ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸ਼ੁਰੂ ਹੋਇਆ ਦੋ ਹਫਤਿਆਂ ਦਾ ਰਿਫਰੈਸ਼ਰ ਕੋਰਸ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਦੇਸ਼
ਵਿਚ ਉਚੇਰੀ ਸਿਖਿਆ ਨੂੰ ਲੈ ਕੇ ਮਾਪਿਆਂ ਵਿਚ ਵੱਧ ਰਹੀਆਂ ਚਿੰਤਾਵਾਂ ਅਤੇ ਚੇਤਾਵਨੀਆਂ `ਤੇ ਮੁੜ ਤੋਂ ਮੁਲਾਂਕਣ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਦੀ ਉਚੇਰੀ ਸਿਖਿਆ ਦੇ ਪ੍ਰਬੰਧ ਨੂੰ ਪਾਈਵੇਟ ਹੱਥਾਂ ਵਿਚ ਦਿੱਤੇ ਜਾਣਾ ਠੀਕ ਨਹੀਂ ਹੈ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ ਵਿਚ ਦੋ ਹਫਤਿਆਂ ਦੇ ਵਿਤ ਅਤੇ ਵਪਾਰ ਪ੍ਰਬੰਧ ਬਾਰੇ ਸ਼ੁਰੂ ਹੋਏ ਰਿਫਰੈਸ਼ਰ ਕੋਰਸ ਦੇ ਉਦਘਾਟਨੀ ਸਮਾਰੋਹ ਸਮੇਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਦੇਸ਼ ਵਿਚ ਉਚੇਰੀ ਸਿਖਿਆ ਦੇ ਵੱਖ ਵੱਖ ਹਲਾਤਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆਂ ਕਿ ਕਿਸੇ ਵੀ ਰਾਸ਼ਟਰੀ ਦੀ ਤਰੱਕੀ ਵਿਚ ਉਥੋਂ ਦਾ ਸਿਖਿਆ ਢਾਂਚਾ ਸਭ ਤੋਂ ਅਹਿਮ ਰੋਲ ਅਦਾ ਕਰਦਾ ਹੈ।ਅਜਿਹੀ ਸਥਿਤੀ ਵਿਚ ਦੇਸ਼ ਦੀ ਉਚੇਰੀ ਸਿਖਿਆ ਨੂੰ ਨਿੱਜੀ ਅਦਾਰਿਆਂ ਦੇ ਰਹਿਮੋ-ਕਰਮ ਉਪਰ ਨਹੀਂ ਛੱਡਿਆ ਜਾ ਸਕਦਾ।ਇਸ ਦੇ ਲਈ ਸਰਕਾਰੀ ਪੱਧਰ `ਤੇ ਉਸਾਰੂ ਨੀਤੀਆਂ ਹੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਚੇਰੀ ਸਿਖਿਆ ਦਾ ਪੱਧਰ ਹੋਰ ਉੱਚਾ ਹੋ ਸਕੇ। ਪ੍ਰੋ. ਸੰਧੂ ਨੇ ਕਿਹਾ ਕਿ ਸਿਖਿਆ ਸਮਾਜ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ।ਇਸ ਦੇ ਵਿਚ ਨਿੱਜੀ ਸਿਖਿਆ ਸੰਸਥਾਵਾਂ ਦੀ ਲਗਾਤਾਰ ਵੱਧ ਰਹੀ ਸੰਖਿਆ ਦੇਸ਼ ਦੇ ਸਿਖਿਆ ਢਾਂਚੇ ਨੂੰ ਵਿਗਾੜ ਕੇ ਰੱਖ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਜਰੂਰੀ ਹੈ ਕਿ ਸਰਕਾਰ ਉਚੇਰੀ ਸਿਖਿਆ ਨੂੰ ਮਜਬੂਤ ਕਰਨ ਦੇੇ ਲਈ ਖੁੱਲ੍ਹੇ ਦਿਲ ਦੇ ਨਾਲ ਲੋੜੀਂਦੇ ਫੰਡ ਮੁਹਈਆ ਕਰਵਾਏ ਤਾਂ ਹੀ ਦੇਸ਼ ਦੀ ਸਿਖਿਆ ਨੂੰ ਵਿਸ਼ਵ ਪੱਧਰੀ ਸਿਖਿਆ ਦੇ ਬਰਾਬਰ ਲਿਆਂਦਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿਤ ਅਧਿਐਨ ਸਕੂਲ ਦੇ ਪ੍ਰੋਫੈਸਰ ਅਤੇ ਪ੍ਰੋਫੈਸਰ ਇੰਚਾਰਜ ਵਿਤ ਤੇ ਵਿਕਾਸ, ਡਾ. ਬਲਵਿੰਦਰ ਸਿੰਘ ਨੇ ਵਾਈਸ ਚਾਂਸਲਰ ਦਾ ਇਥੇ ਪੁੱਜਣ `ਤੇ ਬੂਟੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਅਤੇ ਸ਼ੁਰੂ ਹੋਏ ਰਿਫਰੈਸ਼ਰ ਕੋਰਸ ਸਬੰਧੀ ਜਾਣਕਾਰੀ ਦਿੱਤੀ।ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਥਾਰਟੀ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਹੀ ਯੂਨੀਵਰਸਿਟੀ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ।ਇਹ ਕੋਰਸ ਯੂਨੀਵਰਸਿਟੀ ਦੇ ਯੂ.ਜੀ.ਸੀ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਕਰਵਾਏ ਜਾ ਰਹੇ।ਇਸ ਕੋਰਸ ਵਿਚ ਵੱਖ-ਵੱਖ ਅਕਾਦਮਿਕ ਅਦਾਰਿਆਂ 25 ਅਧਿਆਪਕ ਭਾਗ ਲੈ ਰਹੇ ਹਨ।
ਸੈਂਟਰ ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿਗ ਨੇ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕੇਂਦਰ ਅਧਿਆਪਨ ਦੇ ਖੇਤਰ ਵਿਚ ਅਧਿਆਪਕਾਂ ਨੂੰ ਸਮੇਂ ਦੇ ਹਾਣ ਦੀਆਂ ਸਿਖਿਆ ਪ੍ਰਣਾਲੀ, ਗਿਆਨ ਅਤੇ ਹੋਰ ਸੂਚਨਾਵਾਂ ਤੋਂ ਜਾਣੂ ਕਰਵਾਉਂਦਾ ਹੈ ਤਾਂ ਜੋ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਗਿਆਨ ਦੇ ਉਨ੍ਹਾਂ ਦੇ ਭਵਿੱਖ ਨੂੰ ਸੁਨਿਹਰਾ ਬਣਾ ਸਕਣ। ਉਨਾਂ੍ਹ ਕਿਹਾ ਕਿ ਇਸ ਕੋਰਸ ਰਾਹੀਂ ਉਨ੍ਹਾਂ ਦੇ ਵਿਚ ਸਿਖਿਆ ਦੀ ਹੋਰ ਮੁਹਾਰਤ ਤੇ ਸਮਝਦਾਰੀ ਵਧਾਉਂਦਿਆਂ ਵਿਦਿਆ ਦੇ ਆਧੁਨਿਕ ਹੁਨਰਾਂ `ਤੇ ਜ਼ੋਰ ਦਿੱਤਾ ਜਾਂਦਾ ਹੈ।ਡਿਪਟੀ ਕੋਆਰਡੀਨੇਟਰ ਪ੍ਰੋ. ਮਨਦੀਪ ਕੌਰ ਨੇ ਵਿਤ ਅਧਿਐਨ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media