ ਕਿ ਜੰਮੂ ਦਾ ਰਹਿਣ ਵਾਲਾ ਮਨਜੋਤ ਸ਼ਾਰਦਾ ਯੂਨੀਵਰਸਿਟੀ ਤੋਂ ਬੀ-ਟੇਕ ਦੀ ਪੜਾਈ ਕਰ ਰਿਹਾ ਹੈ।ਨਾਲ ਹੀ ਪੜਾਈ ਦਾ ਆਪਣਾ ਖ਼ਰਚ ਕੱਢਣ ਲਈ ਭੰਗੜਾ ਕੋਚ ਦੇ ਤੌਰ ਉੱਤੇ ਦਿੱਲੀ ਵਿੱਚ ਪਾਰਟ-ਟਾਈਮ ਕੰਮ ਕਰਦਾ ਹੈ।ਮਨਜੋਤ ਦੇ ਪਿਤਾ ਜੰਮੂ ਵਿੱਚ ਸਰਕਾਰੀ ਅਫ਼ਸਰ ਅਤੇ ਮਾਤਾ ਸਕੂਲ ਦੀ ਪ੍ਰਿੰਸੀਪਲ ਹੈ।ਇਸ ਮੌਕੇ ਨੌਜਵਾਂਾ ਆਗੂ ਸਤਬੀਰ ਸਿੰਘ ਗਗਨ, ਭੁਪਿੰਦਰ ਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਖ਼ਾਲਸਾ ਆਦਿ ਮੌਜੂਦ ਸਨ।
Punjab Post Daily Online Newspaper & Print Media