ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਆਰੀਆ ਰਤਨ ਡਾ: ਪੂਨਮ ਸੂਰੀ ਪਦਮਸ਼੍ਰੀ ਐਵਾਰਡੀ ਤੇ ਪ੍ਰਧਾਨ ਆਰੀਆ ਪ੍ਰਦੇਸਿ਼ਕ ਪ੍ਰਤੀਨਿਧੀ
ਸਭਾ ਅਤੇ ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੀ ਪ੍ਰੇਰਨਾ ਸਦਕਾ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਉਪ ਸਭਾ ਪੰਜਾਬ ਦੇ ਪ੍ਰਧਾਨ ਡਾ: ਜੇ.ਪੀ ਸ਼ੂਰ ਅਤੇ ਸਕੱਤਰ ਡਾ: ਨੀਲਮ ਕਾਮਰਾ ਦੀ ਪ੍ਰਧਾਨਗੀ ਹੇਠ ਲਾਲਾ ਲਾਜਪਤ ਰਾਏ ਦੇ ਜਨਮ ਦਿਹਾੜੇ ‘ਤੇ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ।ਆਰੀਆ ਸਮਾਜ ਲੋਹਗੜ੍ਹ ਵਿਖੇ 25 ਜਨਵਰੀ 2020 ਨੂੰ ਆਯੋਜਿਤ ਇਸ ਸਮਾਗਮ ਵਿੱਚ ਡਾ: ਰਾਮੇਸ਼ ਆਰੀਆ ਉਪ-ਪ੍ਰਧਾਨ ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸਮਾਗਮ ਦਾ ਸ਼ੁਭਆਰੰਭ ਹਵਨ ਨਾਲ ਹੋਇਆ, ਜਿਸ ਦੇ ਮੁੱਖ ਜਜ਼ਮਾਨ ਡਾ: ਰਮੇਸ਼ ਆਰੀਆ ਅਤੇ ਹੋਰ ਅਨੇਕਾਂ ਮਹਾਨ ਆਰੀਆ ਸਮਾਜੀਆਂ ਵਲੋਂ ਹਵਨ ਦੀ ਪਵਿੱਤਰ ਅਗਨੀ ਵਿੱਚ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਆਹੂਤੀਆਂ ਪਾ ਕੇ ਜਗਤ ਕਲਿਆਣ ਦੀ ਕਾਮਨਾ ਕੀਤੀ ਗਈ।
ਮੰਚ ’ਤੇ ਸਮਾਗਮ ਦੀ ਸ਼ੁਰੂਆਤ ਗਿਆਨ ਦਾ ਪ੍ਰਤੀਕ ਪਵਿੱਤਰ ਜੋਤ ਜਗਾ ਕੇ ਕੀਤੀ ਗਈ।ਆਏ ਹੋਏ ਮਹਿਮਾਨਾਂ ਦਾ ਸੁਆਗਤ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ ਗਿਆ।ਡੀ.ਏ.ਵੀ ਵਿਦਿਅਕ ਸੰਸਥਾਵਾਂ ਦੀ ਮਹੱਤਤਾ ਅਤੇ ਉਦੇਸ਼ ਨੂੰ ਪ੍ਰਗਟਾਉਂਦਾ ਡੀ.ਏ.ਵੀ ਗਾਨ ਪੇਸ਼ ਕੀਤਾ ਗਿਆ।ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਸੁਰੀਲਾ ਗੀਤ ਗਾ ਕੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ ।
