ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਵੱਖ-ਵੱਖ ਕੰਮਾਂ ਦੀ ਸਮੀਖਿਆ ਕਰਨ ਅਤੇ ਉਨਾਂ ਵਿਚ ਸੁਧਾਰ ਲਿਆਉਣ ਦੇ ਮਨਸ਼ੇ ਨਾਲ 17ਵੀਂ ਲੋਕ ਸਭਾ ਦੀ ਜਿਲ੍ਹਾ ਵਿਕਾਸ ਕੁਆਰਡੀਨੇਸ਼ਨ ਅਤੇ ਮੁਲਾਂਕਣ ਕਮੇਟੀ ਦੀ ਪਲੇਠੀ ਮੀਟਿੰਗ (ਦਿਸ਼ਾ) ਦੀ ਪ੍ਰਧਾਨਗੀ ਕਰਦੇ ਲੋਕ ਸਭਾ ਮੈਂਬਰ-ਕਮ-ਚੇਅਰਮੈਨ ਦਿਸ਼ਾ ਕਮੇਟੀ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਨੂੰ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜਰਵੇਟਰੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿੱਚ ਨਿਊਯਾਰਕ, ਪੈਰਿਸ, ਲੰਦਨ, ਮੈਡਰਾਇਡ, ਅਭੀਦੇਜਾਨ ਵਰਗੇ ਦੇਸ਼ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਇਸ ਕਮੇਟੀ ਤਹਿਤ ਸ਼ਹਿਰੀ ਖੇਤਰਾਂ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਨੁੰ ਕੰਟਰੋਲ ਕਰਨਾ ਹੈ ਅਤੇ ਇਸ ਲਈ ਫੰਡਜ ਵੀ ਮੁਹੱਈਆ ਕਰਵਾਉਣਾ ਹੈ।ਔਜਲਾ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨਕਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਕਮੇਟੀ ਦੀ ਮੀਟਿੰਗ 27 ਨਵੰਬਰ ਨੂੰ ਪੈਰਿਸ ਵਿੱਚ ਹੋਵੇਗੀ ਜਿਸ ਵਿੱਚ ਮੇਰੇ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।
ਉਨਾਂ ਸਪੱਸ਼ਟ ਕੀਤਾ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਸਮਾਰਟ ਸਿਟੀ, ਹਿਰਦੈ ਪ੍ਰੋਜੈਕਟ, ਅੰਮ੍ਰਿਤ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੱਲ ਰਹੇ ਕੰਮਾਂ ਦੀ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਕੰਮ ਦੀ ਕੁਆਲਟੀ ਬਾਰੇ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਖਡੂਰ ਸਾਹਿਬ ਦੇ ਲੋਕ ਸਭਾ ਮੈਂਬਰ-ਕਮ-ਕੋ-ਚੇਅਰਮੈਨ ਦਿਸ਼ਾ ਕਮੇਟੀ ਜਸਬੀਰ ਸਿੰਘ ਡਿੰਪਾ ਨੇ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਚੱਲ ਰਹੇ ਕੰਮਾਂ ਦਾ ਜਾਇਜਾ ਲਿਆ।ਡਿੰਪਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਕਿਹਾ ਕਿ ਅਸੀਂ ਗੁਰੂ ਦੀ ਨਗਰੀ ਵਿੱਚ ਸੇਵਾ ਨਿਭਾਅ ਰਹੇ ਹਾਂ ਸਾਨੂੰ ਆਪਣੀ ਡਿਊਟੀ ਸਮਝ ਕੇ ਨਹੀਂ ਬਲਕਿ ਸੇਵਾ ਭਾਵਨਾ ਵਜੋਂ ਨਿਭਾਉਣੀ ਚਾਹੀਦੀ ਹੈ।ਡਿੰਪਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਨਾ ਸਾੜਣ ਸਗੋਂ ਖੇਤਾਂ ਵਿੱਚ ਹੀ ਮਿਲਾ ਕੇ ਖੇਤੀ ਕਰਨ ਨੂੰ ਪਹਿਲ ਦੇਣ।
ਹਲਕਾ ਅਟਾਰੀ ਦੇ ਵਿਧਾਇਕ ਤਰਸੇਮ ਸਿੰਘ ਡੀ.ਸੀ ਅਤੇ ਹਲਕਾ ਵਿਧਾਇਕ ਉਤਰੀ ਸੁਨੀਲ ਦੱਤੀ ਨੇ ਵੀ ਆਪਣੇ ਆਪਣੇ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ, ਡਾ: ਸੁਖਚੈਨ ਸਿੰਘ ਗਿੱਲ ਪੁਲਸ ਕਮਿਸ਼ਨਰ, ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ, ਵਿਸ਼ੇਸ਼ ਸਾਰੰਗਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀਮਤੀ ਕੋਮਲ ਮਿੱਤਲ ਕਮਿਸ਼ਨਰ ਨਗਰ ਨਿਗਮ, ਡਾ. ਪ੍ਰਭਦੀਪ ਕੌਰ ਜੌਹਲ ਸਿਵਲ ਸਰਜਨ, ਦਿਨੇਸ਼ ਬੱਸੀ ਚੇਅਰਮੈਨ ਨਗਰ ਸੁਧਾਰ ਟਰੱਸਟ, ਦਲਬੀਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media