ਲੌਂਗੋਵਾਲ, 12 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੁਨਾਮ ਵਿਖੇ ਪਿੰਡ ਖਡਿਆਲ ਦੇ ਦਲਿਤ ਭਾਈਚਾਰੇ ਨੂੰ ਹੱਡਾਰੋੜੀ ਦੀ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਹੇਠ ਐਸ.ਡੀ.ਐਮ ਸੁਨਾਮ ਨੂੰ ਮੰਗ ਪੱਤਰ ਸੌਂਪਿਆ ਗਿਆ।ਇਹ ਮੰਗ ਪੱਤਰ ਤਹਿਸੀਲਦਾਰ ਮਨਮੋਹਣ ਸਿੰਘ ਨੇ ਪ੍ਰਾਪਤ ਕੀਤਾ।ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਜੇਕਰ ਪਿੰਡ ਖਡਿਆਲ ਵਿਖੇ ਦਲਿਤ ਪਰਿਵਾਰਾਂ ਦੇ ਘਰਾਂ ਵਿਚੋਂ ਜਲਦ ਹੀ ਹੱਡਾਰੋੜੀ ਨੂੰ ਨਾ ਚੁੱਕਵਾਇਆ ਗਿਆ ਤਾਂ ਉਹ ਸੰਘਰਸ਼ ਤਿੱਖਾ ਕਰਨ ਤੋਂ ਗੁਰੇਜ ਨਹੀਂ ਕਰਨਗੇ।ਉਨਾ ਕਿਹਾ ਕਿ ਹੱਡਾਰੋੜੀ ਸੰਘਣੀ ਆਬਾਦੀ ਵਿੱਚ ਹੋਣ ਕਰ ਕੇ ਹੱਡਾਰੋੜੀ ਵਾਲੇ ਖੁੰਖਾਰ ਕੁੱਤੇ ਜਿਥੇ ਜਿਉਂਦੇ ਪਸ਼ੂਆਂ ਦਾ ਨੁਕਸਾਨ ਕਰਦੇ ਹਨ, ਉਥੇ ਹੀ ਬੱਚਿਆਂ, ਔਰਤਾਂ, ਬਜਰਗਾਂ ਨੂੰ ਜਖਮੀ ਕਰ ਦਿੰਦੇ ਹਨ। ਇਸ ਅਬਾਦੀ ਦੇ ਰਹਿਣ ਵਾਲੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਹੈ।ਘਰਾਂ ਕੋਲ ਬਹੁਤ ਜਿਆਦਾ ਗੰਦੀ ਬਦਬੂ ਆਉਂਦੀ ਹੈ ਅਤੇ ਮਜਦੂਰ ਪਰਿਵਾਰਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ।ਪਸ਼ੂ ਸੁੱਟਣ ਤੋਂ ਰੋਕਣ `ਤੇ ਕਈ ਵਾਰ ਮਜਦੂਰਾਂ ਦੀ ਕੁੱਝ ਪੇਂਡੂ ਧਨਾਢਾਂ ਵਲੋਂ ਕੁੱਟਮਾਰ ਕੀਤੀ ਗਈ ਹੈ। ਜਿਨ੍ਹਾਂ ਤੇ ਪੁਲਿਸ ਕਰਵਾਈ ਕਰਨ ਤੋਂ ਕੰਨੀ ਕਤਰਾ ਰਹੀ ਹੈ।ਜੇਕਰ ਇਸ ਮਾਮਲੇ ਨੂੰ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਨਾ ਲਿਆ ਤਾਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਇਕ ਹਫਤੇ ਬਾਅਦ ਦਲਿਤ ਲੋਕਾਂ ਨੂੰ ਲਾਮਬੰਦ ਕਰਕੇ ਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਐਸ.ਡੀ.ਐਮ ਸੁਨਾਮ ਦੇ ਗੇਟ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਨਛੱਤਰ ਸਿੰਘ ਖਡਿਆਲ, ਕਰਨੈਲ ਸਿੰਘ ਕਾਲਾ, ਗੁਲਾਬ ਸਿੰਘ, ਸੁਖਪਾਲ ਸਿੰਘ, ਮੇਲਾ ਸਿੰਘ, ਬਿੱਲੁ ਸਿੰਘ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media