ਡਾ: ਜੇ.ਪੀ ਸ਼ੂਰ ਨੇ ਮਹਿਮਾਨਾਂ ਨੂੰ ਜੀ ਆਇਆ ਆਖਦੇ ਹੋਏ ਕਿਹਾ ਕਿ ਡੀ.ਏ.ਵੀ ਕਮੇਟੀ ਅਤੇ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ ਦਾ ਉਦੇਸ਼ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣਾ ਅਤੇ ਸਮਾਜ ਕਲਿਆਣ ਦੇ ਨਾਲ-ਨਾਲ ਨੌਜੁਆਨਾਂ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਵੀ ਸੰਚਾਰ ਕਰਨਾ ਹੈ।ਲਾਲਾ ਲਾਜਪਤ ਰਾਏ ਨੇ ਅੰਗਰੇਸਾਂ ਦਾ ਵਿਰੋਧ ਕਰਦੇ ਹੋਏ ਅਨੇਕਾਂ ਅੱਤਿਆਚਾਰ ਸਹੇ।ਦੇਸ਼ ਦੇ ਲਈ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਜੋ ਅਜ਼ਾਦੀ ਸਾਨੂੰ ਸਾਡੇ ਕ੍ਰਾਂਤੀਕਾਰੀ ਵੀਰਾਂ ਦੇ ਬਲੀਦਾਨ ਨਾਲ ਨਸੀਬ ਹੋਈ ਹੈ, ਅੱਜ ਉਸ ਨੂੰ ਬਚਾਅ ਕੇ ਰੱਖਣਾ ਸਾਡਾ ਸਭ ਦਾ ਫਰਜ਼ ਹੈ।ਹਰ ਭਾਰਤੀ ਵਿੱਚ ਦਸ਼ ਪ੍ਰੇਮ ਅਤੇ ਤਿਆਗ ਦੀ ਭਾਵਨਾ ਜਗਾਉਣਾ ਹੀ ਡੀ.ਏ.ਵੀ ਅਤੇ ਆਰੀਆ ਸਮਾਜ ਦਾ ਫਰਜ਼ ਹੈ ।
ਮੁੱਖ ਮਹਿਮਾਨ ਡਾ: ਰਮੇਸ਼ ਆਰੀਆ ਨੇ ਕਿਹਾ ਕਿ ਜਿਨ੍ਹਾਂ ਦੇਸ ਭਗਤਾਂ ਨੇ ਦੇਸ ਦੀ ਅਜ਼ਾਦੀ ਲਈ ਆਪਣਾ ਸਭ ਕੁੱਝ ਵਾਰ ਦਿੱਤਾ, ਉਨ੍ਹਾਂ ਦੇ ਜੀਵਨ ਬਾਰੇ ਨੌਜੁਆਨ ਪੀੜੀ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।ਲਾਲਾ ਲਾਜਪਤ ਰਾਏ, ਮਹਾਤਮਾ ਹੰਸ ਰਾਜ ਵਰਗੇ ਆਦਰਸ਼ ਵਿਅਕਤੀ ਅਜੋਕੇ ਸਮੇਂ ਵੇਖਣ ਨੂੰ ਨਹੀਂ ਮਿਲਦੇ।ਸਮਾਜ ਜਿਨ੍ਹਾਂ ਬੁਰਾਈਆਂ ਦਾ ਸ਼ਿਕਾਰ ਹੈ, ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਮਹਾਨ ਨਾਗਰਕ ਪੈਦਾ ਕਰਨਾ ਡੀ. ਏ. ਵੀ. ਦਾ ਉਦੇਸ਼ ਹੈ। ਡਾ: ਪੂਨਮ ਸੂਰੀ ਜੀ ਦੁਆਰਾ ਆਰੀਆ ਸਮਾਜ ਅਤੇ ਡੀ.ਏ.ਵੀ ਦੇ ਲਈ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਦਿੰਦੇ ਹੋਏ ਉਨ੍ਰਾਂ ਆਖਿਆ ਕਿ ਉਹ ਅਸਲ ਰੂਪ ਵਿੱਚ ਏਂਗਲੋ ਵੈਦਿਕ ਹਨ।ਉਹ ਹਰ ਵੇਲੇ ਤਨ, ਮਨ ਅਤੇ ਧਨ ਨਾਲ ਆਰੀਆਂ ਸਮਾਜ ਅਤੇ ਡੀ.ਏ.ਵੀ ਕਲਿਆਣ ਹੇਤੂ ਨਿਰੰਤਰ ਕੰਮ ਕਰਦੇ ਰਹਿੰਦੇ ਹਨ।ਉਨ੍ਹਾਂ ਦੇ ਮਾਰਗ ਦਰਸ਼ਨ ਅਧੀਨ ਆਰੀਆ ਸਮਾਜ ਅੱਗੇ ਵੱਧ ਰਿਹਾ ਹੈ।ਹਰੇਕ ਭਾਰਤੀ ਨੂੰ ਆਪਣੇ-ਆਪਣੇ ਖੇਤਰ ਵਿੱਚ ਇਮਾਨਦਾਰੀ ਨਾਲ ਅਹਿਮ ਯੋਗਦਾਨ ਦੇਣਾ ਚਾਹੀਦਾ ਹੈ।
ਸਮਾਗਮ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ, ਡੀ.ਏ.ਵੀ ਇੰਟਰਨੈਸ਼ਨਲ ਅਤੇ ਡੀ.ਏ.ਵੀ ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਮਧੁਰ ਭਜਨ ਪੇਸ਼ ਕਰਨ ਨਾਲ ਸਾਰਾ ਵਾਤਾਵਰਨ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ।ਗੁਰੂ ਨਾਨਕ ਦੇਵ ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ਲਾਲਾ ਲਾਜਪਤਰਾਏ ਜੀ ਦੇ ਜੀਵਨ ’ਤੇ ਅਧਾਰਤ ਲਘੂ-ਨਾਟਕ ਦੁਆਰਾ ਦੇਸ ਲਈ ਉਨ੍ਹਾਂ ਦੁਆਰਾ ਕੀਤੇ ਸੰਘਰਸ਼ ਤੇ ਤਿਆਗ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਦਰਸਾਇਆ ਗਿਆ।ਸੁਆਮੀ ਚੇਤੰਨਯ ਮੁਨੀ ਜੀ ਨੇ ਆਸੀ਼ਰਵਾਦ ਦਿੰਦਿਆਂ ਆਖਿਆ ਕਿ ਲਾਲਾ ਲਾਜਪਤ ਰਾਏ ਜੀ ਨੇ ਦੇਸ ਦੇ ਲਈ ਜੋ ਕੁੱਝ ਕੀਤਾ, ਸੁਨਹਿਰੀ ਅੱਖਰਾ ਵਿੱਚ ਲਿੱਖਣ ਯੋਗ ਹੈ।ਆਰੀਆ ਸਮਾਜ ਨੇ ਦੇਸ਼ ਨੂੰ ਅਣਗਿਣਤ ਕ੍ਰਾਂਤੀਕਾਰੀ ਦਿੱਤੇ ਹਨ, ਇਹ ਸਾਰੇ ਮਹਾਂਰਿਸ਼ੀ ਸੁਆਮੀ ਦਯਾਨੰਦ ਜੀ ਦੇ ਵਿਚਾਰਾਂ ਤੋਂ ਹੀ ਪ੍ਰੇਰਿਤ ਸਨ। ਲਾਲਾ ਲਾਜਪਤ ਰਾਏ ਜੀ ਨੇ ਨੌਜੁਆਨਾਂ ਨੂੰ ਕ੍ਰਾਂਤੀ ਲਈ ਪ੍ਰੇਰਿਤ ਕੀਤਾ ।
ਡਾ: ਨੀਲਮ ਕਾਮਰਾ ਨੇ ਇਸ ਵਿਸ਼ਾਲ ਸਮਾਗਮ ਵਿੱਚ ਮੌਜੂਦ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਆਖਿਆ ਕਿ ਆਰੀਆ ਰਤਨ ਡਾ: ਪੂਨਮ ਸੂਰੀ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੀ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਦਾ ਮੁੱਖ ਮੰਤਵ ਹੈ।ਸਮਾਜ ਕਲਿਆਣ ਅਤੇ ਵਾਤਾਵਰਨ ਸੁਰੱਖਿਆ ਹੇਤੂ ਉਨ੍ਹਾਂ ਦੁਆਰਾ ਚਲਾਈਆ ਗਈਆਂ ਮੁਹਿੰਮਾ ਨੂੰ ਸਫਲ ਬਣਾਉਣ ਲਈ ਹਮੇਸ਼ਾਂ ਉਪਰਾਲੇ ਕਰਦੇ ਰਹਿੰਦੇ ਹਨ।ਲਾਲਾ ਲਾਜਪਤ ਰਾਏ ਬਾਰੇ ਦੱਸਦਿਆਂ ਉਨ੍ਹਾਂ ਚਾਨਣਾ ਪਾਇਆ ਕਿ ਉਹ ਆਰੀਆ ਸਮਾਜ ਨੂੰ ਆਪਣੀ ਧਰਮ ਮਾਤਾ ਅਤੇ ਮਹਾਂਰਿਸ਼ੀ ਦਯਾਨੰਦ ਨੂੰ ਆਪਣਾ ਧਰਮ ਪਿਤਾ ਮੰਨਦੇ ਸਨ ਅਤੇ ਸਤਿਆਰਥ ਪ੍ਰਕਾਸ਼ ਵਿੱਚ ਪੂਰਨ ਆਸਥਾ ਰੱਖਦੇ ਸਨ।ਜਰੂਰਤਮੰਦਾਂ ਦੀ ਸਹਾਇਤਾ ਲਈ ਕੰਬਲ ਵੰਡੇ ਗਏ।ਡਾ: ਨੀਲਮ ਕਾਮਰਾ ਨੇ ਸਾਰਿਆਂ ਨੂੰ ਲਾਲਾ ਲਾਜਪਤਰਾਏ ਦੇ ਜੀਵਨ ਤੋ ਪ੍ਰੇਰਨਾ ਲੈਣ ਲਈ ਕਿਹਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।
