ਆਮ ਆਦਮੀ ਪਾਰਟੀ ਦੀ ਕਵਰੇਜ਼ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ
ਧੂਰੀ, 25 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ
ਚੰਡੀਗੜ ਵਿਖੇ ਇੱਕ ਪ੍ਰੈਸ ਮਿਲਣੀ ਦੌਰਾਨ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ ਦੇ ਰੋਸ ਵੱਜੋਂ ਧੂਰੀ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਥਾਨਕ ਰੇਲਵੇ ਚੌਂਕ ਵਿਖੇ ਭਗਵੰਤ ਮਾਨ ਦਾ ਪੁਤਲਾ ਸਾੜਦਿਆਂ ਜੰਮ ਕੇ ਨਾਅਰੇਬਾਜੀ ਕੀਤੀ ਗਈ।ਸੀਨੀਅਰ ਪੱਤਰਕਾਰ ਹਰਦੀਪ ਸਿੰਘ ਸੋਢੀ, ਪੰਜਾਬ ਜਰਨਲਿਸਟ ਯੁਨੀਅਨ ਦੇ ਪ੍ਰਧਾਨ ਸੰਜੇ ਲਹਿਰੀ ਅਤੇ ਮਨੋਹਰ ਸਿੰਘ ਸੱਗੂ ਨੇ ਭਗਵੰਤ ਮਾਨ ਦੇ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਦੱਬੇ-ਕੁਚਲੇ ਲੋਕਾਂ ਦੀ ਅਵਾਜ਼ ਚੁੱਕਣ ਵਾਲੇ ਮੀਡੀਆ ਨਾਲ ਭਗਵੰਤ ਮਾਨ ਦਾ ਅਜਿਹਾ ਵਤੀਰਾ ਕਿਸੇ ਵੀ ਕੀਮਤ `ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਭਗਵੰਤ ਮਾਨ ਪਹਿਲਾਂ ਵੀ ਮੀਡੀਆ ਕਰਮੀਆਂ ਨਾਲ ਅਜਿਹੇ ਮੰਦਭਾਗੇ ਵਰਤਾਰੇ ਕਾਰਨ ਪਹਿਲਾਂ ਵੀ ਮੁਆਫੀ ਮੰਗ ਚੁੱਕਾ ਹੈ ਅਤੇ ਭਗਵੰਤ ਮਾਨ ਜਾਂ ਕਿਸੇ ਹੋਰ ਸਿਆਸੀ ਆਗੂ ਦਾ ਮੀਡੀਆ ਨਾਲ ਅਜਿਹਾ ਵਰਤਾਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜਿਸ ਸਿਆਸਤਦਾਨ ਨੂੰ ਮੀਡੀਆ ਨਾਲ ਗੱਲਬਾਤ ਕਰਨ ਦੀ ਤਹਿਜ਼ੀਬ ਹੀ ਨਹੀਂ ਹੈ, ਅਜਿਹੇ ਆਗੂ ਨੂੰ ਅਸਤੀਫਾ ਦੇ ਕੇ ਸਿਆਸਤ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।