ਕੂੜੇ ਦੇ ਢੇਰਾਂ ਨੂੰ ਖੂਬਸੂਰਤ ਪਾਰਕ ਬਣਾਉਣ ’ਚ ਲੱਗਾ ਇਕ ਸਾਲ – ਡਿਪਟੀ ਕਮਿਸ਼ਨਰ
ਭੀਖੀ /ਮਾਨਸਾ, 22 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ
ਨੇ ਅੱਜ 33 ਏਕੜ ਦਾ ਵਿਸ਼ਾਲ ਸੈਂਟਰਲ ਪਾਰਕ ਮਾਨਸਾ ਦੇ ਲੋਕਾਂ ਨੂੰ ਸਮਰਪਿਤ ਕੀਤਾ। ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਅਤੇ ਉਨ੍ਹਾਂ ਦੀ ਟੀਮ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਕੂੜੇ ਦੇ ਢੇਰਾਂ ਨਾਲ ਭਰੇ ਇਸ ਸਥਾਨ ਨੂੰ ਮਾਨਸਾ ਦੇ ਆਕਰਸ਼ਨ ਕੇਂਦਰ ‘ਚ ਤਬਦੀਲ ਕਰਦਿਆਂ ਮੰਤਰੀ ਕਾਂਗੜ ਨੇ ਐਲਾਨ ਕੀਤਾ ਕਿ ਇਸ ਪਾਰਕ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਸੈਂਟਰਲ ਪਾਰਕ ਰੱਖਿਆ ਜਾਵੇਗਾ।
ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਪਾਰਕ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ, ਖਾਸ ਕਰਕੇ ਖੇਡਾਂ ਵਾਲੇ ਵਿਅਕਤੀਆਂ ਦੀ ਜਰੂਰਤ ਹੈ ਜਿੰਨ੍ਹਾਂ ਦੇ ਅਭਿਆਸ ਕਰਨ ਲਈ ਯੋਗ ਥਾਂ ਦੀ ਕਮੀ ਸੀ।ਉਨ੍ਹਾਂ ਵਿਸ਼ੇਸ਼ ਤੌਰ ‘ਤੇ ਪ੍ਰੋਜੈਕਟ ਮੁਖੀ ਅਵਤਾਰ ਸਿੰਘ ਨੱਤ, ਸੁਪਰਵਾਇਜ਼ਰ ਹਰਪਿੰਦਰ, ਅਰਸ਼ਦੀਪ ਸਿੰਘ, ਕੰਵਰ, ਮੋਹਨ ਅਤੇ ਹੋਰਨਾਂ ਦੇ ਅਣਥੱਕ ਯਤਨਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਪਾਰਕ ਵਿਚ ਸਵੀਮਿੰਗ ਪੂਲ, ਰੇਨ ਡਾਂਸ ਲਾਈਟਾਂ, ਮਿਊਜ਼ਿਕਲ ਫੁਹਾਰਾ, ਇਕ ਬਾਸਕਿਟਬਾਲ ਅਤੇ ਦੋ ਬੈਡਮਿੰਟਨ ਕੋਰਟ, ਯੋਗਾ ਹੱਟ, ਕਿਡਜ਼ ਪਲੇ ਜ਼ੋਨ, 1.5 ਕਿਲੋਮੀਟਰ ਲੰਬਾ ਪੈਦਲ ਅਤੇ ਸਾਇਕਲਿੰਗ ਟਰੈਕ, ਸਾਊਂਡ ਸਿਸਟਮ ਨਾਲ ਲੈਸ ਪੰਜਾਬੀ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਯਾਦਗਾਰੀ ਓਪਨ ਏਅਰ ਥੀਏਟਰ ਹੈ। ਇਸ ਤੋਂ ਇਲਾਵਾ ਪਾਰਕ ਵਿਚ 5 ਲੱਖ ਵਰਗ ਫੁੱਟ ਖੇਤਰ ਵਿਚ ਘਾਹ, 90 ਹਜ਼ਾਰ ਵਰਗ ਫੁੱਟ ਜ਼ਮੀਨ ਵਿਚ ਛੋਟੇ ਅਤੇ ਦਰਮਿਆਨੇ ਪੌਦੇ, ਲੋਕਾਂ ਦੇ ਬੈਠਣ ਲਈ ਬੈਂਚ ਲਗਾਏ ਗਏ ਹਨ।
ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਮਾਨਸਾ ਨਗਰ ਕਾਊਂਸਲ ਵਲੋਂ ਕੂੜਾ ਇਕੱਠਾ ਕਰਨ ਲਈ ਚਲਾਏ ਗਏ ਨਵੇਂ ਟਰੈਕਟਰ ਅਤੇ ਰੇਹੜ੍ਹੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਐਮ.ਐਲ.ਏ ਨਾਜਰ ਸਿੰਘ ਮਾਨਸ਼ਾਹੀਆ, ਸੀਨੀਅਰ ਕਾਂਗਰਸੀ ਲੀਡਰ ਅਜੀਤ ਇੰਦਰ ਸਿੰਘ ਮੋਫਰ, ਮਾਈਕਲ ਗਾਗੋਵਾਲ, ਪ੍ਰਧਾਨ ਨਗਰ ਕਾਊਂਸਲ ਮਾਨਸਾ ਮਨਦੀਪ ਗੋਰਾ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ (ਮੌਜੂਦਾ ਚਾਰਜ ਐਸ.ਡੀ.ਐਮ ਮਾਨਸਾ), ਐਸ.ਡੀ.ਐਮ ਸਰਦੂਲਗੜ੍ਹ ਰਾਜਪਾਲ ਸਿੰਘ, ਐਸ.ਪੀ ਕੁਲਦੀਪ ਸਿੰਘ ਸੋਹੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਸ਼ਿਸ਼ਟ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਵਾਇਸ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਰਾਮ ਸਿੰਘ, ਸੀ.ਈ.ਓ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਲਿਮਟਡ ਦੀ ਪੂਰੀ ਟੀਮ, ਵਿਕਾਸ ਸ਼ਰਮਾ ਅਤੇ ਹੋਰ ਪਤਵੰਤੇ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media