ਸਮਰਾਲਾ, 27 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਪਿੰਡ ਕੁਲੇਵਾਲ ਵਿਖੇ ਛਿੰਝ ਕਮੇਟੀ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਇਲਾਕਾ
ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ।ਇਸ ਸਬੰਧੀ ਸਰਪ੍ਰਸਤ ਸ਼ੇਰ ਸਿੰਘ ਨੰਬਰਦਾਰ, ਜਗਤਾਰ ਸਿੰਘ ਗੋਗੀ ਅਤੇ ਡਾਕਟਰ ਹਰਪਾਲ ਸਿੰਘ ਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਇਸ ਛਿੰਝ ਦੀ ਕੁਮੈਂਟਰੀ ਅਮਨ ਮਹੋਣ ਅਤੇ ਮੰਚ ਤੋਂ ਯਾਦਵਿੰਦਰ ਚੰਡਿਆਲਾ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ।ਰੈਫਰੀ ਦੀ ਭੂਮਿਕਾ ਗੁਰਦੀਪ ਸਿੰਘ ਤੱਖਰਾਂ, ਰਾਜੂ ਪਹਿਲਵਾਨ ਚੌਤਾ ਨੇ ਨਿਭਾਈ। ਪਹਿਲਵਾਨਾਂ ਦੇ ਜੋੜੇ ਬਣਾਉਣ ਦੀ ਸੇਵਾ ਪ੍ਰੇਮਵੀਰ ਸੱਦੀ, ਰਾਜੂ ਮੁਸ਼ਕਾਬਾਦ ਨੇ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਨਿਭਾਈ।
ਇਸ ਛਿੰਝ ਦੌਰਾਨ ਦੋ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਜਿਸ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਬੱਗਾ ਕੁਹਾਲੀ ਅਤੇ ਵਿਸ਼ਾਲ ਮਹਾਰਾਸ਼ਟਰ ਦਰਮਿਆਨ ਹੋਈ, ਜੋ ਬਹੁਤ ਹੀ ਕਾਂਟੇਦਾਰ ਸੀ।ਇਸ ਦੌਰਾਨ ਬੱਗਾ ਕੁਹਾਲੀ ਨੇ ਅਜਿਹਾ ਦਾਅ ਖੇਡਿਆ ਕਿ ਵਿਸ਼ਾਲ ਮਹਾਂਰਾਸ਼ਟਰ ਦੇ ਦੋਨੋਂ ਮੋਢੇ ਧਰਤੀ ਨਾਲ ਜਾ ਲਾਏ ਅਤੇ ਝੰਡੀ ਦੀ ਕੁਸ਼ਤੀ ਤੇ ਕਬਜਾ ਕਰ ਲਿਆ।ਦੂਜੀ ਝੰਡੀ ਦੀ ਕੁਸ਼ਤੀ ਮੋਨੂੰ ਉਟਾਲਾਂ ਅਤੇ ਲਾਲੀ ਫਗਵਾੜਾ ਦਰਮਿਆਨ ਹੋਈ, ਇਹ ਕੁਸ਼ਤੀ ਕਾਫੀ ਦਿਲਚਸਪ ਰਹੀ, ਜਿਸ ਵਿੱਚ ਦੋਨਾਂ ਪਹਿਲਵਾਨਾਂ ਨੇ 20 ਮਿੰਟ ਦੇ ਆਪਣੇ ਦੰਗਲ ਦੌਰਾਨ ਆਪਣੀ ਈਨ ਨਹੀਂ ਮੰਨੀ।ਅਖੀਰ ਵਾਧੂ ਟਾਇਮ ਦੌਰਾਨ ਪੁਆਇੰਟਾਂ ਦੇ ਅਧਾਰ ਤੇ ਕੁਸ਼ਤੀ ਕਰਵਾਈ, ਜਿਸ ਵਿੱਚ ਮੋਨੂੰ ਉਟਾਲਾਂ ਨੇ ਪਹਿਲਾਂ ਪੁਆਇੰਟ ਬਣਾ ਕੇ ਝੰਡੀ ਦੀ ਕੁਸ਼ਤੀ ਤੇ ਕਬਜਾ ਕਰ ਲਿਆ।