ਮਹਾਨ ਆਰੀਆ ਸਮਾਜੀਏ ਸਤਪਾਲ ਪਥਿਕ ਨੂੰ ਆਰੀਆ ਸਮਾਜ ਲਈ ਉਨ੍ਹਾਂ ਦੀਆਂ ਸੇਵਾਵਾਂ ਲਈ ਅਜੀਵਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਜ਼ਰੂਰਤਮੰਦਾਂ ਨੂੰ ਕੰਬਲ ਵੰਡੇ ਗਏ।
ਇਸ ਮੌਕੇ ’ਤੇ ਬੀ.ਕੇ ਮਿੱਤਰ, ਸ਼੍ਰੀਮਤੀ ਆਸ਼ਾ ਮਿੱਤਲ, ਲਾਲਾ ਲਾਜਪਤ ਰਾਏ ਦਾ ਪੋਤਾ ਅਨਿਲ ਅਗਰਵਾਲ ਤੇ ਪੜਪੋਤਾ ਅਭਿਸ਼ੇਕ ਅਗਰਵਾਲ, ਕੁੰਦਨ ਲਾਲ ਅਗਰਵਾਲ, ਐਸ.ਪੀ ਸਹਿਦੇਵ, ਅਜੈ ਗੋਸਵਾਮੀ, ਜਗਦੀਸ਼ ਸਾਹਨੀ, ਯਤਿ ਸਤਿਆਪ੍ਰਿਯਾ, ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਐੈਡਵੋਕੇਟ ਸੁਰਦਸ਼ਨ ਕਪੂਰ, ਡਾ. ਅਰਵਿੰਦ ਸ਼ਰਮਾ, ਸ੍ਰੀਮਤੀ ਬਲਬੀਰ ਕੌਰ ਬੇਦੀ, ਡਾ: ਰਾਜੇਸ਼ ਕੁਮਾਰ, ਡਾ: ਪੁਸ਼ਪਿੰਦਰ ਵਾਲੀਆ, ਡਾ: ਅਨੀਤਾ ਮੈਨਨ, ਡਾ: ਨੀਰੂ ਚੱਢਾ, ਡਾ: ਜਸਵੀਰ, ਡਾ: ਵਰਿੰਦਰ ਭਾਟੀਆ, ਡਾ: ਅਨੂਪ, ਡਾ: ਸੀਮਾ, ਇੰਦਰਪਾਲ ਆਰੀਆ, ਰਾਕੇਸ਼ ਮਹਿਰਾ, ਐਡਵੋਕੇਟ ਕੁੰਵਰ ਰਜਿੰਦਰ, ਪ੍ਰਿੰ: ਡਾ: ਨੀਰਾ ਸ਼ਰਮਾ, ਪ੍ਰਿੰਸੀਪਲ ਡਾ: ਅੰਜਨਾ ਗੁਪਤਾ, ਪ੍ਰਿੰ: ਡਾ: ਅਜੈ ਬੇਰੀ, ਪ੍ਰਿੰਸੀਪਲ ਡਾ: ਵਿਪਿਨ ਜਿਸ਼ਠੂ, ਪ੍ਰਿੰ: ਪਰਮਜੀਤ ਕੁਮਾਰ ਅਤੇ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਜਲੰਧਰ, ਅਬੋਹਰ, ਬਠਿੰਡਾ, ਲੁਧਿਆਣਾ, ਮਾਨਸਾ, ਮਲੋਟ, ਗਿੱਦੜਬਾਹਾ ਦੇ ਵੱਖ-ਵੱਖ ਆਰੀਆ ਸਮਾਜ ਦੇ ਮਾਣਯੋਗ ਮੈਂਬਰ ਅਤੇ ਡੀ.ਏ.ਵੀ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਸ਼ਹਿਰ ਉਘੀਆਂ ਸ਼ਖਸ਼ੀਅਤਾਂ ਵੀ ਸ਼ਾਮਲ ਸਨ।ਸਮਾਗਮ ਦੀ ਸਮਾਪਤੀ ਸ਼ਾਂਤੀ ਪਾਠ ਨਾਲ ਹੋਈ ਤੇ ਅੰਤ ਵਿੱਚ ਲੰਗਰ ਦਾ ਆਯੋਜਨ ਵੀ ਕੀਤਾ ਗਿਆ।
Check Also
ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ
ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …
Punjab Post Daily Online Newspaper & Print Media