ਭਾਗ ਲੈਣ ਵਾਲੀਆਂ ਟੀਮਾਂ ਨੂੰ 2 ਲੱਖ ਦੇਣ ਅਤੇ ਸੋਮਵਾਰ ਨੂੰ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗਣਤੰਤਰ ਦਿਵਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸ਼ਹਿਰੀ ਵਿਕਾਸ
ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਜਿੱਥੇ ਗੁਰੂ ਨਾਨਕ ਸਟੇਡੀਅਮ ਵਿਚ ਤਿਰੰਗਾ ਲਹਿਰਾਇਆ, ਉਥੇ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਐਲਾਨ ਕਰਦੇ ਹੋਏ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ।ਸਰਕਾਰੀਆ ਨੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਇਸ ਮੌਕੇ ਯਾਦ ਕੀਤਾ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 55 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ।ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਉਨਤੀ ਦੀ ਰਾਹ ਤੇ ਹੈ।ਉਨ੍ਹਾਂ ਦੱਸਿਆ ਕਿ ਸਰਬੱਤ ਬੀਮਾ ਯੋਜਨਾ ਤਹਿਤ 2.2 ਕਰੋੜ ਲੋਕਾਂ ਦਾ ਮੁਫ਼ਤ ਸਿਹਤ ਬੀਮਾ ਕਰਵਾਇਆ ਗਿਆ ਹੈ।ਸਰਕਾਰੀਆ ਨੇ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ 76 ਲੱਖ ਬੂਟੇ ਲਾਏ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 23.90 ਲੱਖ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਦਿੱਤੀ ਜਾ ਰਹੀ ਹੈ ਅਤੇ 11 ਲੱਖ ਦੇ ਕਰੀਬ ਨੌਜਵਾਨਾਂ ਨੂੰ ਰੋਜ਼ਗਾਰ ਮੇਲਿਆਂ ਰਾਹੀਂ ਨੌਕਰੀਆਂ ਅਤੇ ਸਵੈਰੁਜਗਾਰ ਮੁਹੱਈਆ ਕਰਵਾਇਆ ਗਿਆ ਹੈ।
ਸਰਕਾਰੀਆ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਲਈ 37 ਕਰੋੜ 57 ਲੱਖ ਰੁਪਏ ਦੀ ਲਾਗਤ ਨਾਲ 66 ਹਜ਼ਾਰ ਪੁਰਾਣੀਆਂ ਸਟਰੀਟ ਲਾਈਟਾਂ ਦੀ ਜਗ੍ਹਾ ਨਵੀਆਂ ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਜਾਰੀ ਹੈ ਅਤੇ ਹੁਣ ਤੱਕ 35 ਹਜ਼ਾਰ ਐਲ.ਈ.ਡੀ.ਲਾਈਟਾਂ ਲਗਾਈਆਂ ਜਾ ਚੁੱਕੀਆਂ ਹਨ।ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ਹੈਰੀਟੇਜ਼ ਵਾਕ ਅਤੇ ਗੋਲਡਨ ਟੈਂਪਲ ਪਲਾਜਾ ਖੇਤਰ ਵਿਚ ਮੁਫ਼ਤ ਇੰਟਰਨੈਟ ਵਾਈਫਾਈ ਸੇਵਾ ਦਿੱਤੀ ਜਾ ਰਹੀ ਹੈ।ਅੰਮ੍ਰਿਤਸਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਈ ਰਿਕਸ਼ਾ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲਗਭਗ 288 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਟੈਂਡਰ ਜਾਰੀ ਕੀਤੇ ਗਏ ਹਨ।ਜਿਨ੍ਹਾਂ ਵਿਚੋਂ ਮੁੱਖ ਤੌਰ ਤੇ 7.5 ਕਿਲੋਮੀਟਰ ਸਰਕਲ ਰੋਡ ਦਾ ਵਿਕਾਸ, ਗੋਲਬਾਗ ਵਿਚ ਸਪੋਰਟਸ ਸੈਂਟਰ ਦਾ ਵਿਕਾਸ, ਸ਼ਹਿਰ ਦੇ 22 ਜੰਕਸ਼ਨਾਂ ਵਿਚ ਸੁਧਾਰ ਦਾ ਕੰਮ, ਰਣਜੀਤ ਐਵਨਿਊ ਵਿਖੇ 2.5 ਕਿਲੋਮੀਟਰ ਸਾਈਕਲ ਟਰੈਕ ਦਾ ਨਿਰਮਾਣ ਪ੍ਰਮੁੱਖ ਹਨ।