ਇਸੇ ਤਰ੍ਹਾਂ ਹੋਰ ਮੁਕਾਬਲੇ ਵਿੱਚ ਕਾਕਾ ਢਿੱਲਵਾਂ ਨੇ ਬਿੰਦਰੀ ਆਲਮਗੀਰ ਦੀਆਂ ਗੋਡਣੀਆਂ ਲਵਾ ਕੇ ਕੁਸ਼ਤੀ ਮੁਕਾਬਲਾ ਜਿੱਤਿਆ।ਇਸ ਤੋਂ ਇਲਾਵਾ ਯੂਸਫ ਮਾਛੀਵਾੜਾ ਨੇ ਬੂਟਾ ਗਰਚਾ ਨੂੰ, ਸਨੀ ਮੰਗਲੀ ਨੇ ਸੋੋਨੂੰ ਨੂੰ, ਅਜੇ ਆਲਮਗੀਰ ਨੇ ਸਨੀ ਮੁਸ਼ਕਾਬਾਦ ਨੂੰ, ਪਰਮਿੰਦਰ ਨੇ ਰਾਜਕੁਮਾਰ ਨੂੰ ਕ੍ਰਮ ਵਾਰ ਚਿੱਤ ਕੀਤਾ।
ਇਸ ਤੋਂ ਇਲਾਵਾ ਗੁਰਸੇਵਕ ਮੁਸ਼ਕਾਬਾਦ ਤੇ ਬੌਬੀ ਖੰਨਾ ਬਰਾਬਰ ਰਹੇ।ਇਸੇ ਪਿੰਡ ਦੇ ਜੰਪਪਲ ਅਤੇ ਉਘੇ ਪਹਿਲਵਾਨ ਜੀਤ ਢਿੱਲਵਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਅਮਰੀਕ ਸਿੰਘ ਢਿੱਲੋਂ ਕਾਂਗਰਸੀ ਹਲਕਾ ਵਿਧਾਇਕ ਸਮਰਾਲਾ, ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ ਸਮਰਾਲਾ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਚੇਅਰਮੈਨ ਮਾਰਕਫੈਡ, ਜਤਿੰਦਰ ਸਿੰਘ ਜੋਗਾ ਸਰਪੰਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਜਮੇਰ ਸਿੰਘ ਪੂਰਬਾ ਮੈਂਬਰ ਬਲਾਕ ਸੰਮਤੀ, ਹਰਬੰਸ ਸਿੰਘ ਐਕਸੀਅਨ ਨਹਿਰੀ ਵਿਭਾਗ, ਵਰਿੰਦਰ ਸਿੰਘ ਸੇਖੋ,ਲਖਵਿੰਦਰ ਸਿੰਘ ਲਾਡੀ ਉਟਾਲਾਂ, ਰਾਜਵਿੰਦਰ ਕੌਰ ਸਰੰਪਚ, ਪ੍ਰਸਿੱਧ ਕਹਾਣੀਕਾਰ ਹਾਕਮ ਸਿੰਘ ਮੀਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਨੰਬਰਦਾਰ ਸ਼ੇਰ ਸਿੰਘ ਸਰਪ੍ਰਸਤ, ਜਗਤਾਰ ਸਿੰਘ, ਸੁਰਜੀਤ ਸਿੰਘ, ਬਲਦੇਵ ਸਿੰਘ, ਲਾਭ ਸਿੰਘ, ਅਮਰਜੀਤ ਸਿੰਘ, ਸਵਰਨਜੀਤ ਸਿੰਘ ਡਾ. ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਕਿਰਨਦੀਪ ਸਿੰਘ, ਗੁਰਦੀਪ ਸਿੰਘ ਬਾਠ, ਵਰਿੰਦਰ ਸਿੰਘ ਸੇਖੋਂ, ਰਵਿੰਦਰ ਸਿੰਘ ਸੇਖੋ ਆਦਿ ਤੋਂ ਇਲਾਵਾ ਪਿੰਡ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media