ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਸੰਬੰਧਿਤ ਅਕਾਲੀ ਆਗੂਆਂ ਖਿਲਾਫ ਕਾਰਵਾਈ ਮੰਗੀ
ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਉਣ ਵਾਲੇ ਅਕਾਲੀ ਦਲ ਨੇ ਧਾਰਮਿਕ ਸਮਾਗਮਾਂ ਵਿੱਚ ਰਾਜਨੀਤੀ ਕਰਨ ਦੀ ਪੁਰਾਣੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇੱਕ ਨਿੱਜੀ ਟੀ.ਵੀ ਚੈਨਲ `ਤੇ ਚਲ ਰਹੇ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਰੋਕ ਕੇ ਵਿਧਾਨ ਸਭਾ ਹਲਕਾ ਦਾਖਾ (ਲੁਧਿਆਣਾ) ਦੀ ਜਿਮਨੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਦੀ ਇਕ ਚੋਣ ਰੈਲੀ ਦਾ ਸਿੱਧਾ ਪ੍ਰਸਾਰਨ ਕਰਵਾਇਆ ਗਿਆ, ਜਿਸ ਨਾਲ ਸਿੱਧੇ ਕੀਰਤਨ ਪ੍ਰਸਾਰਨ ਦਾ ਅਨੰਦ ਮਾਣ ਰਹੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ।
ਔਜਲਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਥਿਤ ਤੌਰ `ਤੇ ਸ਼੍ਰੋਮਣੀ ਅਕਾਲੀ ਦਲ ਦੇ ਹਮਾਇਤੀ ਨਿੱਜੀ ਪੰਜਾਬੀ ਚੈਨਲ `ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਿੱਧਾ ਕੀਰਤਨ ਪ੍ਰਸਾਰਨ ਕੀਤਾ ਜਾ ਰਿਹਾ ਸੀ। ਦੁਪਹਿਰ 1 ਵੱਜ ਕੇ 49 ਮਿੰਟ `ਤੇ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਪ੍ਰਸਾਰਨ ਨੂੰ ਬੰਦ ਕਰਕੇ ਵਿਧਾਨ ਸਭਾ ਹਲਕਾ ਦਾਖਾ ਵਿਖੇ ਹੋ ਰਹੀ ਜ਼ਿਮਨੀ ਚੋਣ ਦੌਰਾਨ ਪਿੰਡ ਜੰਡੀ ਵਿਖੇ ਅਕਾਲੀ ਦਲ ਉਮੀਦਵਾਰ ਦੇ ਹੱਕ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਕੀਤੀ ਚੋਣ ਰੈਲੀ ਦਾ ਸਿੱਧਾ ਪ੍ਰਸਾਰਨ ਦਿਖਾ ਦਿੱਤਾ।ਔਜਲਾ ਨੇ ਕਿਹਾ ਕਿ ਕੀ ਅਕਾਲੀ ਆਗੂ ਆਪਣੇ ਆਪ ਨੂੰ ਗੁਰਧਾਮਾਂ ਤੋਂ ਵੀ ਉਪਰ ਸਮਝਦੇ ਹਨ? ਔਜਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਜੀਠੀਆ ਸਿੱਖ ਪ੍ਰੰਪਰਾਵਾਂ ਦੇ ਉਲਟ ਸਿਆਸੀ ਆਗਅੂਾਂ ਦੀ ਤਰੀਫ ਵਿੱਚ ਗੁਰਬਾਣੀ ਦੀਆਂ ਤੁਕਾਂ ਨਾਲ ਛੇੜਛਾੜ ਕਰ ਚੁੱਕੇ ਹਨ ਅਤੇ ਉਨਾਂ੍ਹ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਧਾਰਮਿਕ ਸਜ਼ਾ ਵੀ ਲਗਾਈ ਗਈ ਸੀ।ਔਜਲਾ ਨੇ ਕਿਹਾ ਕਿ ਸਿੱਖ ਪ੍ਰੰਪਰਾਵਾਂ ਦਾ ਘਾਣ ਕਰਨ ਵਾਲੇ ਅਕਾਲੀ ਆਗੂਆਂ ਨੂੰ ਪੰਜਾਬ ਦੀ ਜਨਤਾ ਪਹਿਲਾਂ ਵੀ ਨਕਾਰ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਿੱਖ ਭਾਵਨਾਵਾਂ ਨਾਲ ਖੇਡਣ ਵਾਲੇ ਅਕਾਲੀ ਆਗੂਆਂ ਨੂੰ ਢੁਕਵਾਂ ਜਵਾਬ ਦੇਣ ਲਈ ਤਿਆਰ ਹੈ।ਔਜਲਾ ਨੇ ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਕਿ ਗੁਰਬਾਣੀ ਪ੍ਰਸਾਰਨ ਨੂੰ ਰੋਕ ਕੇ ਚੋਣ ਰੈਲੀ ਦਿਖਾਉਣ ਦੀ ਜਾਂਚ ਕਰਕੇ ਅਕਾਲੀ ਆਗੂਆਂ ਨੂੰ ਤਲਬ ਕਰਕੇ ਉਨ੍ਹਾਂ ਖਿਲਾਫ ਸਿੱਖੀ ਸਿਧਾਂਤ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।
Punjab Post Daily Online Newspaper & Print Media