ਪਠਾਨਕੋਟ, 26 ਜਨਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਦਾ ਸਮਾਰੋਹ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ
(ਪਠਾਨਕੋਟ) ਦੀ ਗਰਾਊਂਡ ਵਿਖੇ ਮਨਾਇਆ ਗਿਆ।ਜਿਸ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ।ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਅਤੇ ਵਿਕਾਸ ਨੂੰ ਦਰਸਾਉਂਦੀਆਂ ਵੱੱਖ-ਵੱਖ ਵਿਭਾਗਾਂ ਵਲੋਂ ਤਿਆਰ ਕੀਤੀਆਂ ਗਈਆਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ।ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਆਜ਼ਾਦੀ ਘੁਲਾਟੀਆਂ ਨੂੰ ਦੋਸ਼ਾਲੇ ਦੇ ਕੇ ਸਨਮਾਨਿਤ ਕੀਤਾ।ਜ਼ਰੂਰਤਮੰਦ ਔਰਤਾਂ ਨੂੰ 18 ਸਿਲਾਈ ਮਸ਼ੀਨਾਂ ਅਤੇ ਲੋੜਵੰਦਾਂ ਨੂੰ 6 ਵਹੀਲ ਚੇਅਰਾਂ ਅਤੇ 6 ਟਰਾਈ ਸਾਈਕਲ ਵੀ ਦਿੱਤੇ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਬਾਜਵਾ ਨੇ ਦੇਸ਼ ਵਾਸੀਆਂ ਤੇ ਖਾਸ ਕਰਕੇ ਜ਼ਿਲ੍ਹਾ ਪਠਾਨਕੋਟ ਨਿਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ ਦਿੱਤੀਆਂ ਅਤੇ ਦੇਸ਼ ਦੇ ਉਨਾਂ ਸ਼ਹੀਦਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕੀਤਾ ਜਿਨਾਂ ਨੇ ਦੇਸ਼ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਭਾਰਤ ਦੇ ਸੰਵਿਧਾਨ ਸਭਾ ਦੇ ਸਮੂਹ ਮੈਂਬਰਾਂ ਅਤੇ ਸੰਵਿਧਾਨ ਸਭਾ ਦੇ ਮੁਖੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੂੰ ਵੀ ਸਲਾਮ ਕੀਤਾ, ਜਿਨ੍ਹਾਂ ਨੇ ਅਜਿਹਾ ਸੰਵਿਧਾਨ ਦਿੱਤਾ, ਜਿਸ ਨੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋਇਆ ਹੋਇਆ ਹੈ।ਦੇਸ਼ ਦੀ ਫੌਜ, ਅਰਧ ਸੈਨਿਕ ਬਲਾਂ ਅਤੇ ਸੂਬਿਆਂ ਦੇ ਪੁਲਿਸ ਬਲਾਂ ਵੱਲੋਂ ਦੇਸ਼ ਦੀ ਗਣਤੰਤਰਤਾ ਅਤੇ ਸੰਵਿਧਾਨ ਦੀ ਰਾਖੀ ਲਈ ਕੀਤੇ ਬਲੀਦਾਨ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਪਾਰਦਰਸ਼ਤਾ ਲਈ ਵੱਡੇ ਫੈਸਲੇ ਕੀਤੇ ਹਨ। ਸਬਸਿਡੀਆਂ ਦਾ ਲਾਭ ਅਸਲ ਲਾਭਪਾਤਰੀਆਂ ਨੂੰ ਦੇਣ ਲਈ ਨਕਦ ਭੁਗਤਾਨ ਰਾਹੀਂ ਸਿੱਧਾ ਬੈਂਕ ਖਾਤਿਆਂ ਵਿੱਚ ਕਰਨ ਦੀ ਨੀਤੀ ਲਾਗੂ ਕੀਤੀ ਹੈ। ਉਨ੍ਹ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਪੈਸ਼ਲ ਟਾਸਕ ਫ਼ੋਰਸ ਦਾ ਗਠਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਾ ਵਿਰੁੱਧ ਜਨਤਕ ਮੁਹਿੰਮ ਸਿਰਜਣ ਲਈ ‘ਨਸ਼ਾ ਰੋਕਥਾਮ ਅਫ਼ਸਰ (ਡੈਪੋ) ਤੇ ‘ਬੱਡੀ ਪ੍ਰੋਗਰਾਮ’ ਪ੍ਰੋਗਰਾਮ ਚਲਾਇਆ ਹੈ।ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਸਥਾਪਿਤ ਕੀਤੇ ਗਏ ਹਨ ਜਿਸ ਤੋਂ ਨੋਜਵਾਨ ਲਾਹਾ ਲੈ ਰਹੇ ਹਨ।
ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਸ਼ਾਨਦਾਰ ਪੀ.ਟੀ.ਸ਼ੋਅ ਅਤੇ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ।ਮੰਤਰੀ ਤ੍ਰਿਪਤ ਬਾਜਵਾ ਨੇ 27 ਜਨਵਰੀ ਨੂੰ ਜਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ।ਵਧੀਆ ਕਾਰਜ਼ਗੁਜਾਰੀ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ, ਪ੍ਰੇਡ ਵਿੱਚ ਭਾਗ ਲੈਣ ਵਾਲੇ ਲੀਡ ਕਮਾਂਡਰਾਂ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ, ਸਮਾਜ ਸੇਵਾ ਸੰਸਥਾਵਾਂ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ ਐਨ.ਜੀ.ਓ ਮੈਬਰਾਂ ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ, ਜ਼ਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਕਮਲਜੀਤ ਸਿੰਘ ਬਾਜਵਾ, ਵਧੀਕ ਜਿਲ੍ਹਾ ਤੇ ਸੈਸਨ ਜੱਜ ਅਵਤਾਰ ਸਿੰਘ, ਡਿਸਟ੍ਰਿਕ ਜੱਜ ਫੈਮਲੀ ਕੋਰਟ ਬਲਜਿੰਦਰ ਸਿੰਘ, ਵਾਯੂ ਸੈਨਾ ਮੈਡਲ ਗਰੂਪ ਕੈਪਟਨ ਇੰਡੀਅਨ ਏਅਰ ਫੋਰਸ ਪਠਾਨਕੋਟ ਬੀ.ਪੀ ਸਿੰਘ, ਹੈਡਕੁਆਰਟਰ 21 ਸਬ ਏਰੀਆ ਲੈਫਟੀਨੇਟ ਕਰਨਲ ਕੇ.ਐਸ ਜਸਵਾਲ, ਦੀਪਕ ਹਿਲੋਰੀ ਐਸ.ਐਸ.ਪੀ ਪਠਾਨਕੋਟ, ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਸੰਜੀਵ ਬੈਂਸ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਵਿਭੂਤੀ ਸਰਮਾ ਚੈਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ, ਵਿਨੈ ਮਹਾਜਨ, ਅਨਿਲ ਦਾਰਾ ਚੈਅਰਮੈਨ ਜਿਲ੍ਹਾ ਯੋਜਨਾ ਕਮੇਟੀ ਪਠਾਨਕੋਟ, ਅਭਿਜੀਤ ਕਪਲਿਸ (ਆਈ.ਏ.ਐਸ) ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਿਰਥੀ ਸਿੰਘ ਸਹਾਇਕ ਕਮਿਸਨਰ ਜਨਰਲ, ਆਦਿ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
Check Also
‘ਖਾਲਸਾ ਕਾਲਜ ਐਜ਼ੂਕੇਸ਼ਨ ਰਣਜੀਤ ਐਵਨਿਊ’ ਹੁਣ ਬਣਿਆ ‘ਖ਼ਾਲਸਾ ਕਾਲਜ ਰਣਜੀਤ ਐਵਨਿਊ’
ਕਾਲਜ ’ਚ ਵੱਖ-ਵੱਖ ਵਿਸ਼ਿਆਂ ਅਤੇ ਕੋਰਸਾਂ ’ਚ ਵਿਦਿਆਰਥੀ ਲੈ ਸਕਣਗੇ ਦਾਖਲੇ – ਛੀਨਾ ਅੰਮ੍ਰਿਤਸਰ, 28 …
Punjab Post Daily Online Newspaper & Print Media