Saturday, June 20, 2026

550ਵਾਂ ਪ੍ਰਕਾਸ਼ ਪੁਰਬ ਸਾਂਝੇ ਤੌਰ ’ਤੇ ਮਨਾਉਣ ਦੀਆਂ ਕੋਸ਼ਿਸ਼ਾਂ ‘ਚ ਅੜਿੱਕੇ ਡਾਹ ਰਿਹਾ ਅਕਾਲੀ ਦਲ- ਕੈਪਟਨ

ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵਫਦ ਨੂੰ ਇਜਾਜ਼ਤ ਨਾ ਦੇਣ ਦੀ ਕੀਤੀ ਸਖ਼ਤ ਆਲੋਚਨਾ
ਡੇਰਾ ਬਾਬਾ ਨਾਨਕ/ ਸੁਲਤਾਨਪੁਰ ਲੋਧੀ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ PPNJ3110201916ਪਵਿੱਤਰ ਮੌਕੇ ਦਾ ਸਿਆਸੀਕਰਨ ਲਈ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸਾਧਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਇਤਿਹਾਸਕ ਦਿਹਾੜੇ ਨੂੰ ਸਾਂਝੇ ਤੌਰ ’ਤੇ ਮਨਾਉਣ ਦੇ ਯਤਨਾਂ ਵਿੱਚ ਅਕਾਲੀਆਂ ਵੱਲੋਂ ਅੜਿੱਕੇ ਡਾਹੇ ਜਾ ਰਹੇ ਹਨ।ਇਸ ਦੇ ਨਾਲ ਹੀ ਉਨਾਂ ਨੇ ਪੰਜਾਬ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਸਤੇ ਇਜਾਜ਼ਤ/ਵੀਜ਼ਾ ਦੇਣ ਤੋਂ ਇਨਕਾਰ ਕਰਨ ਦੀ ਸਖ਼ਤ ਆਲੋਚਨਾ ਕੀਤੀ।
          ਅੱਜ ਯਾਦਗਾਰੀ ਸਮਾਗਮਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਦਿਹਾੜੇ ਨੂੰ ਉਨਾਂ ਦੀ ਸਰਕਾਰ ਸਿਆਸੀ ਵਖਰੇਵਿਆਂ ਤੋਂ ਉਪਰ ਉੱਠ ਕੇ ਸਾਂਝੇ ਤੌਰ ’ਤੇ ਮਨਾਉਣਾ ਚਾਹੁੰਦੀ ਹੈ।ਉਨਾਂ ਕਿਹਾ ਕਿ ਇਹ ਸਮਾਗਮ ਸਾਂਝੇ ਰੂਪ ਵਿੱਚ ਮਨਾਉਣ ਲਈ ਸੂਬਾ ਸਰਕਾਰ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਹਰ ਹਥਕੰਡਾ ਵਰਤ ਕੇ ਇਨਾਂ ਕੋਸ਼ਿਸ਼ਾਂ ਨੂੰ ਲੀਹੋਂ ਲਾਹੁਣ ਦੀਆਂ ਘਟੀਆ ਚਾਲਾਂ ਚੱਲ ਰਿਹਾ ਹੈ।ਉਨਾਂ ਕਿਹਾ ਕਿ ਅਕਾਲੀ ਖਾਸ ਤੌਰ ’ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਘਟੀਆ ਪੱਧਰ ਦੀ ਸਿਆਸਤ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਲਈ ਉਨਾਂ ਦੀ ਸਰਕਾਰ ਨੇ 550 ਕਰੋੜ ਰੁਪਏ ਖਰਚੇ ਹਨ, ਜਦਕਿ ਅਕਾਲੀ ਦਲ ਅਤੇ ਉਸ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਵਲੋਂ ਇਸ ਪਵਿਤਰ ਮੌਕੇ ਨੂੰ ਸਿਆਸੀ ਡਰਾਮੇ ਦਾ ਰੂਪ ਦਿੱਤਾ ਜਾ ਰਿਹਾ ਹੈ।
           ਮੁੱਖ ਮੰਤਰੀ ਨੇ ਆਪਣੇ ਕੈਬਨਿਟ ਸਾਥੀਆਂ ਅਤੇ ਪੰਜਾਬ ਦੇ ਹੋਰ ਨੁਮਾਇੰਦਿਆਂ ਨੂੰ ਪਾਕਿਸਤਾਨ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਜਾਣ ਲਈ ਵੀਜ਼ਾ ਦੇਣ ਤੋਂ ਇਨਕਾਰ ਕਰਨ ਨੂੰ ਬਹੁਤ ਹੀ ਮੰਦਭਾਗਾ ਦੱਸਿਆ।
          ਉਨਾਂ ਕਿਹਾ ਕਿ ਧਾਰਮਿਕ ਸਮਾਗਮਾਂ ਮੌਕੇ ਸਿਆਸਤ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੈ।ਇਸ ਦੇ ਨਾਲ ਹੀ ਉਨਾਂ ਨੇ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂੂਾਂ ਲਈ ਤੈਅ ਕੀਤੀ 20 ਡਾਲਰ ਫੀਸ ਨੂੰ ਵਾਪਸ ਲੈਣ ਤੋਂ ਇਨਕਾਰ ਕਰਨ ’ਤੇ ਪਾਕਿਸਤਾਨ ਵਿਰੁੱਧ ਮੁੜ ਰੋਸ ਜ਼ਾਹਰ ਕੀਤਾ।ਉਨਾਂ ਨੇ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੂੰ ਸਿੱਖ ਭਾਵਨਾਵਾਂ ਤੇ ਰਵਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਫਰਾਖਦਿਲੀ ਦਿਖਾਉਣ ਲਈ ਆਖਿਆ।ਇਹ ਪੁੱਛੇ ਜਾਣ ’ਤੇ ਕਿ ਸ਼ਰਧਾਲੂਆਂ ਵਲੋਂ ਸੂਬਾ ਸਰਕਾਰ ਇਹ ਫੀਸ ਅਦਾ ਕਰਨ ਲਈ ਤਿਆਰ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਵਾਸਤੇ ਕਿਸੇ ਵੀ ਤਰਾਂ ਦੀ ਫੀਸ ਪਾਕਿਸਤਾਨ ਨੂੰ ਦੇਣ ਦੇ ਸਿਧਾਂਤਕ ਤੌਰ ’ਤੇ ਖਿਲਾਫ਼ ਹਨ।
            ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਪਾਕਿਸਤਾਨ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤੇ ਜਾਣ ਬਾਰੇ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਇਸ ਸਬੰਧ ਵਿੱਚ ਆਪਣੇ ਸਾਬਕਾ ਕੈਬਨਿਟ ਸਾਥੀ ਤੋਂ ਪੁੱਛਣ ਲਈ ਆਖਿਆ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਕਾਸ ਪ੍ਰੋਜੈਕਟਾਂ ਵਿਚੋਂ ਬਹੁਤਿਆਂ ਲਈ ਫੰਡ ਕੇਂਦਰ ਸਰਕਾਰ ਵਲੋਂ ਦਿੱਤੇ ਜਾਣ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਦਾਅਵਿਆਂ ਨੂੰ ਬਕਵਾਸ ਦੱਸਦਿਆਂ ਰੱਦ ਕਰ ਦਿੱਤਾ। ਉਨਾਂ ਕਿਹਾ ਕਿ ਕੇਂਦਰ ਨੇ ਸਿਰਫ਼ ਦੋ ਪ੍ਰੋਜੈਕਟਾਂ ਲਈ ਪੈਸਾ ਦਿੱਤਾ ਹੈ ਜਿਨਾਂ ਵਿਚੋਂ ਇਕ ਲਈ ਕੁੱਝ ਫੰਡ ਅਸ਼ੰਕ ਤੌਰ ’ਤੇ ਦਿੱਤੇ ਗਏ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ 550 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਬਾਕੀ ਸਮਾਗਮਾਂ ਲਈ ਹੋਰ ਫੰਡ ਖਰਚੇ ਜਾਣਗੇ।
           ਹਰਸਿਮਰਤ ਵੱਲੋਂ ਉਠਾਏ ਮੁੱਦੇ ਦੀ ਸਿਆਸਤਬਾਜ਼ੀ ਵਿੱਚ ਪੈਣ ਤੋਂ ਇਨਕਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਸਿੱਖ ਭਾਈਚਾਰੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜਦੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜਥਾ ਗੁਜ਼ਰ ਰਿਹਾ ਹੋਵੇਗਾ ਤਾਂ ਉਸ ਵੇਲੇ ਦੇਸ਼ ਦੇ ਉਪ ਰਾਸ਼ਟਰਪਤੀ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹੋਣਗੇ।
              ਮੁੱਖ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਖੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਜ਼ੀਰੋ ਲਾਈਨ ‘ਤੇ ਕਰਤਾਰਪੁਰ ਲਾਂਘੇ ਦੇ ਕੰਮ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਜੋ 9 ਨਵੰਬਰ ਨੂੰ ਸ਼ਰਧਾਲੂਆਂ ਲਈ ਖੁੱਲ ਰਿਹਾ ਹੈ।ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਸਾਰੇ ਕੰਮ ਮੁਕੰਮਲ ਕਰ ਲਏ ਗਏ ਹਨ।ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਨਿਗਰਾਨੀ ਹੇਠ ਲੈਂਡ ਪੋਰਟ ਅਥਾਰਟੀ ਦਾ ਇਟੇਗਰੇਟਿਡ ਚੈਕ ਪੋਸਟ ਦਾ ਕੰਮ ਹੀ ਚੱਲ ਰਿਹਾ ਹੈ ਜੋ 9 ਨਵੰਬਰ ਤੱਕ ਮੁਕੰਮਲ ਹੋ ਜਾਣ ਦੀ ਆਸ ਹੈ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply