ਸੰਗਰੂਰ, 22 ਸਤੰਬਰ (ਪੰਜਾਬ ਪਸੋਟ – ਜਗਸੀਰ ਲੌਂਗੋਵਾਲ ) – ਮੀਡੀਆ ਦੇ ਇੱਕ ਹਿੱਸੇ ਵਿੱਚ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਦੇ ਸਬੰਧ ਵਿੱਚ
ਵਿਭਾਗ ਦੀ ਤਰਫੋਂ ਸਪੱਸ਼ਟੀਕਰਨ ਦਿੰਦਿਆਂ ਜਿਲ੍ਹਾ ਸਮਾਜਿਕ ਤੇ ਸੁਰੱਖਿਆ ਅਧਿਕਾਰੀ ਸੰਗਰੂਰ ਸਤੀਸ਼ ਕਪੂਰ ਨੇ ਦੱਸਿਆ ਕਿ ਪਿੰਡ ਨਦਾਮਪੁਰ ਵਿਖੇ ਇੱਕ ਪਰਿਵਾਰ ਦੇ 3 ਨੇਤਰਹੀਣ ਜੀਆਂ ਦੀ ਪੈਨਸ਼ਨ ਰੁਕਣ ਦੇ ਮਾਮਲੇ ਸਬੰਧੀ ਵਿਭਾਗੀ ਪੱਧਰ `ਤੇ ਦਸਤਾਵੇਜ਼ਾਂ ਦੀ ਪੜਤਾਲ ਕਰਨ `ਤੇ ਪਾਇਆ ਗਿਆ ਹੈ ਕਿ ਗੁਰਮੇਲ ਸਿੰਘ ਪੁੱਤਰ ਕਾਕਾ ਸਿੰਘ, ਗਿਆਨ ਸਿੰਘ ਪੁੱਤਰ ਕਾਕਾ ਸਿੰਘ ਅਤੇ ਕਰਨੈਲ ਕੌਰ ਪੁੱਤਰੀ ਕਾਕਾ ਸਿੰਘ ਦੀ ਸਾਲ 1995 ਵਿੱਚ ਪੈਨਸ਼ਨ ਦੇ ਫਾਰਮ ਤੇ ਡਾਕਟਰ ਦੀ ਰਿਪੋਰਟ ਦੇ ਆਧਾਰ `ਤੇ ਪੈਨਸ਼ਨ ਲੱਗੀ ਸੀ।
ਉਨ੍ਹਾਂ ਦੱਸਿਆ ਕਿ ਇਸ ਉਪਰੰਤ ਸਾਲ 2017 ਵਿੱਚ ਜਦੋਂ ਪੈਨਸ਼ਨਾਂ ਸਬੰਧੀ ਅਯੋਗ ਲਾਭਪਾਤਰੀਆਂ ਦੁਆਰਾ ਨਜਾਇਜ਼ ਤੌਰ `ਤੇ ਪੈਨਸ਼ਨ ਸੁਵਿਧਾ ਦਾ ਲਾਭ ਉਠਾਉਣ ਦੇ ਮਾਮਲੇ ਮੀਡੀਆ ਰਾਹੀਂ ਸਾਹਮਣੇ ਆਏ ਸਨ ਤਾਂ ਪੰਜਾਬ ਸਰਕਾਰ ਵਲੋਂ ਪੈਨਸ਼ਨਾਂ ਦੀ ਨਵੇਂ ਸਿਰਿਓ ਪੜਤਾਲ ਕਰਨ ਦੇ ਆਦੇਸ਼ ਦਿੱਤੇ ਗਏ ਸਨ।ਜਿਸ ਦੇ ਆਧਾਰ `ਤੇ ਬਿਨੈਕਾਰਾਂ ਕੋਲੋਂ ਪ੍ਰੋਫਾਰਮਿਆਂ ਦੇ ਨਾਲ ਨਵੇ ਸਿਰਿਓ ਲੋੜੀਂਦੇ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਸੀ।ਸਤੀਸ਼ ਕਪੂਰ ਨੇ ਦੱਸਿਆ ਕਿ ਸਬੰਧਤ ਪਰਿਵਾਰ ਕੋਲੋਂ ਸਰਕਾਰੀ ਟੀਮ ਨੇ ਅੰਗਹੀਣਤਾ ਸਰਟੀਫਿਕੇਟ ਦੀ ਮੰਗ ਕੀਤੀ ਸੀ, ਪਰ ਇਹ ਪਰਿਵਾਰ ਜਾਂ ਇਨ੍ਹਾਂ ਦਾ ਕੋਈ ਹੋਰ ਸਾਕ-ਸਬੰਧੀ ਲੋੜੀਂਦੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾ ਸਕਿਆ।ਪੈਨਸ਼ਨ ਲਗਾਉਣ ਲਈ ਵਿਭਾਗੀ ਪੱਧਰ `ਤੇ ਲੋੜੀਂਦੇ ਦਸਤਾਵੇਜ਼ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਪੈਨਸ਼ਨ ਪ੍ਰਕਿਰਿਆ ਮੁਕੰਮਲ ਨਹੀਂ ਹੋ ਸਕੀ।ਜਿਸ ਦੇ ਚੱਲਦਿਆਂ ਇਨ੍ਹਾਂ ਤਿੰਨ ਜੀਆਂ ਦੀ ਪੈਨਸ਼ਨ ਰੋਕ ਦਿਤੀ ਗਈ।
ਸਤੀਸ਼ ਕਪੂਰ ਨੇ ਦੱਸਿਆ ਕਿ 19 ਸਤੰਬਰ 2019 ਨੂੰ ਉਕਤ ਤਿੰਨਾਂ ਲਾਭਪਤਾਰੀਆ ਦੀ ਤਰਫੋਂ ਲੋੜੀਂਦੇ ਦਿਵਿਆਂਗਤਾ ਸਰਟੀਫਿਕੇਟ ਜ਼ਿਲ੍ਹਾ ਸਮਾਜਿਕ ਤੇ ਸੁਰੱਖਿਆ ਦਫ਼ਤਰ ਸੰਗਰੂਰ ਵਿਖੇ ਜਮ੍ਹਾਂ ਕਰਵਾ ਦਿੱਤੇ ਗਏ ਹਨ, ਜਿਸ ਦੇ ਚਲਦਿਆਂ ਹੁਣ ਇਨ੍ਹਾਂ ਦੀ ਪੈਨਸ਼ਨ ਨਿਯਮਤ ਤੌਰ `ਤੇ ਸ਼ੁਰੂ ਕਰ ਦਿੱਤੀ ਗਈ ਹੈ।
Punjab Post Daily Online Newspaper & Print Media