ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਮਾਜ ਨੂੰ ਅੰਧ-ਵਿਸ਼ਵਾਸਾਂ, ਪਾਖੰਡੀ ਬਾਬਿਆਂ ਤੇ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਾਉਣ
ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਅੰਮ੍ਰਿਤਸਰ ਇਕਾਈ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਜਜਮੈਂਟ ਇਨ ਰਿਟ ਪਟੀਸ਼ਨ 6213 ਤਹਿਤ ਸ਼ੋਰ ਪ੍ਰਦੂਸ਼ਣ ਰੋਕੂ ਕਾਨੂੰਨ ਲਾਗੂ ਕਰਾਉਣ ਲਈ ਇਕ ਮੰਗ ਪੱਤਰ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਦਿੱਤਾ ਗਿਆ।
ਤਰਕਸ਼ੀਲ ਆਗੂਆਂ ਮੁਖਤਿਆਰ ਗੋਪਾਲਪੁਰਾ, ਸੁਮੀਤ ਸਿੰਘ, ਜਸਪਾਲ ਬਾਸਰਕਾ, ਮਾਸਟਰ ਕੁਲਜੀਤ ਵੇਰਕਾ ਅਤੇ ਅਮਰਜੀਤ ਬਾਈ ਨੇ ਦਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ ਕਿਸੇ ਵੀ ਧਾਰਮਿਕ, ਸਮਾਜਿਕ ਅਤੇ ਨਿੱਜੀ ਸੰਸਥਾਵਾਂ ਵਲੋਂ ਉਪ ਮੰਡਲ ਮੈਜਿਸਟਰੇਟ ਦੀ ਅਗੇਤੀ ਲਿਖਤੀ ਮਨਜੂੂਰੀ ਤੋਂ ਬਗੈਰ ਕਿਸੇ ਵੀ ਸਮੇਂ ਕੋਈ ਵੀ ਲਾਊਡ ਸਪੀਕਰ ਨਹੀਂ ਵਰਤਿਆ ਜਾ ਸਕਦਾ ਅਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਤਾਂ ਕਿਸੇ ਵੀ ਤਰ੍ਹਾਂ ਦਾ ਸ਼ੋਰ ਪ੍ਰਦੂਸ਼ਣ ਕਰਨ ਉਤੇ ਸਖਤ ਕਾਨੂੰਨੀ ਪਾਬੰਦੀ ਲਾਈ ਹੈ।ਪਰ ਧਾਰਮਿਕ ਸਥਾਨਾਂ ਅਤੇ ਨਿੱਜੀ ਪ੍ਰੋਗਰਾਮਾਂ ਦੇ ਪ੍ਰਬੰਧਕਾਂ ਵਲੋਂ ਅਜਿਹੇ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਪੁਲੀਸ ਵਲੋਂ ਉਲੰਘਣਾ ਕਰਨ ਵਾਲਿਆਂ ਵਿਰੁਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।
ਤਰਕਸ਼ੀਲ ਆਗੂਆਂ ਮਨਜੀਤ ਬਾਸਰਕੇ ਅਤੇ ਮੇਜਰ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਤੋਂ ਰਾਤ 10 ਵਜੇ ਤਕ ਦਿਨ ਦੇ ਸਮੇਂ ਵੀ ਨਿੱਜੀ ਸਥਾਨਾਂ ਉਤੇ 5 ਡੈਸੀਬਲ ਅਤੇ ਜਨਤਕ ਥਾਵਾਂ ਤੇ 10 ਡੈਸੀਬਲ ਤੋਂ ਵਧ ਆਵਾਜ਼ ਪੈਦਾ ਨਹੀਂ ਕੀਤੀ ਜਾ ਸਕਦੀ।ਜੇਕਰ ਕੋਈ ਇਸ ਦੀ ਉਲੰਘਣਾ ਕਰਕੇ ਸ਼ੋਰ ਪ੍ਰਦੂਸ਼ਣ ਪੈਦਾ ਕਰਦਾ ਹੈ ਤਾਂ ਵਾਤਾਵਰਣ ਰਖਿਅਕ ਕਾਨੂੰਨ 1986 ਦੀ ਧਾਰਾ 15 ਤਹਿਤ 5 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।
ਇਸ ਮੌਕੇ ਤਰਕਸ਼ੀਲ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਜ਼ਿਲ੍ਹੇ ਵਿਚ ਲੋਕਾਂ ਨੂੰ ਅੰਧ-ਵਿਸ਼ਵਾਸ ਅਤੇ ਵਹਿਮਾਂ ਵਿਚ ਫਸਾ ਕੇ ਉਨ੍ਹਾਂ ਦਾ ਆਰਥਿਕ ਸਰੀਰਕ ਅਤੇ ਮਾਨਸਿਕ ਸੋਸ਼ਣ ਕਰਨ ਵਾਲੇ ਪਾਖੰਡੀ ਬਾਬਿਆਂ, ਜੋਤਸ਼ੀਆਂ ਅਤੇ ਤਾਂਤਰਿਕਾਂ ਦੀਆਂ ਗੈਰ ਕਾਨੂੰਨੀ ਦੁਕਾਨਾਂ ਬੰਦ ਕਰਵਾ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।ਪੁਿਲਸ ਕਮਿਸ਼ਨਰ ਨੇ ਸੁਸਾਇਟੀ ਦੀਆਂ ਉਪਰੋਕਤਾਂ ਮੰਗਾਂ ’ਤੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media