ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਬਹੁ ਰਾਸ਼ਟਰੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਜ਼ ਵੱਲੋਂ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਪਲੇਸਮੈਂਟ ਵਿਭਾਗ ਦੀ ਨਿਗਰਾਨ ਹੇਠ ਕੀਤਾ ਗਿਆ।ਕੰਪਿਊਟਰ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਵਿਭਾਗ, ਕੰਪਿਊਟਰ ਸਾਇੰਸ ਵਿਭਾਗ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਰਿੰਗ ਵਿਭਾਗ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।ਇਹ ਪ੍ਰੋਗਰਾਮ ਦਾ ਆਯੋਜਨ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਟਾਟਾ ਕੰਸਲਟੈਂਸੀ ਸਰਵਿਸਜ਼ ਨਵੀਂ ਦਿੱਲੀ ਦੇ ਸਰਵਿਸ ਮੈਨੇਜਮੈਂਠ ਪ੍ਰੈਕਟਿਸ ਦੇ ਮੁੱਖੀ ਅਪੂਰਵ ਅਗਰਵਾਲ ਅਤੇ ਅਕਾਦਮਿਕ ਮੈਨੇਜਰ ਨਾਰਥ ਰਜਿਤ ਸਿੱਕਾ ਇਸ ਮੌਕੇ ਮੁੱਖ ਵਕਤਾ ਸਨ।ਸੂਚਨਾ ਅਤੇ ਤਕਨਾਲੋਜੀ ਦੇ ਖੇਤਰ ਵਿਚ ਨਵੀਆਂ ਕਾਢਾਂ ਅਤੇ ਹੋ ਰਹੀਆਂ ਤਬਦੀਲੀਆਂ ਬਾਰੇ ਜਾਣੂ ਕਰਵਾਉਂਦਿਆਂ ਬਿਜ਼ਨੈਸ 4.0 ਅਤੇ ਕਲਾਊਡ ਇਨਫਰਾਸਟਰਕਚਰ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ।ਉਨ੍ਹਾਂ ਦੱਸਿਆ ਕਿ ਇਹ ਵਿਸ਼ਾ ਇੰਡਸਟਰੀ ਟਰਮ ਇੰਡਸਟਰੀ 4.0 ਨਾਲ ਸਬੰਧਤ ਹੈ।
ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿਗ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਲਗਾਤਾਰ ਸਿਖਦੇ ਰਹਿਣਾ ਹੀ ਜ਼ਿੰਦਗੀ ਦਾ ਨਾਂ ਹੈ ਅਤੇ ਸਾਨੂੰ ਆਪਣੇ ਖੇਤਰ ਵਿਚ ਨਿਪੁੰਨਤਾ ਹਾਸਲ ਕਰਨ ਲਈ ਲਗਾਤਾਰ ਸਿਖਦੇ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਵਿਸ਼ੇ ਵਿਚ ਗਹਿਰਾਈ ਵਿਚ ਜਾਣਾ ਹੀ ਸਿਖਿਆ ਦੀ ਸਿਖਰ ਨੂੰ ਪਾਉਣਾ ਹੈ।ਆਧੁਨਿਕ ਸਿਖਿਆ ਤੰਤਰ ਨੂੰ ਪਰੰਪਰਾ ਦੇ ਨਾਲ ਜੋੜ ਕੇ ਹੀ ਸੰਤੁਲਿਤ ਆਧੁਨਿਕ ਪਹੁੰਚ ਨਾਲ ਹੀ ਵਿਦਿਆਰਥੀਆਂ ਨੂੰ ਤਿਆਰ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਡਿਗਰੀਆਂ ਤਾਂ ਹਾਸਲ ਕਰ ਲੈਂਦੇ ਹਨ।ਪਰ ਉਨ੍ਹਾਂ ਨੂੰ ਖੇਤਰ ਵਿਚ ਕੰਮ ਕਰਨ ਸਮੇਂ ਗੰਭੀਰ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਲਗਾਤਾਰ ਸਿਖਿਆ ਅਤੇ ਤਕਨਾਲੋਜੀ ਦੇ ਖੇਤਰ ਵਿਚ ਹੋ ਰਹੀਆਂ ਤਬਦੀਲੀਆਂ ਦਾ ਅਧਿਐਨ ਕਰਕੇ ਹੀ ਵਿਦਿਆਰਥੀਆਂ ਨੂੰ ਤਿਆਰ ਕਰਨ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਪਲੇਸਮੈਂਟ ਆਫੀਸਰ ਡਾ. ਅਮਿਤ ਚੋਪੜਾ ਨੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਪਲੇਸਮੈਂਟ ਵਿਭਾਗ ਬਾਰੇ ਜਾਣਕਾਰੀ ਦਿੱਤੀ।ਡਾ. ਸੰਦੀਪ ਸ਼ਰਮਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਿਛਲੇ ਲੰਮੇ ਸਮੇਂ ਤੋਂ ਖਾਸ ਕਰਕੇ ਆਈ ਟੀ ਖੇਤਰ ਦੀਆਂ ਮੰਗਾਂ ਦੇ ਆਧਾਰ `ਤੇ ਵਿਦਿਆਰਥੀਆਂ ਦੀ ਪੜ੍ਹਾਈ ਕਰਵਾ ਰਹੀ ਹੈ ਜਿਸ ਦਾ ਵਿਦਿਆਰਥੀਆਂ ਅਤੇ ਆਈ ਟੀ ਖੇਤਰ ਨੂੰ ਬਹੁਤ ਲਾਭ ਪੁੱਜ ਰਿਹਾ ਹੈ।