ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ
ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਮਾਨਮੱਤੀ ਸੰਸਥਾ ਹੈ।ਕੁੱਝ ਸਮਾਂ ਪਹਿਲਾਂ ਦਿੱਲੀ ਦੀ ਇਕ ਸਿਆਸੀ ਪਾਰਟੀ ਵੱਲੋਂ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਲੈ ਜਾਣ ਦਾ ਐਲਾਨ ਕੀਤਾ ਗਿਆ ਸੀ।ਪ੍ਰੰਤੂ ਉਸ ਤੋਂ ਕੁਝ ਸਮੇਂ ਬਾਅਦ ਆਪ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਵਿਖੇ ਲੈ ਕੇ ਜਾਣ ਦਾ ਐਲਾਨ ਕਰ ਦਿੱਤਾ ਗਿਆ।ਜਿਸ ਨਾਲ ਦਿੱਲੀ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਦੁਬਿਧਾ ਪੈਦਾ ਹੋ ਗਈ।ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਗਤਾਂ ਨੇ ਲਿਖਤੀ ਅਤੇ ਫੋਨ ਰਾਹੀਂ ਮਨਸ਼ਾ ਜਾਹਿਰ ਕੀਤੀ ਹੈ ਕਿ ਦਿੱਲੀ ਤੋਂ ਕੇਵਲ ਇੱਕ ਹੀ ਨਗਰ ਕੀਰਤਨ ਪੂਰੇ ਖਾਲਸਾਈ ਜਾਹੋ-ਜਲਾਲ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਸ੍ਰੀ ਨਨਕਾਣਾ ਸਾਹਿਬ ਲਿਜਾਇਆ ਜਾਵੇ।
ਪਤਾ ਲੱਗਾ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਵੀ ਕੇਵਲ ਇਕ ਹੀ ਨਗਰ ਕੀਰਤਨ ਨੂੰ ਪ੍ਰਵਾਨਗੀ ਮਿਲੀ ਹੈ।ਭਾਵੇਂ ਕਿ ਪਾਕਿਸਤਾਨ ਸਰਕਾਰ ਵੱਲੋਂ ਇਕ ਜਾਂ ਦੋ ਨਹੀਂ ਸਗੋਂ ਕਈ ਸਿੱਖ ਸੰਸਥਾਵਾਂ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਲਿਜਾਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਸੀ, ਕਿਉਂਕਿ ਸਿੱਖਾਂ ਦੀ ਹਰ ਸੰਸਥਾ ਇਤਿਹਾਸਕ ਅਸਥਾਨਾਂ ਅਤੇ ਤਖ਼ਤ ਸਾਹਿਬਾਨਾਂ ਤੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਦੇ ਰੂਪ ਵਿਚ ਜਾਣਾ ਲੋਚਦੀ ਹੈ।
ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਅਤੇ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਆਪ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 13 ਅਕਤੂਬਰ 2019 ਨੂੰ ਆਰੰਭ ਕੀਤਾ ਜਾਣ ਵਾਲਾ ਨਗਰ ਕੀਰਤਨ ਫਿਲਹਾਲ ਮੁਲਤਵੀ ਕੀਤਾ ਜਾਵੇ ਅਤੇ ਪੂਰੀ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਨਗਰ ਕੀਰਤਨ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇ।ਦਿੱਲੀ ਵਿਖੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਧਾਰਮਿਕ ਪ੍ਰੋਗਰਾਮ ਉਲੀਕਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਕ ਹੀ ਨਹੀਂ ਬਲਕਿ ਫਰਜ਼ ਅਤੇ ਜਿੰਮੇਵਾਰੀ ਵੀ ਹੈ।ਫਿਲਹਾਲ ਗੁਰਦੁਆਰਾ ਸ੍ਰੀ ਨਾਨਕ ਪਿਆਓ ਸਾਹਿਬ ਤੋਂ 28 ਅਕਤੂਬਰ 2019 ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜ ਪਿਆਰੇ ਸਾਹਿਬਾਨ ਅਤੇ ਸ਼ਾਮਿਲ ਸੰਗਤ ਦਾ ਵੱਧ ਤੋਂ ਵੱਧ ਸਨਮਾਨ ਤੇ ਸਵਾਗਤ ਕੀਤਾ ਜਾਵੇ।
ਆਪ ਨੇ ਸਿੱਖ ਸੰਗਤਾਂ ਵੱਲੋਂ ਦਿੱਤੀ ਮਾਇਆ ਅਤੇ (ਸੋਨੇ) ਆਦਿ ਦੀ ਸੇਵਾ ਨਾਲ ਪਾਕਿਸਤਾਨ ਵਿਖੇ ਸੋਨੇ ਦੀ ਪਾਲਕੀ ਤਿਆਰ ਕਰਵਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸਸ਼ੋਭਿਤ ਕਰਨ ਦਾ ਫੈਸਲਾ ਕੀਤਾ ਸੀ।ਉਸ ਵਿਚ ਸਿੱਖ ਸੰਗਤਾਂ ਨੇ ਆਪਣੀ ਸ਼ਰਧਾ ਮੁਤਾਬਿਕ ਇਸ ਕਾਰਜ ਲਈ ਮਾਇਆ ਤੇ ਸੋਨਾ ਭੇਟ ਕੀਤਾ, ਪਰ ਪਤਾ ਲੱਗਾ ਹੈ ਕਿ ਸੋਨੇ ਦੀ ਪਾਲਕੀ ਵੀ ਸਰਕਾਰਾਂ ਦੀ ਮਨਜ਼ੂਰੀ ਤੋਂ ਬਿਨ੍ਹਾਂ ਨਹੀਂ ਲਿਜਾਈ ਜਾ ਸਕਦੀ।ਕੁੱਝ ਸਾਲ ਪਹਿਲਾਂ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸੋਨੇ ਦੀ ਪਾਲਕੀ ਸ੍ਰੀ ਨਨਕਾਣਾ ਸਾਹਿਬ ਵਿਖੇ ਭੇਜੀ ਗਈ ਸੀ, ਜੋ ਅਜੇ ਤੀਕ ਵੀ ਵਰਤੋਂ ਵਿਚ ਨਹੀਂ ਆਈ ਤੇ ਕੰਪਲੈਕਸ ਵਿਚ ਪਈ ਹੈ।ਜਿਸ ਨੂੰ ਕਈ ਭੋਲੇ-ਭਾਲੇ ਸਿੱਖ ਮੱਥਾ ਟੇਕ ਕੇ ਮਨਮੱਤ ਕਰਦੇ ਹਨ।
ਚਾਹੀਦਾ ਤਾਂ ਇਹ ਹੈ ਕਿ ਇਨ੍ਹਾਂ ਪਾਲਕੀਆਂ ਦੀ ਬਜਾਏ ਅਸੀਂ ਵੱਧ ਤੋਂ ਵੱਧ ਮਾਇਆ ਪਾਕਿਸਤਾਨ ਵਿਚ ਰਹਿਣ ਵਾਲੇ ਗੁਰੂ ਨਾਨਕ ਨਾਮ ਲੇਵਾ ਲੋੜਵੰਦ ਸਿੱਖ ਬੱਚਿਆਂ ਦੀ ਪੜਾਈ ਲਈ ਖਰਚ ਕਰਦੇ ਜਿਸ ਨਾਲ ਕੌਮੀ ਲਾਭ ਹੁੰਦਾ ਅਤੇ ਨਾ ਹੀ ਸਿੱਖ ਸੰਗਤਾਂ ਦੇ ਮਨ੍ਹਾਂ ਨੂੰ ਠੇਸ ਪੁੱਜਦੀ।ਇਸ ਲਈ ਸੋਨੇ ਦੀ ਪਾਲਕੀ ਬਣਾਉਣ ਦਾ ਕਾਰਜ ਤੁਰੰਤ ਰੋਕਿਆ ਜਾਵੇ ਅਤੇ ਇਸ ਸੇਵਾ ਲਈ ਗੁਰਦੁਆਰਾ ਸਾਹਿਬ ਵਿਚ ਰੱਖੀਆਂ ਹੋਈਆਂ ਗੋਲਕਾਂ ਤੁਰੰਤ ਚੁਕਾਈਆਂ ਜਾਣ ਅਤੇ ਹੁਣ ਤੀਕ ਪਾਲਕੀ ਉਪਰ ਕਿੰਨਾ ਪੈਸਾ, ਕਿੰਨਾ ਸੋਨਾ ਸੰਗਤ ਵੱਲੋਂ ਆਇਆ ਹੈ ਅਤੇ ਕਿੰਨਾ ਖਰਚ ਹੋਇਆ ਹੈ, ਉਸ ਦੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ ਅਤੇ ਸਿੱਖ ਸੰਗਤ ਨੂੰ ਜਾਣਕਾਰੀ ਦੇਣ ਲਈ ਫਲੈਕਸ ਬੋਰਡ ‘ਤੇ ਵੇਰਵਾ ਦਿੱਤਾ ਜਾਵੇ।ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਪਾਲਕੀ ਸਾਹਿਬ ਸਸ਼ੋਭਿਤ ਕਰਨ ਦਾ ਫੈਸਲਾ ਸਿੱਖ ਚਿੰਤਕਾਂ ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਦੀ ਰਾਏ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਉਣ ਵਾਲੇ ਸਮੇਂ ਅੰਦਰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਲਿਆ ਜਾਵੇਗਾ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media