ਸਮਰਾਲਾ, 16 ਨਵੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਫਰੰਟ ਦੇ ਪ੍ਰਧਾਨ ਕਮਾਡੈਂਟ ਰਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਖਮਾਣੋਂ ਅਤੇ ਮਾਛੀਵਾੜਾ ਫਰੰਟ ਦੇ ਮੈਂਬਰਾਂ ਨੇ ਵੀ ਭਾਗ ਲਿਆ।ਸਵਿੰਦਰ ਸਿੰਘ ਨੇ ਪਿਛਲੇ ਮਹੀਨੇ ਦੌਰਾਨ ਫਰੰਟ ਵਲੋਂ ਨਿਪਟਾਏ ਗਏ ਤਿੰਨਾਂ ਕੇਸਾਂ ਬਾਰੇ ਦੱਸਿਆ।ਕੈਪਟਨ ਮਹਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜਕਲ ਟੈਲੀ ਮੀਡੀਆ ਜਿਆਦਾ ਵਿਕਾਊ ਹੋ ਗਿਆ ਹੈ, ਜੋ ਅਸਲੀਅਤ ਨੂੰ ਉਜਾਗਰ ਨਹੀਂ ਕਰਦਾ, ਸਿਰਫ ਤੇ ਸਿਰਫ ਰਾਜ ਨੇਤਾਵਾਂ ਦੇ ਹੱਕ ਵਿੱਚ ਬਿਆਨ ਜਾਰੀ ਕੀਤੇ ਜਾਂਦੇ ਹਨ।ਜੰਗ ਸਿੰਘ ਭੰਗਲਾਂ ਨੇ ਆਏ ਸਾਰੇ ਮੈਂਬਰਾਂ ਨੂੰ ‘ਜੀ ਆਇਆ’ ਆਖਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਸਾਰਿਆਂ ਨੂੰ ਵਧਾਈ ਦਿੰਦਿਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਕਿਹਾ।
ਅਵਤਾਰ ਸਿੰਘ ਉਟਾਲਾਂ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਕਵਿਤਾ ‘‘ਆ ਜਾਈਂ ਬਾਬਾ ਨਾਨਕ ਇੱਥੇ ਪਈ ਹੋਈ ਹੈ ਆਪਾ ਧਾਪੀ’’ ਸੁਣਾਈ।ਜਥੇਦਾਰ ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਬਹਿਲੋਲਪੁਰ ਰੋਡ ਉਪਰ ਪੁਲ ਬਣਾਓ ਕਮੇਟੀ ਨੂੰ ਹੜਤਾਲ ‘ਤੇ ਬੈਠੇ 73 ਦਿਨ ਹੋ ਗਏ ਹਨ।ਲੋਕਲ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ ਇਸ ਦਾ ਕਾਰਨ ਇਹ ਹੈ ਕਿ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨਾਲ ਸਿਵਲ ਪ੍ਰਸਾਸ਼ਨ ਦੀ ਮਿਲੀਭੁਗਤ ਜੱਗ ਜਾਹਰ ਹੋ ਰਹੀ ਹੈ।