ਕੈਪਟਨ ਸੰਧੂ ਅਤੇ ਚੰਨੀ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ
ਕਪੂਰਥਲਾ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਨਵੰਬਰ ਨੂੰ ਸੁਲਤਾਨਪੁਰ ਲੋਧੀ
ਵਿਖੇ ਸੇਵਾ ਨਿਭਾਅ ਕੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਕਰਨਗੇ।
ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਮੰਗਲਵਾਰ ਨੂੰ ਸੰਤ ਸਮਾਜ ਅਤੇ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿਚ ਸੇਵਾ ਨਿਭਾਅ ਕੇ ਸ੍ਰੀ ਗੁਰੂ ਗ੍ਰੰਥ ਦੀ ਆਰੰਭਤਾ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸਹਿਜ ਪਾਠ ਪੂਰੀ ਗੁਰ ਮਰਿਆਦਾ ਨਾਲ ਸੰਪਨ ਕਰਵਾਇਆ ਜਾਵੇਗਾ ਅਤੇ 12 ਨਵੰਬਰ ਨੂੰ ਮੁੱਖ ਪੰਡਾਲ ਵਿਚ ਹੀ ਇਸ ਦੇ ਭੋਗ ਪਾਏ ਜਾਣਗੇ।
5 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇਨ੍ਹਾਂ ਧਾਰਮਿਕ ਸਮਾਗਮਾਂ ਵਿਚ ਕੀਰਤਨ ਦਰਬਾਰ, ਸ਼ਾਨਦਾਰ ਲਾਈਟ ਤੇ ਸਾਊਂਡ ਸ਼ੋਅ ਅਤੇ ਹੋਰ ਸਮਾਗਮ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਪ੍ਰਮੁੱਖ ਸਿੱਖ ਵਿਦਵਾਨ ਸ਼ਿਰਕਤ ਕਰਨਗੇ।ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਮੁਫ਼ਤ ਰਿਹਾਇਸ਼ ਲਈ 35 ਹਜ਼ਾਰ ਦੀ ਸਮੱਰਥਾ ਵਾਲੀਆਂ ਤਿੰਨ ਟੈਂਟ ਸਿਟੀ ਬਣਾਏ ਗਏ ਹਨ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਪਵਿੱਤਰ ਨਗਰੀ ਵਿਖੇ ਸ਼ਰਧਾਲੂਆਂ ਲਈ ਪੀਣ ਵਾਲੇ ਪਾਣੀ ਦੇ ਮੁਫ਼ਤ ਏ.ਟੀ.ਐਮ, ਮੁਫ਼ਤ ਬੱਸ ਸਰਵਿਸ, ਮੁਫ਼ਤ ਈ-ਰਿਕਸ਼ਾ, ਮੁਫ਼ਤ ਸਾਈਕਲ ਸਰਵਿਸ ਅਤੇ ਹੋਰ ਸੁਵਿਧਾਵਾਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪਵਿੱਤਰ ਨਗਰੀ ਲਈ 400 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਲੋਕ ਅਰਪਣ ਕੀਤਾ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਨਵਤੇਜ ਸਿੰਘ ਚੀਮਾ, ਆਈ.ਜੀ ਨੌਨਿਹਾਲ ਸਿੰਘ, ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ, ਐਸ.ਐਸ.ਪੀ ਸਤਿੰਦਰ ਸਿੰਘ, ਡਾਇਰੈਕਟਰ ਸੈਰ-ਸਪਾਟਾ ਐਮ.ਐਸ ਜੱਗੀ, ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਤੇ ਗੁਰਮੀਤ ਸਿੰਘ ਮੁਲਤਾਨੀ, ਐਸ.ਡੀ.ਐਮ ਵਰਿੰਦਰ ਪਾਲ ਸਿੰਘ ਬਾਜਵਾ, ਡਾ. ਚਾਰੂਮਿਤਾ ਅਤੇ ਰਣਦੀਪ ਸਿੰਘ ਹੀਰ, ਮੇਲਾ ਅਫ਼ਸਰ ਸ੍ਰੀਮਤੀ ਨਵਨੀਤ ਕੌਰ ਬੱਲ ਅਤੇ ਹੋਰ ਹਾਜ਼ਰ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media