ਸਰਕਾਰੀਆ ਨੇ ਸਭਿਆਚਾਰਕ ਟੀਮਾਂ ਵੱਲੋਂ ਕੀਤੇ ਪ੍ਰਦਰਸ਼ਨ ਤੋਂ ਖੁਸ਼ ਹੋ ਕੇ ਆਪਣੇ ਕੋਟੇ ਵਿਚੋਂ 2 ਲੱਖ ਰੁਪਏ ਦੇਣ ਅਤੇ ਸਾਰੇ ਸਕੂਲਾਂ ਨੂੰ ਸੋਮਵਾਰ ਦੀ ਛੁੱਟੀ ਕਰਨ ਦਾ ਐਲਾਨ ਵੀ ਕੀਤਾ।
ਗਣਤੰਤਰ ਦਿਵਸ ਮੌਕੇ ਸਰਕਾਰੀਆ ਵੱਲੋਂ ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਰੈਡ ਕਰਾਸ ਦੀ ਸਹਾਇਤਾਂ ਨਾਲ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਰੰਗਾਰੰਗ ਪੋ੍ਰਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿਚੋਂ ਮਜੀਠਾ ਦੇ ਸਰਕਾਰੀ ਸਕੂਲ ਦਾ ਪ੍ਰੋਗਰਾਮ ਸਭ ਤੋਂ ਵਧੀਆ ਐਲਾਨਿਆ ਗਿਆ।
ਵੱਖ ਵੱਖ ਵਿਭਾਗਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ, ਜਿੰਨਾਂ ਵਿਚੋਂ ਪੀ. ਐਸ ਪੀ ਸੀ ਐਲ ਦੀ ਝਾਕੀ ਪਹਿਲੇ, ਬਾਗਬਾਨੀ ਵਿਭਾਗ ਦੀ ਦੂਸਰੇ ਅਤੇ ਸਮਾਜਿਕ ਸੁਰੱਖਿਆ ਤੇ ਬਾਲ ਵਿਭਾਗ ਦੀ ਝਾਕੀ ਤੀਸਰੇ ਸਥਾਨ ‘ਤੇ ਰਹੀ। ਸਰਕਾਰੀਆ ਵਲੋਂ ਪਰੇਡ ਕਮਾਂਡਰ ਅਭਿਮਨੂੰ ਰਾਣਾ ਆਈ.ਪੀ.ਐਸ. ਅਤੇ ਪਰੇਡ ਦੀ ਤਿਆਰੀ ਲਈ ਸ੍ਰੀ ਵਰਿੰਦਰ ਸਿੰਘ ਸੀ.ਡੀ.ਆਈ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਦੇ ਸੈਸ਼ਨ ਜੱਜ ਬੀ ਐਸ ਸੰਧੂ, ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀ.ਸੀ, ਸੁਨੀਲ ਦੱਤੀ, ਇੰਦਰਬੀਰ ਸਿੰਘ ਬੁਲਾਰੀਆ, ਸੰਤੋਖ ਸਿੰਘ ਭਲਾਈਪੁਰਾ, ਏ ਡੀ ਏ ਦੇ ਮੁਖੀ ਬਖਤਾਵਰ ਸਿੰਘ, ਚੇਅਰਮੈਨ ਪ੍ਰਗਟ ਸਿੰਘ ਧੁੰਨਾ, ਚੇਅਰਮੈਨ ਸ੍ਰੀਮਤੀ ਮਮਤਾ ਦੱਤਾ, ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ, ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਕਾਂਗਰਸ ਦੀ ਸ਼ਹਿਰੀ ਪ੍ਰਧਾਨ ਸ੍ਰੀਮਤੀ ਜਤਿੰਦਰ ਕੌਰ, ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਸ਼ੂੰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਕੋਮਲ ਮਿੱਤਲ, ਵਧੀਕ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਰਜਤ ਉਬਰਾਏ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
Punjab Post Daily Online Newspaper & Print Media