ਤਕਨੀਕੀ ਟੀਮ ਨੇ ਅਤਿ-ਆਧੁਨਿਕ ਯੰਤਰਾਂ ਰਾਹੀਂ ਕੁਲ ਲੋਕਾਈ ਨੂੰ ਦਿਖਾਏ ਇਤਿਹਾਸਕ ਪਲ
ਸੁਲਤਾਨਪੁਰ ਲੋਧੀ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰੂ
ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਕਿਨਾਰੇ ਸਥਾਪਿਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ ਅੱਜ ਕਰਵਾਏ ਪਵਿੱਤਰ ਸਮਾਗਮਾਂ ਨੇ ਜਿੱਥੇ ਹਾਜ਼ਰ ਸੰਗਤ ਨੂੰ ਰੂਹਾਨੀ ਰੰਗ ਵਿਚ ਰੰਗਿਆ, ਉਥੇ ਹੀ ਅਤਿ-ਆਧੁਨਿਕ ਤਕਨੀਕਾਂ ਨਾਲ ਦੇਸ਼ ਵਿਦੇਸ਼ ਵਿਚ ਬੈਠੀ ਸਿੱਖ ਸੰਗਤ ਨੇ ਘਰ ਬੈਠਿਆਂ ਲਾਈਵ ਸਮਾਗਮ ਦਾ ਆਨੰਦ ਮਾਣਿਆ।
ਬੜੇ ਹੀ ਸੁਚੱਜੇ ਤਰੀਕੇ ਨਾਲ ਵਿਉਤੇ ਤੇ ਸਜਾਏ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ ਇਲਾਹੀ ਕੀਰਤਨ ਤੇ ਹੋਰ ਧਾਰਮਿਕ ਪ੍ਰੋਗਰਾਮਾਂ ਦਾ ਸੰਗਤ ਦੀ ਠਾਠਾਂ ਮਾਰਦੀ ਇਕੱਤਰਤਾ ਨੇ ਆਨੰਦ ਮਾਣਿਆ। ਉਥੇ ਹੀ ਸਮਾਗਮਾਂ ’ਚ ਹਾਜ਼ਰ ਨਾ ਹੋ ਸਕੀ ਸੰਗਤ ਲਈ ਪੰਜਾਬ ਸਰਕਾਰ ਵੱਲੋਂ ਲਾਈਵ ਪ੍ਰੋਗਰਾਮਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਜਿਸ ਨਾਲ ਗੁਰੂ ਸਾਹਿਬ ਜੀ ਦੇ ਸੰਦੇਸ਼ ਨੂੰ ਸੋਸ਼ਲ ਮੀਡੀਆ ਅਤੇ ਵੱਖ ਵੱਖ ਟੀ.ਵੀ ਚੈਨਲਾਂ ਰਾਹੀਂ ਸੰਗਤ ਤੱਕ ਪਹੁੰਚਾਉਣ ਲਈ ਅਤਿ ਆਧੁਨਿਕ ਤਕਨੀਕ ਦੇ ਮਿਕਸਰ ਅਤੇ ਐਡਵਾਂਸ ਕੈਮਰਿਆਂ ਦੀ ਵਰਤੋਂ ਕੀਤੀ ਗਈ।
ਤਕਨੀਕੀ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿਚ ਜੀ.ਪੀ.ਐਸ ਆਧਾਰਿਤ 72 ਘੰਟੇ ਪ੍ਰਤੀ ਘੰਟੇ ਦੀ ਰਫ਼ਤਾਰ ਵਾਲਾ ਵਿਸ਼ੇਸ਼ ਡਰੋਨ, ਅਤਿ ਆਧੁਨਿਕ ਮਿਕਸਰ ਤੇ ਕੈਮਰਿਆਂ ਵਿਚ ਰੂਹਾਨੀ ਪਲਾਂ ਨੂੰ ਸੰਗਤ ਵਾਸਤੇ ਕੈਦ ਕੀਤਾ ਗਿਆ।ਮੁੱਖ ਪੰਡਾਲ ਵਿਚ ਲੱਗੀਆਂ ਵੱਡੀ ਗਿਣਤੀ ਐਲ.ਈ.ਡੀ ਸਕਰੀਨਾਂ ਰਾਹੀਂ ਦੇਸ਼ ਵਿਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਗੁਰਦੁਆਰਾ ਸਾਹਿਬਾਨਾਂ ਤੇ ਇਤਿਹਾਸ ਬਾਰੇ ਜਾਣਕਾਰੀ ਵੀ ਦਿੱਤੀ ਗਈ।