ਉਨਾਂ ਕਿਹਾ ਕਿ ਸਿਆਸਤਦਾਨ ਅਤੇ ਪ੍ਰਸ਼ਾਸ਼ਨ ਨੂੰ ਪ੍ਰੈਸ ਵਾਰਤਾ ਦੌਰਾਨ ਸਵਾਲ ਪੁੱਛਣਾ ਮੀਡੀਆ ਦਾ ਕੰਮ ਹੈ ਅਤੇ ਉਸ ਸਵਾਲ ਦਾ ਠਰੰਮੇ ਨਾਲ ਜਵਾਬ ਦੇਣਾ ਜਾਂ ਨਾ ਦੇਣਾ ਆਗੂਆਂ ਦੀ ਮਰਜ਼ੀ ਹੈ, ਪਰੰਤੂ ਮੀਡੀਆ ਕਰਮੀਆਂ ਨਾਲ ਦੁਰਵਿਵਹਾਰ ਕਰਨਾ ਉਨਾਂ ਦਾ ਹੱਕ ਨਹੀਂ ਹੈ।ਕਿਉਂਕਿ ਮੀਡੀਆ ਸਮਾਜ ਦਾ ਚੌਥਾ ਥੰਮ ਹੈ ਅਤੇ ਯੂ.ਐਨ.ਓ ਸਮੇਤ ਹੋਰ ਵੱਡੀਆਂ ਸੰਸਥਾਂਵਾਂ ਦੀਆਂ ਰਿਪੋਰਟਾਂ ਮੁਤਾਬਿਕ ਵਿਸ਼ਵ ਭਰ `ਚ ਇਨਸਾਫ਼ ਮੀਡੀਆ ਦੀ ਬਦੌਲਤ ਹੀ ਲੋਕਾਂ ਨੁੰ ਨਸੀਬ ਹੋ ਰਿਹਾ ਹੈ।ਉਨਾਂ ਪੰਜਾਬ ਦੀਆਂ ਮੀਡੀਆਂ ਜੱਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਭਗਵੰਤ ਮਾਨ ਆਪਣੀ ਅਜਿਹੇ aਨਿੰਦਣਯੋਗ ਵਤੀਰੇ ਪ੍ਰਤੀ ਮੁਆਫੀ ਨਾ ਮੰਗੇ ਤਾਂ ਸੂਬਾ ਪੱਧਰ `ਤੇ ਸੰਘਰਸ਼ ਵਿੱਢਿਆ ਜਾਵੇ।
ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਆਮ ਆਦਮੀ ਪਾਰਟੀ ਦੀ ਪੂਰਨ ਤੌਰ `ਤੇ ਪ੍ਰੈਸ ਕਵਰੇਜ ਨਾ ਕਰਨ ਦਾ ਵੀ ਐਲਾਨ ਕੀਤਾ ਗਿਆ।
ਇਸ ਮੌਕੇ ਸੰਜੀਵ ਜੈਨ, ਰਾਜੇਸ਼ਵਰ ਪਿੰਟੂ, ਦੀਪਕ ਵਿੱਗ, ਰਤਨ ਭੰਡਾਰੀ, ਵਿਜੈ ਕੁਮਾਰ ਬਿੰਨੀ, ਦਵਿੰਦਰ ਖੀਪਲ, ਵਿਨੋਦ ਗੁਪਤਾ, ਲਖਵੀਰ ਸਿੰਘ ਧਾਂਦਰਾ, ਸੰਦੀਪ ਸਿੰਗਲਾ, ਅਸ਼ਵਨੀ ਸਿੰਗਲਾ, ਸੁਰਿੰਦਰ ਸਿੰਘ, ਪ੍ਰਵੀਨ ਗਰਗ, ਵਿਕਾਸ ਵਰਮਾ, ਜਸਵੀਰ ਮਾਨ, ਸੁਖਵਿੰਦਰ ਸਿੰਘ ਪਲਾਹੇ, ਧਰਮਵੀਰ ਸਿੰਘ, ਵਿਕਾਸ ਸੇਠ, ਕੁਲਵਿੰਦਰ ਮਿੰਟੂ, ਕੁਲਦੀਪ ਸੱਗੂ, ਮਨੋਜ ਕੁਮਾਰ ਮੋਨੀ, ਰਵਿੰਦਰ ਜੌਲੀ, ਅਜੈ ਜੈਨ, ਰਾਜੇਸ਼ ਟੋਨੀ, ਮਹੇਸ਼ ਜਿੰਦਲ ਆਦਿ ਸਮੇਤ ਵੱਡੀ ਗਿਣਤੀ `ਚ ਪੱਤਰਕਾਰ ਭਾਈਚਾਰੇ ਨੇ ਸ਼ਿਰਕਤ ਕੀਤੀ।
Punjab Post Daily Online Newspaper & Print Media