Tuesday, February 3, 2026

ਮੈਗਸਿਪਾ ਵੱਲੋਂ ਲਗਾਇਆ ਗਿਆ ਦੋ ਦਿਨਾ ਟ੍ਰੇਨਿੰਗ ਸੈਮੀਨਾਰ

PUNJ0209201904

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) –      ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਵੱਲੋਂ ਬੱਚਤ ਭਵਨ ਵਿਖੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸਰਵੋਤਮ (ਉਤਮ ਸੇਵਾ) ਜਨ ਹਿੱਤ ਲਈ ਪ੍ਰਦਾਨ ਕਰਨ ਲਈ ਦੋ ਦਿਨਾਂ ਟ੍ਰੇਨਿੰਗ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜਿਲੇ੍ਹ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
     ਸੈਮੀਨਾਰ ਦੀ ਸਮਾਪਤੀ `ਤੇ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਸਰਕਾਰੀ ਕਰਮਚਾਰੀ ਦਾ ਮੁੱਢਲਾ ਫ਼ਰਜ ਹੈ ਕਿ ਉਹ ਦਫਤਰ ਵਿਖੇ ਆਉਣ ਵਾਲੀ ਪਬਲਿਕ ਨੂੰ ਸਰਵੋਤਮ ਸੇਵਾ ਪ੍ਰਦਾਨ ਕਰਨ ਅਤੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀਆਂ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਆਏ ਹੋਏ ਲੋਕਾਂ ਦੀ ਕੰਮ ਨੂੰ ਪਹਿਲ ਦੇ ਅਧਾਰ `ਤੇ ਕਰਨਾ ਚਾਹੀਦਾ ਹੈ।ਜਿਹੜੇ ਕਰਮਚਾਰੀ ਆਪਣੇ ਸੇਵਾ ਕਾਲ ਦੌਰਾਨ ਵਧੀਆ ਕੰਮ ਕਰਦੇ ਹਨ ਉਨ੍ਹਾਂ ਦੀ ਹਮੇਸ਼ਾਂ ਲੋਕਾਂ ਦੇ ਦਿਲਾਂ ਵਿੱਚ ਛਾਪ ਰਹਿੰਦੀ ਹੈ ਤੇ ਆਪਣੀ ਜਿੰਦਗੀ ਵਿੱਚ ਸ਼ਾਂਤਮਈ ਜਿਊਂਦੇ ਹਨ।
     ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ: ਐਸ.ਪੀ ਜੋਸ਼ੀ (ਰਿਟਾਇਰ ਡੀ.ਸੀ.ਪੀ) ਰਿਜਨਲ ਪ੍ਰਾਜੈਕਟ ਡਾਇਰੈਕਟਰ ਮੈਗਸਿਪਾ ਜਲੰਧਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਰਕਸ਼ਾਪ ਦਾ ਮੁੱਖ ਉਦੇਸ਼ ਸਰਕਾਰੀ ਅਧਕਾਰੀਆਂ ਤੇ ਕਰਮਚਾਰੀਆਂ ਦੇ ਕੰਮ ਵਿੱਚ ਕੁਸ਼ਲਤਾ ਲਿਆਉਣਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਸਾਸ਼ਨਿਕ ਸੁਧਾਰਾਂ ਬਾਰੇ ਦਿੱਤੀ ਗਈ ਰਿਪੋਰਟ ਅਨੁਸਾਰ ਸਾਂਝ ਕੇਂਦਰ, ਸੁਵਿਧਾ ਸੈਂਟਰ, ਈ: ਆਫਿਸ ਸਬੰਧੀ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੁਸ਼ਲ ਬਣਾਇਆ ਜਾਣਾ ਹੈ।ਜੋਸ਼ੀ ਨੇ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਅਧਿਕਾਰੀਆਂ ਨੂੰ ਪਾਰਦਰਸ਼ਤਾ ਨਾਲ ਸਰਕਾਰੀ ਕੰਮ ਨੂੰ ਨੇਪਰੇ ਚਾੜ੍ਹਣ ਸਬੰਧੀ ਵੀ ਟ੍ਰੇਨਿੰਗ ਦਿੱਤੀ ਗਈ ਅਤੇ ਸੂਚਨਾ ਦਾ ਅਧਿਕਾਰ ਐਕਟ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਡਾ: ਊਸ਼ਾ ਕਪੂਰ ਪਿ੍ਰੰਸੀਪਲ ਰਿਟਾਇਰਡ ਜੀ.ਐਨ.ਡੀ.ਯੂ ਕਾਲਜ ਜਲੰਧਰ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਧਿਕਾਰੀਆਂ ਨੂੰ ਨਿਰਪੱਖ ਢੰਗ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ ਅਤੇ ਦਫਤਰ ਵਿਖੇ ਆਉਣ ਵਾਲੀ ਪਬਲਿਕ ਨੂੰ ਆਪਣਾ ਪੂਰਾ ਦਫਤਰੀ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਲੋਕ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਪ੍ਰਾਪਤ ਕਰ ਸਕਣ।ਰਾਜੀਵ ਮਦਾਨ ਐਡਵੋਕੇਟ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਟ੍ਰੇਨਿੰਗ ਲੈਣ ਵਾਲੇ ਅਧਿਕਾਰੀਆਂ ਕਰਮਚਾਰੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply