ਵਿਦਿਆਰਥੀਆਂ ਨੂੰ ਸਾਕਾਰਾਤਮਕ ਰਾਜਨੀਤੀ ਲਈ ਵੀ ਪਰੇਰ ਗਏ
ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਵਿਦਿਆਰਥੀ ਵਰਗ ਵਿਚ ਦਿਨੋ ਦਿਨ ਆਪਣੇ ਕੈਰੀਅਰ ਨੂੰ ਲੈ ਕੇ ਪਾਈ ਜਾ ਰਹੀ
ਨਿਰਾਸ਼ਤਾ `ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਆਈ.ਏ.ਐਸ ਨੇ ਉਨ੍ਹਾਂ ਨੂੰ ਮਾਨਸਿਕ ਤੌਰ `ਤੇ ਇਸ ਵਿਚੋਂ ਬਾਹਰ ਕੱਢਣ ਦੀ ਲੋੜ `ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਸਿਵਲ ਸੇਵਾਵਾਂ ਦੇ ਖੇਤਰ ਵੱਲ ਆਪਣਾ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਡੀਟੋਰੀਅਮ ਵਿਚ `ਵਿਦਿਆਰਥੀਆਂ ਨੂੰ ਸਿਵਲ ਸਰਵਿਸਜ਼ ਦੀ ਚੋਣ ਕੈਰੀਅਰ ਵਜੋਂ ਕਿਉਂ ਕਰਨੀ ਚਾਹੀਦੀ ਹੈ?` ਵਿਸ਼ੇ ਉਪਰ ਕਰਵਾਏ ਗਏ ਵਿਸ਼ਸ਼ ਭਾਸ਼ਣ ਵਿਚ ਬੋਲ ਰਹੇ ਸਨ। ਉਨ੍ਹਾਂ ਦੇ ਭਾਸ਼ਣ ਨੂੰ ਵਿਦਿਆਰਥੀਆਂ ਨੇ ਸਾਹ ਰੋਕ ਕੇ ਇਕਾਗਰਤਾ ਦੇ ਨਾਲ ਸੁਣਿਆ ਅਤੇ ਸਾਕਾਰਾਤਮਕ ਊਰਜਾ ਦੇ ਨਾਲ ਭਰਪੂਰ ਹੋ ਗਏ। ਰਸਮੀ ਭਾਸ਼ਣ ਖਤਮ ਹੋਣ ਦੇ ਬਾਅਦ ਵੀ ਵਿਦਿਆਰਥੀ ਉਨ੍ਹਾਂ ਨੂੰ ਅਪਣੱਤ ਨਾਲ ਮਿਲਦੇ ਰਹੇ ਅਤੇ ਕਈ ਸੁਆਲ ਪੁਛਦੇ ਰਹੇ।
ਯੂਨੀਵਰਸਿਟੀ ਦੇ ਯੂਨੀਵਰਸਿਟੀ-ਇੰਡਸਟਰੀ ਲਿੰਕੇਜ ਪ੍ਰੋਗਰਾਮ ਅਤੇ ਇੰਟਲੈਕਚੁਅਲ ਪਰਾਪਰਟੀ ਰਾਈਟਸ ਸੈਲ ਵੱਲੋਂ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਇਸ ਲੈਕਚਰ ਵਿਚ ਉਨ੍ਹਾਂ ਦੇ ਇਥੇ ਪੁੱਜਣ `ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਹਰ ਖੇਤਰ ਵਿਚ ਅੱਗੇ ਲੈ ਕੇ ਜਾਣ ਦੇ ਲਈ ਜਰੂਰੀ ਹੈ ਕਿ ਵੱਡੇ ਅਹੁਦਿਆਂ `ਤੇ ਪੰਜਾਬ ਦੇ ਨੌਜੁਆਨ ਕਾਰਜ ਭਾਰ ਸੰਭਾਲਣ। ਉਨ੍ਹਾਂ ਕਿਹਾ ਕਿ ਇਸ ਸਮੇਂ ਜੋ ਸਥਿਤੀ ਬਣੀ ਹੋਈ ਹੈ, ਪੰਜਾਬ ਦੇ ਨੌਜੁਆਨ ਬਹੁਤ ਹੀ ਘੱਟ ਹਨ ਜਿਸ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਵੱਲ ਲ਼ੈ ਕੇ ਜਾਣ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਜਿਥੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨ ਟ੍ਰੇਨਿੰਗ ਸੈਂਟਰ ਸਥਾਪਤ ਹੈ ਉਥੇ ਫੌਜ ਵਿਚ ਉਚ ਅਹੁਦਿਆਂ ਦੇ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਮਿਲਟਰੀ ਐਕਡਮੀ ਬਣਾਉਣ ਦੀ ਵੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਸ੍ਰੀ ਕੌਸ਼ਲ ਦੇ ਗਿਆਨ ਅਤੇ ਤਜ਼ਰਬਿਆਂ ਤੋਂ ਲਾਭ ਲੈਣ ਅਤੇ ਆਪਣਾ ਕੈਰੀਅਰ ਸਿਵਲ ਸੇਵਾਵਾਂ ਵਿਚ ਬਣਾਉਣ ਲਈ ਰੁਚਿਤ ਹੋਣ।
ਇਸ ਤੋਂ ਪਹਿਲਾਂ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਸ੍ਰੀ ਕੌਸ਼ਲ ਦਾ ਯੂਨੀਵਰਸਿਟੀ ਪੁੱਜਣ `ਤੇ ਜੀ ਆਇਆਂ ਆਖਿਆ ਅਤੇ ਭਾਸ਼ਣ ਦੇ ਕੋਆਰਡੀਨੇਟਰ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ ਮੁੱਖ ਮਹਿਮਾਨ ਸ੍ਰੀ ਕੌਸ਼ਲ ਦਾ ਵਿਦਿਆਰਥੀਆਂ ਨਾਲ ਤੁਆਰਫ ਕਰਵਾਇਆ। ਡੀਨ ਵਿਦਿਆਰਥੀ ਭਲਾਈ, ਪ੍ਰੋ. ਹਰਦੀਪ ਸਿੰਘ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਪ੍ਰੋ. ਮਨੋਜ ਕੁਮਾਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ, ਕਾਲਜਾਂ ਤੋਂ ਵਿਦਿਆਰਥੀਆਂ ਖੋਜਾਰਥੀਆਂ ਤੋਂ ਇਲਾਵਾ ਅਧਿਆਪਕਾਂ ਨੇ ਇਸ ਭਾਸ਼ਣ ਵਿਚ ਭਾਗ ਲਿਆ।
ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਵਿਚ ਕੈਰੀਅਰ ਬਣਾਉਣ ਨੂੰ ਸਭ ਤੋਂ ਸੌਖਾ ਕਰਾਰ ਦਿੰਦਿਆਂ ਇਸ ਸੇ ਲਈ ਸਿਰਫ ਉਨ੍ਹਾਂ ਨੂੰ ਆਪਣੇ ਆਪ ਵਿਚ ਆਤਮ ਵਿਸ਼ਵਾਸ ਜਗਾਉਣ ਅਤੇ ਦ੍ਰਿੜਤਾ ਸ਼ਕਤੀ ਦੇ ਨਾਲ ਜੁਟ ਜਾਣ ਦੀ ਹੀ ਲੋੜ ਹੈ। ਉਨ੍ਹਾਂ ਆਪਣੇ ਜੋਸ਼ੀਲੇ ਅਤੇ ਪ੍ਰੇਰਣਾਦਾਇਕ ਭਾਸ਼ਣ ਵਿਚ ਜਿਥੇ ਪੰਜਾਬ ਦੇ ਹਰ ਖੇਤਰ ਵਿਚ ਲਗਾਤਾਰ ਆ ਰਹੇ ਨਿਘਾਰ ਤੋਂ ਜਾਣੂ ਕਰਵਾਇਆ ਉਥੇ ਅਜਿਹੇ ਹਲਾਤਾਂ ਵਿਚੋਂ ਪੰਜਾਬ ਨੰ ਬਾਹਰ ਕੱਢਣ ਦੇ ਲਈ ਵਿਦਿਆਰਥੀਆਂ ਨੂੰ ਅੱਗੇ ਆਉਣ `ਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪੀੜ੍ਹੀ ਵੱਲੋਂ ਜੋ ਅਣਗਹਿਲੀਆਂ ਹੋਈਆਂ ਹਨ, ਦਾ ਖਮਿਆਜ਼ਾ ਉਹ ਭੁਗਤ ਰਹੇ ਹਨ। ਉਨ੍ਹਾਂ ਨੇ ਮੰਨਿਆ ਕਿ ਇਨ੍ਹਾਂ ਕਮੀਆਂ ਵਿਚ ਸੁਧਾਰ ਲਿਆਉਣ ਦੀਆਂ ਅਸੀਮ ਸੰਭਾਵਨਾਵਾਂ ਅਜੇ ਵੀ ਬਣੀਆਂ ਹੋਈਆਂ ਹਨ। ਇਸ ਦੇ ਲਈ ਅੱਜ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਪਣਾ ਕੈਰੀਅਰ ਸਿਵਲ ਸੇਵਾਵਾਂ ਵਿਚ ਬਣਾਉਣ ਅਤੇ ਪ੍ਰਬੰਧ ਵਿਚ ਲੋੜੀਂਦੇ ਸੁਧਾਰ ਲਿਆ ਕੇ ਨਵੀਂ ਦਿਸ਼ਾ ਦੇਣ।
ਉਨ੍ਹਾਂ ਕਿਹਾ ਕਿ ਭਾਵੇਂ ਲਏ ਜਾਣ ਵਾਲੇ ਫੈਸਲਿਆਂ ਵਿਚ ਰਾਜਨੀਤਿਕ ਢਾਂਚੇ ਦੀ ਹੀ ਭੂਮਿਕਾ ਹੁੰਦੀ ਹੈ ਪਰ ਅਫਸਰਸ਼ਾਹੀ ਵੱਲੋਂ ਨੀਤੀ ਨਿਰਮਾਣ ਵਿਚ ਬਹੁਤ ਅਹਿਮ ਰੋਲ ਅਦਾ ਕੀਤਾ ਜਾਂਦਾ ਹੈ ਅਤੇ ਚੰਗੀ ਅਫਸਰਸ਼ਾਹੀ ਚੰਗੇ ਨਤੀਜੇ ਲਿਆਉਣ ਵਿਚ ਕਾਫੀ ਵੱਡੀ ਭੂਮਿਕਾ ਨਿਭਾਅ ਸਕਦੀ ਹੈ। ਸਿਰਫ ਫੇਲ ਹੋਣ ਜਾਣ ਦੇ ਡਰੋਂ ਹੀ ਵਿਦਿਆਰਥੀਆਂ ਵੱਲੋਂ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਂਵਾਂ ਤੋਂ ਮੁੂੰਹ ਮੋੜਿਆ ਜਾ ਰਿਹਾ ਹੈ, ਪੰਜਾਬ ਨੂੰ ਨਿਰਾਸ਼ਾ ਦੇ ਆਲਮ ਵਿਚ ਲੈ ਜਾਵੇਗਾ। ਉਨ੍ਹਾਂ ਕਿਹਾ ਕਿ ਸਾਕਾਰਾਤਮਕ ਸੋਚ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ ਉਨ੍ਹਾਂ ਨੇ ਇਸ ਗੱਲ `ਤੇ ਵੀ ਗਹਿਰੀ ਚਿੰਤਾ ਪ੍ਰਗਟਾਈ ਕਿ ਵਿਦਿਆਰਥੀਆਂ ਵਿਚ ਦਿਨੋਂ ਦਿਨ ਚੁਣੌਤੀਆਂ ਖਿੜੇ ਮੱਥੇ ਸਵੀਕਾਰ ਕਰਨ ਦੀ ਇੱਛਾ ਸ਼ਕਤੀ ਦਾ ਘਟਣਾ ਕੋਈ ਚੰਗਾ ਸੰਕੇਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਰੂਰੀ ਹੈ ਕਿ ਵਿਦਿਆਰਥੀ ਆਪਣੇ ਕੈਰੀਅਰ ਨੂੰ ਲੈ ਕੇ ਅੱਜ ਤੋਂ ਹੀ ਸੁਚੇਤ ਹੋ ਜਾਣ ਉਨ੍ਹਾਂ ਦੇ ਮੋਢਿਆਂ `ਤੇ ਹੀ ਭਾਰਤੀ ਸਮਾਜ ਨੂੰ ਸੇਧ ਦੇਣ ਦੀ ਜ਼ਿੰਮੇਵਾਰੀ ਆਣ ਪਈ ਹੈ। ਉਨ੍ਹਾਂ ਦੇ ਕੈਰੀਅਰ ਦੇ ਨਾਲ ਹੀ ਪੰਜਾਬ ਦਾ ਕੈਰੀਅਰ ਬਣਨਾ ਹੈ, ਦਾ ਗੁਰਮੰਤਰ ਦਿੰਦਿਆਂ ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਨੌਜੁਆਨਾਂ ਦੇ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਜਿਸ ਦੇ ਕਾਰਨ ਉਹ ਸਿਵਲ ਸੇਵਾਵਾਂ ਤੋਂ ਆਪਣਾ ਕੈਰੀਅਰ ਬਣਾਉਣ ਤੋਂ ਪਿਛੇ ਰਹਿ ਜਾਣ। ਵਿਦੇਸ਼ਾਂ ਵਿਚ ਸੈਟਲ ਹੋਣ ਦੀ ਵੱਧ ਰਹੀ ਦੌੜ ਨੂੰ ਵੀ ਉਨ੍ਹਾਂ ਨੇ ਖਤਰਨਾਕ ਰੁਝਾਨ ਕਰਾਰ ਦਿੰਦਿਆਂ ਕਿਹਾ ਕਿ ਨੌਜਆਨ ਇਥੇ ਵੀ ਉਸੇ ਲਗਨ, ਮਿਹਨਤ ਅਤੇ ਦ੍ਰਿੜਤਾ ਨਾਲ ਕੰਮ ਕਰਨ ਜਿਵੇਂ ਉਨਾਂ੍ਹ ਨੂੰ ਵਿਦੇਸ਼ਾਂ ਵਿਚ ਜਾ ਕੇ ਕਰਨਾ ਪੈਂਦਾ ਹੈ।
ਸਾਬਕਾ ਸਕੱਤਰ ਪੰਜਾਬ ਨੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਰੁਚੀਦਾਇਕ ਗਤੀਵਿਧੀਆਂ ਵਿਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਲਗਾਤਾਰ ਪੜ੍ਹਨ ਦੀ ਆਦਤ ਵੀ ਪਾਉਣ। ਉਨ੍ਹਾਂ ਨੇ ਇਸ ਸਮੇਂ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਵਿਚ ਸਫਲ ਰਹਿਣ ਦੇ ਕੁੱਝ ਗੁਰ ਵੀ ਵਿਦਿਆਰਥੀਆਂ ਨੂੰ ਦੱਸੇ ਅਤੇ ਉਨ੍ਹਾਂ ਦੇ ਸੁਆਲਾਂ ਦੇ ਜੁਆਬ ਵੀ ਬਹੁਤ ਹੀ ਭਾਵਪੂਰਤ ਅੰਦਾਜ਼ ਵਿਚ ਦੇਂਦਿਆਂ ਕਿਹਾ ਕਿ ਰਾਜਨੀਤੀ ਵਿਚ ਵੀ ਵਿਦਿਆਰਥੀਆਂ ਨੂੰ ਪੂਰੀ ਰੁਚੀ ਲੈਣੀ ਚਾਹੀਦੀ ਹੈ ਅਤੇ ਬਤੌਰ ਕੈਰੀਅਰ ਵੀ ਅਪਣਾ ਕੇ ਰਾਜਨੀਤੀ ਨੂੰ ਨਵੀਂ ਉਸਾਰੂ ਦਿਸ਼ਾ ਦੇਣੀ ਚਾਹੀਦੀ ਹੈ।
ਕੌਸ਼ਲ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਪੁਰਾਣੀਆਂ ਯਾਦਾਂ ਸਾਝੀਆਂ ਕਰਦਿਆਂ ਉਨ੍ਹਾਂ ਨੂੰ ਆਪਣੀ ਰੋਜ਼ਮਰ੍ਰਾ ਜ਼ਿੰਦਗੀ ਵਿਚ ਕੁੱਝ ਨਾ ਮਾਤਰ ਤਬਦੀਲੀਆਂ ਕਰਨ ਵੱਲ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਜਿਹਾ ਕਰਨ ਨਾਲ ਵੀ ਉਨਾਂ ਦੀ ਜ਼ਿੰਦਗੀ ਬਦਲ ਜਾਵੇਗੀ ਅਤੇ ਹੋਰ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿੰਦਗੀ ਵਿਚ ਸਮਾਂ ਵਾਪਿਸ ਨਹੀਂ ਆਉਂਦਾ ਇਸ ਕਰਕੇ ਵੱਡੀਆਂ ਗਲਤੀਆਂ ਕਰਨ ਦੀ ਗੁਜਾਇੰਸ਼ ਨਹੀਂ ਹੁੰਦੀ ਅਤੇ ਚੰਗੀ ਨੀਅਤ ਨਾਲ ਕੀਤਾ ਜਾਣ ਵਾਲਾ ਕੰਮ ਵੀ ਪੂਜਾ ਤੋਂ ਘੱਟ ਨਹੀਂ ਹੁੰਦਾ।
ਉਨ੍ਹਾਂ ਨੇ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਜਿਥੇ ਇਕ ਪਾਸੇ ਪੈਸਿਆਂ ਦੀ ਚਕਾਚੌਂਧ ਦੇ ਨਾਲ ਇਕ ਦੂਜੇ ਦੇ ਦੁਖ ਸੁਖ ਅਤੇ ਹੱਸਣ ਖੇਡਣ ਦੇ ਅਹਿਸਾਸ ਮਨਫੀ ਹੋ ਰਹੇ ਹਨ ਉਥੇ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿ ਸਾਨੂੰ ਆਪਣੀ ਵਿਰਾਸਤ ਤੇ ਪਰੰਪਰਾਵਾਂ ਨੂੰ ਬਚਾਈ ਰੱਖਣਾ ਹੈ। ਉਨ੍ਹਾਂ ਨੇ ਇਸ ਸਮੇਂ ਕਈ ਖੇਤਰਾਂ ਵਿਚ ਆ ਰਹੇ ਨਿਘਾਰ ਦੀ ਧੰੁਧਲੀ ਤਸਵੀਰ ਵਿਦਿਆਰਥੀਆਂ ਸਾਹਮਣੇ ਲਿਆਉਂਦਿਆਂ ਕਿਹਾ ਕਿ ਜੇ ਅੱਜ ਅਸੀਂ ਨਾ ਸੰਭਲੇ ਤਾਂ ਕੱਲ੍ਹ ਬਹੁਤ ਦੂਰ ਹੋ ਜਾਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ, ਉਨ੍ਹਾਂ ਸਾਰੇ ਭਰਮ ਭੁਲੇਖਿਆਂ ਨੰ ਵੀ ਸਮਾਜ ਵਿਚੋਂ ਦੂਰ ਕਰਨ ਜੋ ਵਿਕਾਸ ਦੇ ਰਾਹ ਵਿਚ ਰੋੜਾ ਹਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media