ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਮੱਧ ਪ੍ਰਦੇਸ਼ ‘ਚ ਸਿੱਖ ਪਰਿਵਾਰਾਂ ਨੂੰ ਉਜਾੜਣ ਦੇ ਮਾਮਲੇ ਦੀ ਸੂਬਾ
ਸਰਕਾਰ ਵਲੋਂ ਜਾਂਚ ਦੇ ਅਦੇਸ਼ ਦੇ ਦਿੱਤੇ ਗਏ ਹਨ।ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਨਰਿੰਦਰ ਸਲੂਜਾ ਦੀ ਅਗਵਾਈ ‘ਚ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ।ਇਸ ਤੋਂ ਇਲਵਾ ਸਿੱਖਾਂ ਵਿਰੁੱਧ ਬਿਆਨਬਾਜ਼ੀ ਕਰਨ ਵਾਲੇ ਮੁਕੇਸ਼ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਇਸ ਨੇ ਸਿੱਖਾਂ ਵਿਰੁੱਧ ਘਟੀਆ ਬਿਆਨਬਾਜੀ ਕਰ ਕੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਸੀ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਅੰਤ੍ਰਿੰਗ ਮੈਂਬਰ ਇੰਦਰਮੋਹਨ ਸਿੰਘ ਲਖਮੀਰਵਾਲਾ ਦੀ ਅਗਵਾਈ ‘ਚ ਮੱਧ ਪ੍ਰਦੇਸ਼ ਭੇਜਿਆ ਗਿਆ ਹੈ, ਜਿਸ ਵਿਚ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ ਵੀ ਸ਼ਾਮਲ ਹਨ।
ਮੱਧ ਪ੍ਰਦੇਸ਼ ਤੋਂ ਭਾਈ ਗਰੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ ਦਿਨ ਵੱਡੀ ਗਿਣਤੀ ਵਿਚ ਕਰਹਲ ਦੇ ਗੁਰਦੁਆਰਾ ਸਾਹਿਬ ਅੰਦਰ ਸਿੱਖਾਂ ਦਾ ਇਕੱਠ ਜੁੜਿਆ ਸੀ।ਜਿਸ ਨੇ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਫਦ ਅਤੇ ਸਥਾਨਕ ਸਿੱਖਾਂ ਵੱਲੋਂ ਮੱਧ ਪ੍ਰਦੇਸ਼ ’ਚ ਜਿਲ੍ਹਾ ਸ਼ਿਓਪੁਰ ਦੇ ਕੁਲੈਕਟਰ ਲਈ ਤਹਿਸੀਲਦਾਰ, ਐਸ.ਐਸ.ਪੀ ਤੇ ਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਸਿੱਖਾਂ ਨਾਲ ਕੀਤੇ ਗਏ ਧੱਕੇ ਦਾ ਇਨਸਾਫ ਕਰਨ ਲਈ ਕਿਹਾ ਸੀ।ਇਸ ਦੇ ਨਾਲ ਹੀ ਸਿੱਖਾਂ ਨੂੰ ਮੰਦ ਸ਼ਬਦ ਬੋਲਣ ਤੇ ਸੋਸ਼ਲ ਮੀਡੀਆ ‘ਤੇ ਫੈਲਾਉਣ ਵਾਲੇ ਮੁਕੇਸ਼ ਮਲਹੋਤਰਾ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ ਸੀ।ਉਨ੍ਹਾਂ ਕਿਹਾ ਕਿ 40 ਸਾਲਾਂ ਤੋਂ ਆਬਾਦ ਸਿੱਖਾਂ ਦੇ ਘਰ ਢਾਹੁਣ ਲੱਗਿਆਂ ਕਿਸੇ ਤਰ੍ਹਾਂ ਦੀ ਅਪੀਲ ਦਲੀਲ ਨਹੀਂ ਸੁਣੀ ਗਈ ਸੀ।ਹੁਣ ਸਰਕਾਰ ਨੇ ਸਿੱਖਾਂ ਦੇ ਰੋਹ ਨੂੰ ਵੇਖਦਿਆਂ ਜਾਂਚ ਕਮੇਟੀ ਬਣਾ ਦਿੱਤੀ ਹੈ ਜੋ ਪੀੜਤ ਸਿੱਖਾਂ ਤੱਕ ਪਹੁੰਚ ਕਰੇਗੀ।ਗਰੇਵਾਲ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਸਿੱਖਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਰੋਕਣ ਦੇ ਹੁਕਮ ਵੀ ਜਾਰੀ ਕੀਤੇ ਹਨ ਅਤੇ ਘਰ ਢਾਹੁਣ ਦੀ ਕਾਰਵਾਈ ਦੀ ਰਿਪੋਰਟ ਮੰਗੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੀੜਤ ਸਿੱਖਾਂ ਦੇ ਨਾਲ ਹੈ ਅਤੇ ਭਵਿੱਖ ਅੰਦਰ ਉਨ੍ਹਾਂ ਤੱਕ ਮੁੜ ਪਹੁੰਚ ਬਣਾਉਣ ਲਈ ਵੀ ਵੱਚਨਬੱਧ ਹੈ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media