ਕਪੂਰਥਲਾ ਜਿਲੇ ‘ਚ ਬੀਮਾਰੀ ਨਾਲ ਨਜਿਠਣ ਲਈ ਪ੍ਰਬੰਧ ਮੁੰਕਮਲ- ਡਾ. ਜਸਮੀਤ ਬਾਵਾ
ਕਪੂਰਥਲਾ, 7 ਫਰਵਰੀ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀ।ਇਸ ਬਿਮਾਰੀ ਨਾਲ ਨਿਜੱਠਣ ਲਈ ਸਿਹਤ ਵਿਭਾਗ
ਕਪੂਰਥਲਾ ਪੂਰੀ ਤਰ੍ਹਾਂ ਸੁਚੇਤ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਜਸਮੀਤ ਬਾਵਾ, ਸਿਵਲ ਸਰਜਨ ਕਪੂਰਥਲਾ ਨੇ ਕੀਤਾ।ਉਨ੍ਹਾਂ ਕਿਹਾ ਕਿ ਚੀਨ ਦੇਸ਼ ਤੋਂ ਵੱਖ-ਵੱਖ ਦੇਸ਼ਾਂ ਵਿੱਚ ਫੈਲੀ ਨੋਵਲ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਵੇਖਦੇ ਹੋਏ ਇਸ ਬਿਮਾਰੀ ਨਾਲ ਨਜਿੱਠਣ ਲਈ ਢੁੱਕਵੇ ਪ੍ਰਬੰਧ ਮੁੰਕਮਲ ਕਰਵਾਏ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕੁੱਝ ਦਿਨਾਂ ਤੋਂ ਵੱਖ-ਵੱਖ ਦੇਸ਼ਾਂ ਵਿੱਚ ਫੈਲੇ ਨੋਵਲ ਕਰੋਨਾ ਵਾਇਰਸ ਦੇ ਰੋਗ ਨਾਲ ਕਪੂਰਥਲਾ ਜਿਲ੍ਹੇ ਅੰਦਰ ਫਿਲਹਾਲ ਕੋਈ ਵੀ ਪੀੜਿਤ ਸਾਹਮਣੇ ਨਹੀ ਆਇਆ ਹੈ।ਜੋ ਵੀ ਵਿਅਕਤੀ ਜੋ ਚੀਨ ਤੋ ਆ ਰਿਹਾ ਹੈ ਜਾਂ ਕੋਈ ਚੀਨ ਤੋ ਆਉਣ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਹੈ।ਉਸ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ।ਹਸਪਤਾਲ ਦੀ ਟੀਮ ਵੱਲੋ ਰੋਜਾਨਾ ਉਸ ਦੇ ਘਰ ਤੱਕ ਪਹੁੰਚ ਕਰਕੇ ਉਸ ਦਾ ਧਿਆਨ ਰੱਖਿਆ ਜਾ ਰਿਹਾ ਹੈ।ਸਿਵਲ ਸਰਜਨ ਡਾ. ਬਾਵਾ ਵੱਲੋਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋ ਜਾਰੀ ਹਦਾਇਤਾ ਦੇ ਮੱਦੇਨਜਰ ਜਿਲ੍ਹੇ ਅੰਦਰ ਢੁੱਕਵੇ ਪ੍ਰਬੰਧ ਮੁੰਕਮਲ ਕਰਵਾ ਲਏ ਗਏ ਹਨ।ਇਸ ਸਬੰਧੀ ਜਿਲ੍ਹੇ ਦੇ ਸਾਰੇ ਮੈਡੀਕਲ ਅਫਸਰਾਂ, ਮੈਡੀਸਨ ਮਾਹਿਰਾਂ ਅਤੇ ਨਿੱਜੀ ਹਸਪਤਾਲ ਚਲਾ ਰਹੇ ਡਾਕਟਰਾਂ ਨਾਲ ਮੀਟਿੰਗਾਂ ਕਰਕੇ ਸਿਵਲ ਸਰਜਨ ਕਪੂਰਥਲਾ ਵੱਲੋ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਤੋ ਜਾਣੂ ਕਰਵਾਉਂਦਿਆ ਲੋੜੀਂਦੇ ਪ੍ਰਬੰਧ ਮੁੰਕਮਲ ਕਰਨ ਲਈ ਕਿਹਾ ਜਾ ਚੁੱਕਿਆ ਹੈ।
