ਨਿਜ਼ਾਮਾਬਾਦ ਤੋਂ ਹੈਦਰਾਬਾਦ ਲਈ ਰਵਾਨਾ ਹੋਇਆ ਨਗਰ ਕੀਰਤਨ
ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ
ਅੰਤਰਰਾਸ਼ਟਰੀ ਨਗਰ ਕੀਰਤਨ ਬੀਤੀ ਰਾਤ ਤੇਲੰਗਾਨਾ ਦੇ ਨਿਜ਼ਾਮਾਬਾਦ ਵਿਖੇ ਰਾਤ ਦਾ ਵਿਸ਼ਰਾਮ ਕਰਨ ਮਗਰੋਂ ਅੱਜ ਅਗਲੇ ਪੜਾਅ ਹੈਦਰਾਬਾਦ ਲਈ ਖ਼ਾਲਸਈ ਸ਼ਾਨੋ-ਸ਼ੌਕਤ ਨਾਲ ਰਵਾਨਾ ਹੋ ਗਿਆ।ਹਰ ਰੋਜ਼ ਦੀ ਤਰ੍ਹਾਂ ਨਗਰ ਕੀਰਤਨ ਵਿਚ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ।ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਗਾਜੁਲਪੇਟ ਨਿਜ਼ਾਮਾਬਾਦ ਵਿਖੇ ਰਵਾਨਗੀ ਤੋਂ ਪਹਿਲਾਂ ਧਾਰਮਿਕ ਦੀਵਾਨ ਅੰਦਰ ਗੁਰਬਾਣੀ ਕੀਰਤਨ ਅਤੇ ਕਥਾ-ਵਿਚਾਰਾਂ ਹੋਈਆਂ।
ਬੀਤੇ ਕੱਲ੍ਹ ਨਿਜ਼ਾਮਾਬਾਦ ਵਿਖੇ ਭਾਰਤ ਸਰਕਾਰ ਦੇ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਵੀ ਨਗਰ ਕੀਰਤਨ ਦੇ ਸਵਾਗਤ ਲਈ ਪਹੁੰਚੇ।ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਸਥਾਨਕ ਸਿੱਖ ਪ੍ਰਤੀਨਿਧਾਂ ਅਤੇ ਸੰਗਤਾਂ ਨੇ ਵੀ ਨਗਰ ਕੀਰਤਨ ਵਿਚ ਭਰਵੀਂ ਸ਼ਮੂਲੀਅਤ ਕੀਤੀ।ਦੂਰ-ਦੁਰਾਡੇ ਤੋਂ ਵੀ ਸੰਗਤਾਂ ਨਗਰ ਕੀਰਤਨ ਵਿਚ ਹਾਜ਼ਰੀ ਭਰ ਰਹੀਆਂ ਹਨ।ਨਗਰ ਕੀਰਤਨ ਦੀ ਨਿਜ਼ਾਮਾਬਾਦ ਤੋਂ ਅੱਗੇ ਰਵਾਨਗੀ ਸਮੇਂ ਸਥਾਨਕ ਪੁਲਿਸ ਵੱਲੋਂ ਰਵਾਇਤੀ ਢੰਗ ਨਾਲ ਸਲਾਮੀ ਵੀ ਦਿੱਤੀ ਗਈ।
ਇਸ ਮੌਕੇ ਸਥਾਨਕ ਸੰਗਤਾਂ ਵਿੱਚ ਗਿਆਨੀ ਅਵਤਾਰ ਸਿੰਘ ਸ਼ੀਤਲ, ਦਰਸ਼ਨ ਸਿੰਘ ਸ਼ੌਂਕੀ, ਚਰਨਜੀਤ ਸਿੰਘ, ਜਗਜੀਵਨ ਸਿੰਘ, ਕੁਲਵਿੰਦਰ ਸਿੰਘ, ਜਸਪਾਲ ਸਿੰਘ, ਹਰਜੀਤ ਸਿੰਘ, ਮਨਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਦੇ ਪ੍ਰਬੰਧ ਵਿਚ ਸ਼ਾਮਲ ਵਧੀਕ ਮੈਨੇਜਰ ਪਰਮਜੀਤ ਸਿੰਘ, ਸੁਪਰਵਾਈਜ਼ਰ ਰਜਵੰਤ ਸਿੰਘ, ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਬਖ਼ਸ਼ੀਸ ਸਿੰਘ, ਗੁਰਲਾਲ ਸਿੰਘ ਆਦਿ ਮੌਜੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media