ਉਨ੍ਹਾਂ ਹੋਰ ਕਿਹਾ ਕਿ ਆਉਂਦੇ ਦਿਨਾਂ ਵਿੱਚ ਅਜਿਹੇ ਮਿਲੀਭੁਗਤ ਵਾਲੇ ਕੇਸ ਵੀ ਲੋਕਾਂ ਸਾਹਮਣੇ ਆਉਣ ਦੀ ਉਮੀਦ ਹੈ, ਜਿਸ ਰਾਹੀਂ ਸਪੱਸ਼ਟ ਹੋ ਜਾਣਾ ਹੈ ਕਿ ਆਮ ਲੋਕਾਂ ਸਬੰਧੀ ਕੋਈ ਨਹੀਂ ਸੋਚਦਾ, ਸਭ ਲੁੱਟਣ ਲੱਗੇ ਹੋਏ ਹਨ। ਪੈਨਸ਼ਨਰ ਸੰਘ ਦੇ ਕਨਵੀਨਰ ਪ੍ਰੇਮ ਸਾਗਰ ਨੇ ਕਿਹਾ ਸਰਕਾਰ ਨੇ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ, ਮੌਜੂਦਾ ਕਾਂਗਰਸ ਸਰਕਾਰ ਸਭ ਤੋਂ ਵੱਧ ਫੇਲ ਸਰਕਾਰ ਸਾਬਤ ਹੋਈ ਹੈ, ਜਿਹੜੀ ਸਰਕਾਰ ਬੱਢੇ ਲੋਕਾਂ ਦੀ ਸੰਭਾਲ ਨਹੀਂ ਕਰ ਸਕਦੀ, ਉਹ ਆਮ ਲੋਕਾਂ ਦੀ ਮਿੱਤ ਕਿਵੇਂ ਬਣੇਗੀ। ਜਿਸ ਸੂਬੇ ਵਿੱਚ ਬੁੱਢੇ ਪੈਨਸ਼ਨਰ ਆਪਣੀਆਂ ਹੱਕਾਂ ਮੰਗਾਂ ਸਬੰਧੀ ਰੋਸ ਰੈਲੀਆਂ ਅਤੇ ਹੜਤਾਲਾਂ ਕਰਨ ਲਈ ਮਜ਼ਬੂਰ ਹੋਣ, ਉਹ ਸੂਬਾ ਵਿਕਾਸ ਪੱਖੋਂ ਅੱਗੇ ਨਹੀਂ ਵੱਧ ਸਕਦਾ।
ਅਖੀਰ ਫਰੰਟ ਦੇ ਪ੍ਰਧਾਨ ਕਮਾਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ 550ਵੇਂ ਪ੍ਰ ਪੁਰਬ ਮੌਕੇ ਬਾਬੇ ਨਾਨਕ ਨੂੰ ਮੋਹਰਾ ਬਣਾ ਕੇ ਕੀਤੀ ਗਈ ਘਟੀਆ ਰਾਜਨੀਤੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਬਾਬਾ ਨਾਨਕ ਦੀਆਂ ਅਸਲ ਸਿਖਿਆਵਾਂ ਤੋਂ ਸੇਧ ਲੈਣੀ ਚਾਹੀਦੀ ਹੈ। ਬਾਬੇ ਨਾਨਕ ਨੇ ਤਾਂ ਸਾਰੀ ਦੁਨੀਆਂ ਤੁਰ ਕੇ ਗਾਹ ਦਿੱਤੀ ਸੀ ਅਤੇ ਹਮੇਸ਼ਾਂ ਮਿਹਨਤ ਕਰਨ ਦਾ ਹੋਕਾ ਦਿੱਤਾ ਸੀ।ਉਨ੍ਹਾਂ ਸਮਰਾਲਾ ਸ਼ਹਿਰ ਬਾਰੇ ਚਰਚਾ ਕਰਦਿਆਂ ਕਿਹਾ ਕਿ ਸਮਰਾਲਾ ਸ਼ਹਿਰ ਵਿੱਚ ਕੋਈ ਪਾਰਕ ਨਾ ਹੋਣ ਨੂੰ ਮੰਦਭਾਗਾ ਦੱਸਿਆ । ਉਨਾਂ ਕਿਹਾ ਕਿਸਮਰਾਲਾ ਪੰਜਾਬ ਦੀ ਸਭ ਤੋਂ ਪੁਰਾਣੀ ਤਹਿਸੀਲ ਹੋਣ ਦੇ ਬਾਵਜੂਦ ਆਪਣੀ ਹੋਂਦ ਗਵਾ ਰਿਹਾ ਹੈ, ਜੋ ਇੱਕ ਚਿੰਤਾ ਦਾ ਵਿਸ਼ਾ ਹੈ।
ਮੀਟਿੰਗ ਵਿੱਚ ਰਜਿੰਦਰ ਸਿੰਘ, ਪੇ੍ਰਮ ਨਾਥ, ਸੰਤ ਸਿੰਘ, ਬਲਦੇਵ ਸਿੰਘ ਖਮਾਣੋਂ, ਲਾਭ ਸਿੰਘ, ਸਵਰਨ ਸਿੰਘ ਖਮਾਣੋਂ, ਸੁਖਵਿੰਦਰ ਸਿੰਘ ਮਾਛੀਵਾੜਾ, ਬਲਬੀਰ ਸਿੰਘ ਚਹਿਲਾਂ, ਮਲਕੀਤ ਸਿੰਘ ਚਹਿਲਾਂ, ਕਰਨੈਲ ਸਿੰਘ ਚਹਿਲਾਂ, ਪ੍ਰਿਤਪਾਲ ਸਿੰਘ, ਦਰਸ਼ਨ ਸਿੰਘ ਕੰਗ, ਮਨਜੀਤ ਕੌਰ, ਰਵਿੰਦਰ ਕੌਰ ਆਦਿ ਸ਼ਾਮਲ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media