ਨੋਵਲ ਕਰੋਨਾ ਵਾਇਰਸ ਦੇ ਲੱਛਣ ਅਤੇ ਬਚਾਅ ਸਬੰਧੀ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਖਾਂਸੀ, ਬੁਖਾਰ ਅਤੇ ਸਾਂਹ ਲੈਣ ਵਿੱਚ ਤਕਲੀਫ ਆਦਿ ਇਸ ਰੋਗ ਦੇ ਲੱਛਣ ਹਨ।ਇਸ ਭਿਆਨਕ ਬਿਮਾਰੀ ਤੋਂ ਬਚਾਅ ਲਈ ਜਰੂਰੀ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਪਿਛਲੇ 30 ਦਿਨਾਂ ਵਿੱਚ ਚੀਨ ਦਾ ਦੌਰਾ ਕੀਤਾ ਹੈ ਅਤੇ ਉਸ ਵਿੱਚ ਉਕਤ ਲੱਛਣ ਹਨ ਤਾਂ ਉਸ ਨੂੰ ਨਜਦੀਕੀ ਸਿਹਤ ਕੇਂਦਰ ਦੇ ਡਾਕਟਰ ਨਾਲ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ‘ਤੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ, ਮਾਸਕ ਦਾ ਪ੍ਰਯੋਗ ਕਰਦਿਆਂ ਦੂਜੇ ਵਿਅਕਤੀ ਤੋਂ ਘੱਟੋ-ਘੱਟ 3 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਭੀੜ ਵਾਲੀਆ ਥਾਵਾਂ ‘ਤੇ ਜਾਣ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਬਿਮਾਰੀ ਤੋ ਨਿਜ਼ਾਤ ਪਾਉਣ ਲਈ ਘਰੇਲੂ ਨੁਸਖਿਆਂ ਨਾਲ ਇਲਾਜ ਕਰਨ ਦੀ ਬਜ਼ਾਏ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਦਵਾਈ ਲੈਣੀ ਚਾਹੀਦੀ ਹੈ। ਖੰਘਦੇ ਅਤੇ ਛਿਕਦੇ ਸਮੇਂ ਰੁਮਾਲ ਨਾਲ ਮੂੰਹ ਅਤੇ ਨੱਕ ਢੱਕ ਕੇ ਰੱਖਣਾ ਚਾਹੀਦਾ ਹੈ।ਮਾਸ, ਮੱਛੀ, ਮੀਟ ਅਤੇ ਅੰਡੇ ਸਾਫ ਪਾਣੀ ਚੰਗੀ ਤਰ੍ਹਾਂ ਧੋ ਕੇ ਪੂਰੀ ਤਰ੍ਹਾਂ ਪਕਾ ਕੇ ਖਾਓ।ਆਪਣੇ ਗਲੇ ਨੂੰ ਸੁਕਣ ਨਾ ਦਿਓ ਅਤੇ ਸਮੇਂ ਸਮੇਂ ਤੇ ਸਾਫ ਪਾਣੀ ਪੀਂਦੇ ਰਹੋ।ਪਾਲਤੂ ਅਤੇ ਜੰਗਲੀ ਜਾਨਵਰਾਂ ਨਾਲ ਅਸੁਰਖਿਤ ਸੰਪਰਕ ਨਹੀ ਰੱਖਿਆ ਜਾਣਾ ਚਾਹੀਦਾ, ਜੇਕਰ ਕਿਸੇ ਵਿਅਕਤੀ ਵਿੱਚ ਇਸ ਬਿਮਾਰੀ ਦੇ ਉਪਰੋਕਤ ਲੱਛਣ ਵੇਖੇ ਜਾਂਦੇ ਹਨ ਤਾਂ ਉਸ ਨੂੰ ਇੱਕਲੇ ਰੱਖਿਆ ਜਾਣਾ ਚਾਹੀਦਾ ਹੈ ਅਤੇ ਤੁਰੰਤ ਹੀ ਨੇੜੇ ਦੇ ਸਿਹਤ ਕੇਂਦਰ ਵਿੱਚ ਲਿਜਾਣਾ ਚਾਹੀਦਾ ਹੈ।
Punjab Post Daily Online Newspaper & Print Media