ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਸਬੰਧਿਤ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ ਮੀਟਿੰਗ
ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੇਸ਼ ਦੀ 8ਵੀਂ ਜਨਗਣਨਾ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ
ਵਿਕਾਸ ਅੰਮ੍ਰਿਤਸਰ ਸ੍ਰੀਮਤੀ ਪੱਲਵੀ ਚੌਧਰੀ ਨੇ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਸਬੰਧਿਤ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ।ਅੰਕੂਰਜੀਤ ਸਿੰਘ ਆਈ.ਏ.ਐਸ, ਵਧੀਕ ਕਮਿਸਨਰ, ਨਗਰ ਨਿਗਮ ਸੰਦੀਪ ਰਿਸ਼ੀ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਰਜਤ ਓਬਰਾਏ, ਐਸ.ਡੀ.ਐਮ ਅੰਮ੍ਰਿਤਸਰ-1 ਸ਼ਿਵਰਾਜ ਸਿੰਘ ਬੱਲ ਤੇ ਅੰਮ੍ਰਿਤਸਰ- 2 ਵਿਕਾਸ ਹੀਰਾ, ਐਸ.ਡੀ.ਐਮ ਅਜਨਾਲਾ ਦੀਪਕ ਭਾਟੀਆ, ਐਸ.ਡੀ.ਐਮ ਬਾਬਾ ਬਕਾਲਾ ਸ਼੍ਰੀਮਤੀ ਸੁਮਿਤ ਮੁੱਧ ਮਕੇਸ਼ ਸ਼ਰਮਾ ਜ਼ਿਲ੍ਹਾ ਮਾਲ ਅਫ਼ਸਰ ਤੋਂ ਇਲਾਵਾ ਸਬੰਧਿਤ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੈਡਮ ਪੱਲਵੀ ਚੌਧਰੀ ਨੇ ਸਮੂਹ ਅਧਿਕਾਰੀਆਂ ਨੂੰ ਜਨਗਣਨਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਭਾਰਤ ਦੀ ਜਨਗਣਨਾ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ ਅਤੇ ਜਨਗਣਨਾ ਦੇ ਅਧਾਰ ’ਤੇ ਹੀ ਰਾਸ਼ਟਰ, ਰਾਜ ਅਤੇ ਪਿੰਡ ਪੱਧਰ ਦੇ ਆਂਕੜੇ ਸਰਕਾਰ ਤੱਕ ਪਹੁੰਚਦੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਆਂਕੜਿਆਂ ਦੀ ਵਰਤੋਂ ਕਰਕੇ ਹੀ ਸਰਕਾਰਾਂ ਯੋਜਨਾਵਾਂ ਅਤੇ ਨੀਤੀਆਂ ਤਿਆਰ ਕਰਦੀਆਂ ਹਨ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸੇ ਕਰਕੇ ਪੂਰੀ ਲਗਨ ਅਤੇ ਤਨਦੇਹੀ ਨਾਲ ਬਿਲਕੁੱਲ ਸਹੀ ਆਂਕੜੇ ਇੱਕਠੇ ਕੀਤੇ ਜਾਣ, ਤਾਂ ਜੋ ਇਨ੍ਹਾਂ ਆਂਕੜਿਆਂ ਤੋਂ ਜਨਗਣਨਾ ਦਾ ਸਹੀ ਅਨੁਮਾਨ ਹੋ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੇਸ਼ ਦੀ ਜਨਗਣਨਾ ਕਰਨ ਦਾ ਕੰਮ 1 ਜਨਵਰੀ 2020 ਤੋਂ 31 ਮਾਰਚ 2021 ਤੱਕ ਮੁਕੰਮਲ ਕੀਤਾ ਜਾਣਾ ਹੈ।ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾ 15 ਮਈ 2020 ਤੋਂ 30 ਜੂਨ 2020 ਤੱਕ ਜ਼ਿਲ੍ਹੇ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਤੋਂ ਇਲਾਵਾ ਵਸੋਂ ਵਾਲੇ ਖੇਤਰਾਂ ਤੇ ਕੰਨਟੋਨਮੈਂਟ ਏਰੀਆ ਵਿੱਚ ਪੈਂਦੇ ਘਰਾਂ ਦੀ ਨੰਬਰਿੰਗ ਕੀਤੀ ਜਾਵੇਗੀ ਅਤੇ ਅਗਲੇ ਸਾਲ ਫਰਵਰੀ ਵਿੱਚ ਘਰ-ਘਰ ਜਾ ਕੇ ਜਨਗਣਨਾ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਤੇ ਹੋਰ ਸਟਾਫ਼ ਨੂੰ ਮਾਸਟਰ ਟਰੇਨਰਜ਼ ਵਲੋਂ ਟਰੇਨਿੰਗ ਦਿੱਤੀ ਜਾਵੇਗੀ ਅਤੇ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਮੋਬਾਇਲ ਐਪ ਦੀ ਵਰਤੋਂ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ।
Punjab Post Daily Online Newspaper & Print Media