ਕਾਲਜ ਸਿਮਰਤੀਆਂ ਸਿਰਜਣ ਦੀ ਜਰਖ਼ੇਜ਼ ਭੂਮੀ ਹੁੰਦੀ ਐ – ਡਾ. ਸੁਰਜੀਤ ਪਾਤਰ
ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆ ਕੇ ਮੈਨੂੰ ਆਪਣੇ ਕਾਲਜ ਦੇ ਦਿਨ ਯਾਦ ਆ
ਗਏ, ਜਦੋਂ ਅਸੀਂ ਇੱਥੇ ਅਜ਼ੀਮ ਸ਼ਾਇਰਾਂ ਨੂੰ ਸੁਣਨ ਆਉਂਦੇ ਸੀ।ਵਿਦਿਆਰਥੀ ਅੱਜ ਸਾਨੂੰ ਸੁਣਨ ਆਏ ਨੇ, ਉਮੀਦ ਹੈ ਇਹ ਸਾਡਾ ਇਤਿਹਾਸ ਦੁਹਰਾਉਣਗੇ, ਸਾਨੂੰ ਆਪਣੇ ਚੇਤਿਆਂ ਵਿਚ ਯਾਦ ਰੱਖਣਗੇ। ਕਾਲਜ ਸਿਮਰਤੀਆਂ ਸਿਰਜਣ ਦੀ ਜਰਖ਼ੇਜ਼ ਭੂਮੀ ਹੁੰਦੀ ਐ। ਮੈਂ ਕਾਲਜਾਂ ਵਿਚ ਨਵੇਂ ਕਵੀਆਂ ਨੁੂੰ ਸੁਣਨ ਆਉਂਦਾ ਹਾਂ। ਜੇ ਮੈਂ ਸ਼ਾਇਰ ਨਾ ਹੁਮਦਾ ਤਾਂ ਮੈਂ ਇਕ ਚੰਗਾ ਸਰੋਤਾ ਹੋਣਾ ਸੀ।ਇਹ ਸ਼ਬਦ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਖ਼ਾਲਸਾ ਕਾਲਜ ਦੇ ਸੈਮੀਨਾਰ ਹਾਲ ’ਚ ਆਯੋਜਿਤ ਭਰਵੇਂ ਪੰਜਾਬੀ ਕਵੀ ਦਰਬਾਰ ਦੌਰਨ ਮੁੱਖ-ਮਹਿਮਾਨ ਵਜੋਂ ਬੋਲਦਿਆਂ ਕਹੇ।
ਇਹ ਕਵੀ ਦਰਬਾਰ ਕਾਲਜ ਵਿਖੇ ਪੰਜਾਬ ਕਲਾ ਪਰੀਸ਼ਦ ਚੰਡੀਗੜ੍ਹ ਅਤੇ ਏਕਮ ਸਾਹਿਤਕ ਮੰਚ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤੀ। ਇਸ ਮੌਕੇ ਪੰਜਾਬ ਭਰ ’ਚੋਂ 20 ਦੇ ਕਰੀਬ ਪੰਜਾਬੀ ਦੇ ਚੋਟੀ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਦਾ ਪਾਠ ਕਰਕੇ ਸਰੋਤਿਆਂ ਦੀ ਵਾਹ-ਵਾਹ ਖੱਟੀ।
ਡਾ. ਮਹਿਲ ਸਿੰਘ ਨੇ ਕਾਲਜ ਵਿਹੜੇ ਆਏ ਕਵੀਆਂ, ਕਾਲਜ ਵਿਦਿਆਰਥੀਆਂ ਅਤੇ ਸ਼ਹਿਰ ’ਚੋਂ ਵੱਡੀ ਗਿਣਤੀ ’ਚ ਪਹੁੰਚੇ ਕਾਵਿ-ਪ੍ਰੇਮੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਕਾਲਜ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਤਰੱਕੀ ਅਤੇ ਬੇਹਤਰੀ ਵਾਸਤੇ ਹਮੇਸ਼ਾਂ ਤੱਤਪਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬੀ ਦੇ ਵੱਡੇ ਸਾਹਿਤਕਾਰ ਕਾਲਜ ਨਾਲ ਸਬੰਧਿਤ ਰਹੇ ਹਨ ਅਤੇ ਬੀਤੇ ਸਮੇਂ ’ਚ ਵੱਡੇ ਵੱਡੇ ਸਾਹਿਤਕ ਸਮਾਗਮ ਏਥੇ ਹੁੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਹਰ ਸੰਸਥਾ ਨੂੰ ਆਪਣੇ ਵਿਹੜੇ ’ਚ ਸੰਜੀਦਾ ਕਿਸਮ ਦੇ ਸਮਾਗਮ ਕਰਵਾਉਣ ਲਈ ਖੁੱਲ੍ਹਾ ਸੱਦਾ ਦਿੰਦਾ ਹੈ। ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਅਜਿਹੇ ਕਵੀ ਦਰਬਾਰ ਸਾਹਿਤਕ ਸਫਾਂ ’ਚ ਤਾਜ਼ਗੀ ਲਿਆਉਂਦੇ ਹਨ। ਵਿਦਿਆਰਥੀਆਂ ਦੇ ਜੀਵਨ ’ਚ ਸਾਹਿਤ ਉਸਾਰੂ ਭੂਮਿਕਾ ਨਿਭਾਉਂਦਾ ਹੈ। ਸਾਹਿਤ ਦੇ ਨਵੇਂ ਦੌਰਾਂ ਨੂੰ ਸਮਝਣ ਲਈ ਅਜਿਹੇ ਕਵੀ ਦਰਬਾਰਾਂ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ।
ਪੰਜਾਬੀ ਦੇ ਸਿਰਮੌਰ ਕਵੀਆਂ ਜਸਵੰਤ ਜ਼ਫਰ, ਡਾ. ਰਵਿੰਦਰ, ਦਰਸ਼ਨ ਬੁੱਟਰ, ਭਗਵਾਨ ਢਿੱਲੋਂ, ਹਰਮੀਤ ਵਿਦਿਆਰਥੀ, ਗੁਰਤੇਜ ਕੋਹਾਰਵਾਲਾ, ਸੁਹਿੰਦਰਬੀਰ, ਸੁਰਿੰਦਰਪ੍ਰੀਤ ਘਣੀਆਂ, ਪਾਲ ਕੌਰ, ਰਮਨ ਸੰਧੂ, ਨਰਿੰਦਰਪਾਲ ਕੰਗ, ਵਿਸ਼ਾਲ, ਪ੍ਰਵਾਸੀ ਕਵੀ ਕਰਨੈਲ ਸ਼ੇਰਗਿੱਲ, ਨਵਰੂਪ ਕੌਰ, ਅਜੀਤਪਾਲ ਮੋਗਾ, ਡਾ. ਖੁਸ਼ਵੀਨ, ਅਜੈਬ ਸਿੰਘ ਹੁੰਦਲ ਅਤੇ ਕਈ ਹੋਰ ਸਥਾਨਕ ਕਵੀਆਂ ਨੇ ਆਪਣਾ ਕਲਾਮ ਪੇਸ਼ ਕੀਤਾ।
ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਏਕਮ ਸਾਹਿਤਕ ਮੰਚ ਅੰਮ੍ਰਿਤਸਰ ਦੀ ਪ੍ਰਧਾਨ ਅਤੇ ਅੰਮ੍ਰਿਤਸਰ ਦੀ ਮਸ਼ਹੂਰ ਸ਼ਾਇਰਾ ਅਰਤਿੰਦਰ ਸੰਧੂ ਨੇ ਕਿਹਾ ਕਿ ਅੱਜ ਪੰਜਾਬੀ ਦੇ ਏਨੇ ਸਮਰੱਥ ਕਵੀਆਂ ਨੂੰ ਕਾਲਜ ’ਚ ਸੁਣ ਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਅਤੇ ਅਜਿਹੇ ਮਾਣਮੱਤੇ ਮੌਕੇ ਪੈਦਾ ਕਰਨ ਲਈ ਪੰਜਾਬ ਕਲਾ ਪਰਿਸ਼ਦ ਦੇ ਧੰਨਵਾਦੀ ਹਾਂ।
ਮੰਚ ਸੰਚਾਲਨ ਮੇਜ਼ਬਾਨ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕੀਤਾ।
ਸਮਾਗਮ ਨੂੰ ਨੇਪਰੇ ਚਾੜ੍ਹਨ ’ਚ ਵਿਭਾਗ ਦੇ ਅਧਿਆਪਕਾਂ ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ, ਡਾ. ਮਿੰਨੀ ਸਲਵਾਨ ਅਤੇ ਡਾ. ਹਰਜੀਤ ਕੌਰ ਦੇ ਨਾਲ-ਨਾਲ ਸਮੂਹ ਸਟਾਫ਼ ਮੈਂਬਰਾਂ ਦੀ ਭੂਮਿਕਾ ਅਹਿਮ ਰਹੀ। ਇਸ ਮੌਕੇ ਕਾਲਜ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ, ਵੱਖ-ਵੱਖ ਵਿਭਾਗਾਂ ਦੇ ਅਧਿਆਪਕ, ਵਿਦਿਆਰਥੀ, ਸ਼ਹਿਰ ਦੀਆਂ ਸਾਹਿਤ, ਕਲਾ ਅਤੇ ਅਕਾਦਮਿਕ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media