ਲੁਧਿਆਣਾ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਗਲੋਬਲ ਵਾਤਾਵਰਨ ਸਟਰਾਇਕ ਵਿੱਚ ਸ਼ਾਮਲ ਹੋਣ ਲਈ ਸੈਂਕੜੇ ਨੌਜਵਾਨਾਂ, ਸਕੂਲੀ
ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਮਾਪਿਆਂ ਸਮੇਤ ਵੱਖ-ਵੱਖ ਸੰਸਥਾਵਾਂ ਤੋਂ ਸਮਾਜ ਸੇਵੀ ਲੁਧਿਆਣਾ ਦੇ ਆਰਤੀ ਚੌਕ ਵਿੱਚ ਇਕੱਠੇ ਹੋਏ, ਜਿਨ੍ਹਾਂ ਨੇ ਵਧ ਰਹੇ ਹਵਾ ਪ੍ਰਦੂਸ਼ਣ ਦੇ ਸੰਕਟ ਨੂੰ ਉਜਾਗਰ ਕਰਨ ਦੇ ਨਾਲ ਨਾਲ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਕੀਤਾ ।
ਵਾਤਾਵਰਨ ਪ੍ਰੇਮੀਆਂ ਨੇ ਹੱਥਾਂ ਵਿੱਚ `ਮੇਰੀ ਸਹਾਇਤਾ ਕਰੋ, ਮੈਂ ਸਾਹ ਨਹੀਂ ਲੈ ਸਕਦਾ`, “ਪੰਜਾਬ ਦੀ ਰਜ਼ਾ ਸਾਫ ਹਵਾ”, “ਧੂਏ `ਤੇ ਲਾਓ ਸੈਂਸਰ, ਜੜੋਂ ਮੁਕਾਈਏ ਕੈਂਸਰ” ਵਰਗੇ ਸਲੋਗਨ ਫੜ ਕੇ ਪ੍ਰਚਾਰ ਕੀਤਾ ਅਤੇ ਨਾਅਰੇ ਲਾਏ।
ਇਸ ਇਕੱਠ ਦਾ ਆਯੋਜਨ ਈਕੋਸਿੱਖ ਸੰਸਥਾ ਵਲੋਂ 16 ਸਾਲ ਦੀ ਇਕ ਸਵੀਡਿਸ਼ ਲੜਕੀ ਗ੍ਰੇਟਾ ਥੰਨਬਰਗ, ਜਿਸ ਨੇ ਸਕੂਲੀ ਬੱਚਿਆਂ ਦੇ ਨਾਲ ਮਿਲ ਕੇ ਮੌਸਮ ਸੰਭਾਲ ਲਈ ਵਿਸ਼ਵਵਿਆਪੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਦੇ ਹੱਕ ਵਿੱਚ ਕੀਤਾ। ਹੁਣ ਤੱਕ 185 ਦੇਸ਼ਾਂ ਦੇ 40 ਲੱਖ ਵਿਦਿਆਰਥੀ ਸੜਕਾਂ `ਤੇ ਉਤਰੇ ਅਤੇ ਸਾਫ ਹਵਾ ਦੇ ਲਈ ਕੋਲਾ ਅਧਾਰਿਤ ਕਾਰੋਬਾਰ ਨੂੰ ਰੋਕਣ ਦੀ ਮੰਗ ਕੀਤੀ।ਈਕੋਸਿੱਖ ਵਲੋਂ ਆਯੋਜਿਤ ਕੀਤੇ ਗਏ ਇਕੱਠ ਵਿਚ ਸਕੂਲਾਂ ਅਤੇ ਸਮਾਜਸੇਵੀ ਸੰਸਥਾਵਾਂ ਸ਼ਲਾਘਾਯੋਗ ਦੀ ਹਾਜ਼ਰੀ ਸੀ ਜਿਨਾਂ ਵਿੱਚ ਕਲਗੀਧਰ ਸੀਨੀਅਰ ਸੈਕੰ. ਸਕੂਲ, ਸਰਗੋਧਾ ਸਕੂਲ, ਬੀ.ਸੀ.ਐਮ, ਦਿੱਲੀ ਪਬਲਿਕ ਸਕੂਲ, ਦੋਰਾਹਾ ਪਬਲਿਕ ਸਕੂਲ, ਦੋਰਾਹਾ ਕਾਲਜ ਆਫ਼ ਐਜੂਕੇਸ਼ਨ, ਰਿਆਨ ਇੰਟਰਨੈਸ਼ਨਲ, ਜੀ.ਐਨ.ਈ ਕਾਲਜ, ਓਰੋਬਿੰਦੋ ਕਾਲਜ ਅਤੇ ਸੰਸਥਾਵਾਂ ਵਿਚ, ਆਰ.ਬੀ.ਐਸ ਰੂਟਸ, ਹੈਲਪਿੰਗ ਹੈਂਡਜ਼, ਅਹਿਸਾਸ ਐਨ.ਜੀ.ਓ, ਸੰਭਾਵ, ਗਦਰੀ ਸ਼ਹੀਦ ਬਾਬਾ ਲਾਲ ਸਿੰਘ ਕਮੇਟੀ, ਏਕਨੂਰ ਅਤੇ ਕਿਡੀ ਸੰਗਤ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਨੁਮਾਇੰਦੇ ਮੌਜੂਦ ਸਨ।
ਈਕੋਸਿੱਖ ਵਲੋਂ ਚਲਾਈ ਗਈ ਮੁਹਿੰਮ ਦੀ ਪ੍ਰਬੰਧਕ ਸਰਪ੍ਰੀਤ ਕੌਰ ਨੇ ਕਿਹਾ, “ਵਧ ਰਹੇ ਪ੍ਰਦੂਸ਼ਣ ਕਾਰਨ ਤਬਾਹੀ ਬਹੁਤ ਤੇਜ਼ੀ ਨਾਲ ਆ ਰਹੀ ਹੈ ਪਰ ਸਾਡੀ ਕਾਰਵਾਈ ਬਹੁਤ ਹੌਲੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਹਵਾ ਦੀ ਗੁਣਵਤਾ ਪਹਿਲਾਂ ਹੀ 500 ਇੰਡੈਕਸ ਨੂੰ ਛੂਹ ਰਹੀ ਹੈ ਅਤੇ ਅੰਕੜੇ ਦਸਦੇ ਹਨ ਕਿ ਪਿਛਲੇ ਪੰਜ ਸਾਲਾਂ ਵਿਚ ਕੈਂਸਰ ਕਾਰਨ 34430 ਮੌਤਾਂ ਹੋਈਆਂ ਹਨ ਅਤੇ ਅਸੀਂ ਅਜੇ ਵੀ ਹਸਪਤਾਲਾਂ ਦਾ ਨਿਰਮਾਣ ਕਰ ਰਹੇ ਹਾਂ ਪਰ ਇਨ੍ਹਾਂ ਮੌਤਾਂ ਦੇ ਕਾਰਨਾਂ ਨੂੰ ਰੋਕ ਨਹੀਂ ਰਹੇ।” ਆਉਣ ਵਾਲੇ ਕੁੱਝ ਸਾਲਾਂ ਵਿੱਚ ਸਾਨੂੰ ਸ਼ੁੱਧ ਪਾਣੀ, ਅਤੇ ਸਾਫ ਸੁੱਥਰਾ ਵਾਤਾਵਰਨ ਨਹੀਂ ਮਿਲੇਗਾ, ਪਰ ਅਸੀਂ ਵਾਤਾਵਰਨ ਸੰਭਾਲ ਲਈ ਕੋਈ ਕਦਮ ਨਹੀਂ ਚੁੱਕ ਰਹੇ ।
ਔਰਬਿੰਦੋ ਕਾਲਜ ਦੇ 20 ਸਾਲਾ ਨੌਜਵਾਨ ਰਤਨਦੀਪ ਨੇ ਕਿਹਾ ਕਿ, “ਗਰੇਟਾ ਥੰਬਰਗ ਸਾਡੇ ਸਾਰਿਆਂ ਲਈ ਅੱਖਾਂ ਖੋਲ੍ਹਣ ਵਾਲੀ ਹੈ।ਸਾਨੂੰ ਆਪਣੀ ਹੋਂਦ ਬਚਾਉਣ ਲਈ ਪੰਜਾਬ ਵਿੱਚ ਇੱਕ ਵਧੀਆ ਜੰਗਲ ਲਾਉਣ ਦੀ ਜ਼ਰੂਰਤ ਹੈ।ਸਰਕਾਰ ਹਰ ਨਾਗਰਿਕ ਨੂੰ 15 ਮੁਫਤ ਬੂਟੇ ਦੀ ਪੇਸ਼ਕਸ਼ ਕਰ ਰਹੀ ਹੈ, ਪਰ ਰੁੱਖਾਂ ਦ ਿਸੰਬਾਲ ਲਈ ਕੋਈ ਫੰਡ ਨਹੀਂ ਹੈ ।ਪਿਛਲੇ ਸਾਲ ਪੰਜਾਬ ਵਿਚ ਅਕਤੂਬਰ ਦੇ 20 ਦਿਨਾਂ ਵਿਚ ਝੋਨੇ ਦੀ ਪਰਾਲੀ ਸਾੜਨ ਦੀਆਂ 44000 ਘਟਨਾਵਾਂ ਦਰਜ ਹੋਈਆਂ ਹਨ ਅਤੇ ਇਸ ਸਾਲ ਪਹਿਲਾਂ ਹੀ 117 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਹਨ। ਰਿਪੋਰਟਾਂ ਅਨੁਸਾਰ ਪੰਜਾਬ ਹਰ ਸਾਲ 2 ਕਰੋੜ ਟਨ ਪਰਾਲੀ ਅਤੇ 1.36 ਕਰੋੜ ਟਨ ਕੋਲਾ ਬਲਦਾ ਹੈ ਜੋ ਇਕ ਸਾਲ ਵਿਚ ਦਮਾ ਦੇ 87400 ਮਰੀਜ਼ਾਂ ਨੂੰ ਸ਼ਾਮਲ ਕਰਦਾ ਹੈ।ਹਵਾ ਪ੍ਰਦੂਸ਼ਣ ਕਾਰਨ ਭਾਰਤ ਵਿਚ ਹਰ ਸਾਲ 12.4 ਲੱਖ ਮੌਤਾਂ ਹੁੰਦੀਆਂ ਹਨ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਿਦਿਆਰਥੀ ਸੁਪ੍ਰੀਤ ਕੌਰ ਨੇ ਕਿਹਾ, ਕਿ ਸਮਾਂ ਆ ਗਿਆ ਹੈ ਜਦੋਂ ਸਾਨੂੰ ਵਾਤਾਵਰਨ ਸੰਭਾਲ ਲਈ ਕੰਮ ਕਰਨਾ ਚਾਹੀਦਾ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media