Wednesday, March 25, 2026

ਵਾਰਿਸ ਬਾਬੇ ਨਾਨਕ ਦਾ..

ਸਿੱਖਿਆ ਉਤੇ ਅਮਲ ਕਮਾਵੇ,
ਉਹ ਵਾਰਿਸ ਬਾਬੇ ਨਾਨਕ ਦਾ ।
ਰੋਟੀ ਹੱਕ-ਹਲਾਲ ਦੀ ਖਾਵੇ,
ਉਹ ਵਾਰਿਸ ਬਾਬੇ ਨਾਨਕ ਦਾ…

ਜੋ ਜ਼ਬਰ-ਜ਼ੁਲਮ ਕਰ ਲੁੱਟਦਾ ਏ,
ਗਲ਼ਾ ਗਊ-ਗਰੀਬ ਦਾ ਘੁੱਟਦਾ ਏ,
ਮੱਥਾ ਉਸ ਜ਼ਾਲਮ ਨਾਲ ਲਾਵੇ,
ਉਹ ਵਾਰਿਸ ਬਾਬੇ ਨਾਨਕ ਦਾ ।
ਸ਼ੀਂਹ-ਕੁੱਤੇ ਤੱਕ ਆਖ ਸੁਣਾਵੇ,
ਉਹ ਵਾਰਿਸ ਬਾਬੇ ਨਾਨਕ ਦਾ…

ਤਲੀ ਉਤੇ ਸਰ੍ਹੋਂ ਉਗਾਵੇ ਨਾ,
ਆਪਣੇ ਗੋਡੇ ਵੀ ਘੁਟਾਵੇ ਨਾ,
ਕੰਧ ਕਰਮ-ਕਾਂਡਾਂ ਦੀ ਢ੍ਹਾਵੇ,
ਉਹ ਵਾਰਿਸ ਬਾਬੇ ਨਾਨਕ ਦਾ ।
ਜੋ ਗਿਆਨ ਦੇ ਦੀਪ ਜਗਾਵੇ,
ਉਹ ਵਾਰਿਸ ਬਾਬੇ ਨਾਨਕ ਦਾ…

ਬਰਾਬਰ ਦੇ ਅਧਿਕਾਰ ਦਏ,
ਔਰਤ ਨੂੰ ਵੀ ਸਤਿਕਾਰ ਦਏ,
ਨਾ ਕੁੱਖ ਵਿੱਚ ਕਤਲ ਕਰਾਵੇ,
ਉਹ ਵਾਰਿਸ ਬਾਬੇ ਨਾਨਕ ਦਾ ।
ਪੱਤ ਰੱਖਦਾ ਜਾਨ ਗਵਾਵੇ,
ਉਹ ਵਾਰਿਸ ਬਾਬੇ ਨਾਨਕ ਦਾ…

ਲਾਲੋ ਹੱਥੋਂ ਵੀ ਕੋਧਰਾ ਚੱਖੇ,
ਗੁਰੂ-ਘਰ, ਮੜ੍ਹੀਆਂ ਇੱਕ ਰੱਖੇ,
ਜਾਤ-ਪਾਤ ਦਾ ਭੇਦ ਮਿਟਾਵੇ,
ਉਹ ਵਾਰਿਸ ਬਾਬੇ ਨਾਨਕ ਦਾ ।
ਭਾਈਚਾਰਕ ਸਾਂਝ ਵਧਾਵੇ,
ਉਹ ਵਾਰਿਸ ਬਾਬੇ ਨਾਨਕ ਦਾ…

ਖਾਂਦਾ ਪੀਂਦਾ ਨਾ ਐਵੇਂ ਰੋਏ
ਕਹਿਣੀ-ਕਰਣੀ ਦਾ ਪੂਰਾ ਹੋਏ,
`ਗੁਰਪ੍ਰੀਤ` ਵੀ ਸਦਕੇ ਜਾਵੇ,
ਉਹ ਵਾਰਿਸ ਬਾਬੇ ਨਾਨਕ ਦਾ ।
ਦਸਾਂ ਨਹੁੰਆਂ ਦੀ ਕਿਰਤ ਕਮਾਵੇ,
ਉਹ ਵਾਰਿਸ ਬਾਬੇ ਨਾਨਕ ਦਾ…
  Rangilpur 

 

 
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. 9855207071

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply