Wednesday, March 4, 2026

ਸਮਰਾਲਾ ਹਲਕੇ ਦੀਆਂ ਸੜਕਾਂ ਦੀ ਮਾੜੀ ਹਾਲਤ ਲਈ ਜਿੰਮੇਵਾਰ ਸਿਆਸੀ ਨੇਤਾਵਾਂ ਦਾ ਸਮਾਜਿਕ ਬਾਈਕਾਟ ਹੋਵੇ – ਦਿਆਲਪੁਰਾ

ਸਮਰਾਲਾ, 7 ਸਤੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ ਵਿਧਾਨ ਸਭਾ ਹਲਕਾ ਸਮਰਾਲਾ ਦੀ ਮਾੜੀ ਹਾਲਤ Jagtar Dialpuraਖਾਸ ਕਰਕੇ ਸੜਕਾਂ ਦੀ ਬੇਹੱਦ ਖਸਤਾ ਹਾਲਤ ਪੂਰੇ ਪੰਜਾਬ ਕੀ ਵਿਦੇਸ਼ਾਂ ਵਿੱਚ ਵੀ ਨਹੀਂ ਲੁਕੀ ਹੋਈ।ਜੇਕਰ ਸਮਰਾਲਾ ਹਲਕੇ ਦਾ ਕੋਈ ਪ੍ਰਵਾਸੀ ਵੀਰ ਪੰਜਾਬ ਆਉਣ ਵਾਰੇ ਸੋਚਦਾ ਹੈ ਤਾਂ ਸਭ ਤੋਂ ਪਹਿਲਾਂ ਫੋਨ ਕਰਕੇ ਇਹ ਪੁੱਛਦਾ ਹੈ ਕਿ ਸਮਰਾਲੇ ਹਲਕੇ ਦੀਆਂ ਸੜਕਾਂ ਦਾ ਕੁੱਝ ਬਣਿਆ? ਜਾਂ ਉਵੇਂ ਭੱਠ ਝੋਕ ਰਹੇ ਹੋ? ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਵਿਧਾਨ ਸਭਾ ਸਮਰਾਲਾ ਦੇ ਇੰਚਾਰਜ ਜਗਤਾਰ ਸਿੰੰਘ ਦਿਆਲਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।ਉਨਾਂ ਕਿਹਾ ਕਿ ਜੋ ਨੁਮਾਇੰਦੇ ਚੁਣੇ ਹੋਏ ਹਨ, ਉਹਨਾ ਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਦੀ ਕੋਈ ਸਾਰ ਨਹੀਂ? ਉਨ੍ਹਾਂ ਕਿਹਾ ਕਿ ਸਮਰਾਲਾ-ਖੰਨਾ ਅਤੇ ਸਮਰਾਲਾ-ਬੀਜਾ ਸੜਕਾਂ ਦੀ ਹਾਲਤ ਖਰਾਬ ਹੈ।ਜਿੰਨਾਂ ਨੂੰ  ਸੁਧਾਰਨ ਲਈ ਵੱਖ ਵੱਖ ਸਮਾਜਿਕ ਜਥੇਬੰਦੀਆਂ ਭੁੱਖ ਹੜਤਾਲਾਂ ਤੱਕ ਰੱਖ ਚੁੱਕੀਆਂ ਹਨ।ਇੱਕ ਸਾਲ ਪਹਿਲਾਂ ਪੰਜਾਬ ਸਰਕਾਰ ਦੇ ਪੀ.ਡਬਲਯੂ.ਡੀ ਮੰਤਰੀ ਗੜ੍ਹੀ ਦੇ ਪੁੱਲ ਕੋਲ ਸੜਕ ਬਣਾਉਣ ਦਾ ਉਦਘਾਟਨ ਕਰਨ ਦਾ ਢਗਵੰਜ਼ ਕਰ ਚੁੱਕੇ ਹਨ, ਪਰ ਹੋਇਆ ਕੁੱਝ ਨਹੀਂ।ਸਿਰਫ ਗੜੀ ਤੋਂ ਸਮਰਾਲਾ ਤੱਕ ਦੀ ਸੜਕ ਲੋਕ ਸਭਾ ਦੀਆਂ ਵੋਟਾਂ ਦੇ ਮੱਦੇਨਜ਼ਰ ਕੁੱਝ ਲਿਪਾ ਪੋਚੀ ਕੀਤੀ ਗਈ ਸੀ, ਵੋਟਾਂ ਖਤਮ ਹੁੰਦੇ ਸਾਰ ਸੜਕ ਦੀ ਮੁਰੰਮਤ ਦਾ ਕੰਮ ਬੰਦ।
             ਦਿਆਲਪੁਰਾ ਨੇ ਕਿਹਾ ਕਿ ਸਮਰਾਲਾ ਇਲਾਕੇ ਦੀਆਂ ਲਿੰਕ ਸੜਕਾਂ ਵੀ ਪਿੰਡਾਂ ਦੇ ਲੋਕਾਂ ਵਲੋਂ ਸੰਘਰਸ਼ ਕਰਨ ਨਾਲ ਕੁੱਝ ਕੁ ਬਣ ਚੁੱਕੀਆਂ ਹਨ, ਪਰ 70 ਫੀਸਦ ਸੜਕਾਂ ਦੇ ਪਾਏ ਹੋਏ ਰੋੜੇ ਲੋਕਾਂ ਨੂੰ ਅਜੇ ਵੀ ਮੂੰਹ ਚੜਾ ਰਹੇ ਹਨ।ਮਾਛੀਵਾੜਾ ਇਲਾਕੇ ਖਾਸ ਕਰਕੇ ਮਾਛੀਵਾੜਾ ਸਾਹਿਬ ਤੋਂ ਰੋਪੜ ਨੂੰ ਜਾਂਦੀ ਮੇਨ ਸੜਕ ਦੀ ਹਾਲਤ ਇਸ ਮੌਕੇ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਥੋਂ ਗੁਜਰਨ ਵਾਲੇ ਰਾਹਗੀਰ ਆਲੇ ਦੁਆਲੇ ਦੇ ਪਿੰਡਾਂ ਦੇ ਕੱਚੇ ਰਸਤਿਆਂ ਰਾਹੀਂ ਲੰਬਾ ਪੈਂਡਾ ਤੈਅ ਕਰਕੇ ਆਪਣੀ ਮੰਜਿਲ `ਤੇ ਪਹੁੰਚਦੇ ਹਨ।ਲੋਕ ਸਭਾ ਦੀਆਂ ਵੋਟਾਂ ਵੇਲੇ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਮਾਛੀਵਾੜਾ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਿੱਤਣ ਉਪਰੰਤ ਉਹ ਇਹ ਸੜਕ ਬਣਾਉਣਗੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸੜਕ ਬਣਾਉਣ ਦਾ ਵਾਅਦਾ ਕਰਕੇ ਗਏ ਸੀ।ਪ੍ਰੰਤੂ ਜਿੱਤਣ ਉਪਰੰਤ ਨਾ ਡਾ. ਅਮਰ ਸਿੰਘ ਪਰਤੇ, ਨਾ ਕੈਪਟਨ ਸਰਕਾਰ ਵਲੋਂ ਸੜਕ ਬਣਾਉਣ ਲਈ ਮਸ਼ੀਨਰੀ ਪਹੁੰਚੀ।
           ਜਗਤਾਰ ਸਿੰਘ ਦਿਆਲਪੁਰਾ ਨੇ ਸਮਰਾਲਾ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਉਹ ਇਲਾਕੇ ਦੀ ਮਾੜੀ ਲਈ ਜਿੰਮੇਵਾਰ ਇਨ੍ਹਾਂ ਸੱਤਾਧਾਰੀ ਸਿਆਸੀ ਨੇਤਾਵਾਂ ਦਾ ਸਮਾਜਿਕ ਬਾਈਕਾਟ ਕਰਨ। ਉਨ੍ਹਾਂ ਪੰਜਾਬ ਸਰਕਾਰ ਅਤੇ ਰਾਜਸੀ ਨੇਤਾਵਾਂ ਨੂੰ ਚਿਤਾਵਨੀ ਦਿੱਤੀ ਕਿ ਅਜਕਲ ਇਹ ਨੇਤਾ ਲੋਕ ਪਿੰਡਾਂ ਵਿੱਚ ਛਿੰਝਾਂ ਅਤੇ ਵੱਖ-ਵੱਖ ਸਮਾਗਮਾਂ ਦੌਰਾਨ ਮੁੱਖ ਮਹਿਮਾਨ ਬਣ ਕੇ ਜਾਂਦੇ ਹਨ, ਜੇਕਰ ਜਲਦੀ ਇਨ੍ਹਾਂ ਸੜਕਾਂ ਸਬੰਧੀ ਕੋਈ ਫੈਸਲਾ ਨਾ ਲਿਆ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਸਮਾਗਮਾਂ ਦੌਰਾਨ ਕਾਲੀਆਂ ਝੰਡੀਆਂ ਨਾਲ ਇਨ੍ਹਾਂ ਨੇਤਾਵਾਂ ਦਾ ਸਵਾਗਤ ਕਰਨਗੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply