
ਸੰਗਰੂਰ/ ਲੌਂਗੋਵਾਲ, 31 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਹਰ ਸਾਲ ਦੀ ਤਰਾਂ ਗੁਰਦੁਆਰਾ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਸੰਗਰੂਰ ਵਿਖੇ ਭਗਤ ਨਾਮਦੇਵ ਜੀ ਦੇ 749ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜਾ ਧਾਰਮਿਕ ਸਮਾਗਮ 6 ਤੋਂ 8 ਨਵੰਬਰ ਤੱਕ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬਾਗੀ ਹੋਰਾਂ ਨੇ ਦੱਸਿਆ ਕਿ 6 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਅਰੰਭ ਉਪਰੰਤ ਸਵੇਰੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾਵੇਗਾ ਅਤੇ ਰਾਤ ਨੂੰ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਅੰਮ੍ਰਿਤਪਾਲ ਸਿੰਘ ਪੱਖੋ, ਭਾਈ ਰੁਪਿੰਦਰ ਸਿੰਘ ਮੋਗੇ ਵਾਲੇ ਅਤੇ ਭਾਈ ਕ੍ਰਿਸ਼ਨ ਸਿੰਘ ਹੀਰੋਂਕਲਾਂ ਦੇ ਜਥੇ ਕਥਾ-ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।7 ਨਵੰਬਰ ਨੂੰ ਸਵੇਰੇ ਅੰਤਰ ਸਕੂਲ ਸਬਦ ਗਾਇਨ ਅਤੇ ਦਸਤਾਰ ਸਜਾਉਣ ਮੁਕਾਬਲੇ ਕਰਵਾਏ ਜਾਣਗੇ।ਰਾਤ ਨੂੰ ਗੁਰਦੁਆਰਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਕੀਰਤਪੁਰੀ, ਉਘੇ ਵਿਦਵਾਨ ਪ੍ਰਿੰਸੀਪਲ ਡਾ. ਗੁਰਵੀਰ ਸਿੰਘ ਸੋਹੀ ਅਤੇ ਭਾਈ ਗੁਰਜੰਟ ਸਿੰਘ ਮਸਤੂਆਣਾ ਸਾਹਿਬ ਦੇ ਜਥੇ ਵਲੋਂ ਗੁਰ ਇਤਿਹਾਸ ਦੀ ਕਥਾ ਵੀਚਾਰ ਕਰਨਗੇ।8 ਨਵੰਬਰ ਨੂੰ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਰਮਨਦੀਪ ਸਿੰਘ ਕਨੇਡੀਅਨ ਅਤੇ ਭਾਈ ਤਰਸੇਮ ਸਿੰਘ ਪ੍ਰੀਤ ਦਾ ਢਾਡੀ ਜਥਾ ਸੰਗਤਾਂ ਨੂੰ ਨਾਮ ਬਾਣੀ ਜੋੜਨਗੇ।ਇਸੇ ਤਰਾਂ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਦੇ ਪ੍ਰਧਾਨ ਹਰਚੰਦ ਸਿੰਘ ਜੱਸਲ ਅਤੇ ਸੀਨੀਅਰ ਆਹੁਦੇਦਾਰ ਭਾਈ ਗੁਰਦੀਪ ਸਿੰਘ ਤੱਥਗੁਰ ਹੋਰਾਂ ਨੇ ਦੱਸਿਆ ਕਿ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ 6 ਤੋਂ 8 ਨਵੰਬਰ ਤੱਕ ਸਰਧਾਲੂ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਏ ਜਾਣਗੇ।
ਉਚ ਕੋਟੀ ਦੇ ਕਵੀਸ਼ਰ ਭਾਈ ਗੁਰਮੁੱਖ ਸਿੰਘ ਐਮ.ਏ ਦੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਦੀਪ ਸਿੰਘ ਦੇ ਜਥੇ ਰਾਤ ਦੇ ਦੀਵਾਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ।ਇਸ ਮੌਕੇ ਮੀਤ ਪ੍ਰਧਾਨ ਹਰਬੰਸ ਸਿੰਘ ਗਰਚਾ, ਮੈਨੇਜਰ ਮਨਜੀਤ ਸਿੰਘ ਬੇਦੀ, ਖ਼ਜ਼ਾਨਚੀ ਦੇਸ ਰਾਜ ਸਿੰਘ, ਰਜਿੰਦਰ ਸਿੰਘ ਤੱਗੜ, ਕੈਪਟਨ ਰੁਪਿੰਦਰ ਸਿੰਘ ਤੱਗੜ, ਬਲਦੇਵ ਸਿੰਘ ਰਤਨ, ਦਰਸਨ ਸਿੰਘ ਰਤਨ ਅਤੇ ਭਾਈ ਕੁਲਵੰਤ ਸਿੰਘ ਬੁਰਜ ਵੀ ਮੌਜੂਦ ਸਨ।
Punjab Post Daily Online Newspaper & Print Media