ਮੁੱਖ ਪੰਡਾਲ ਵਿਚ ਸਮਾਗਮਾਂ ਦਾ ਆਨੰਦ ਮਾਣ ਰਹੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਹੇਤਮ ਪੁਰਾ ਤੋਂ ਆਪਣੇ ਸਾਥੀਆਂ ਨਾਲ ਪੁੱਜੇ 62 ਸਾਲਾ ਹਰਜਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋੋਏ ਆਖਿਆ ਕਿ ਉਨ੍ਹਾਂ ਅਜਿਹਾ ਅਲੌਕਿਕ ਨਜ਼ਾਰਾ ਕਦੇ ਨਹੀਂ ਦੇਖਿਆ।ਉਸ ਨੇ ਕਿਹਾ ਕਿ ਅੱਜ ਦੇ ਧਾਰਮਿਕ ਸਮਾਗਮਾਂ ਨੇ ਰੂਹਾਨੀ ਰੰਗ ਚੜ੍ਹਾ ਦਿੱਤਾ ਤੇ ਸਾਰਾ ਆਲਮ ਬਾਬੇ ਨਾਨਕ ਦਾ ਗੁਣਗਾਣ ਕਰਦਾ ਪ੍ਰਤੀਤ ਹੋ ਰਿਹਾ ਹੈ ਤੇ ਇਨ੍ਹਾਂ ਸਮਾਗਮਾਂ ਤੋਂ ਜਾਣ ਨੂੰ ਜੀਅ ਨਹੀਂ ਕਰ ਰਿਹਾ।
ਬਟਾਲਾ ਨਾਲ ਸਬੰਧਤ 23 ਸਾਲਾ ਰੂਬਲਪ੍ਰੀਤ ਕੌਰ ਦਾ ਆਖਣਾ ਸੀ ਕਿ ਉਹ ਆਪਣੇ ਪੂਰੇ ਪਰਿਵਾਰ ਨਾਲ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿਚ ਹਾਜ਼ਰੀ ਭਰਨ ਪੁੱਜੀ ਹੈ। ਉਨ੍ਹਾਂ ਇਨ੍ਹਾਂ ਪ੍ਰੋਗਰਾਮਾਂ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਉਸ ਨੇ ਅਜਿਹਾ ਅਲੌਕਿਕ ਨਜ਼ਾਰਾ ਕਿਤੇ ਨਹੀਂ ਦੇਖਿਆ।ਉਸ ਨੇ ਆਖਿਆ ਕਿ ਮੁੱਖ ਪੰਡਾਲ ਵਿੱਚ ਚੱਲ ਰਹੇ ਰੂਹਾਨੀ ਸਮਾਗਮਾਂ ਨੇ ਅਧਿਆਤਮਕ ਸਕੂਨ ਤਾਂ ਦਿੱਤਾ ਹੀ ਹੈ, ਬਲਕਿ ਪੰਡਾਲ ਵਿੱਚ ਸਥਾਪਿਤ ਐਲਈਡੀ ਸਕਰੀਨਾਂ ਰਾਹੀਂ ਜਿਸ ਤਰ੍ਹਾਂ ਗੁਰੂ ਸਾਹਿਬ ਨਾਲ ਸਬੰਧਤ ਦੇਸ਼ ਵਿਦੇਸ਼ ਸਥਿਤ ਗੁਰਦੁਆਰਿਆਂ ਦਾ ਇਤਿਹਾਸ ਬਿਆਨਿਆ ਜਾ ਰਿਹਾ ਹੈ, ਉਹ ਉਪਰਾਲਾ ਵੀ ਬਾਕਮਾਲ ਹੈ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media