ਅਰਬ ਦੇਸ਼ਾਂ ‘ਚ ਕੁੜੀਆਂ ਵੇਚਣ ਵਾਲੇ ਭਾਰਤੀ ਏਜੰਟਾਂ ਨੂੰ ਵੀ ਨੱਥ ਪਾਵੇ ਸਰਕਾਰ – ਓਬਰਾਏ
ਅੰਮ੍ਰਿਤਸਰ, 13 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਅਰਬ ਦੇਸ਼ਾਂ ਅੰਦਰ ਸਜ਼ਾ ਜ਼ਾਫਤਾ ਅਨੇਕਾਂ ਨੌਜਵਾਨਾਂ ਨੂੰ ਫ਼ਾਸੀ ਦੇ ਫ਼ੰਦੇ ਤੋਂ ਬਚਾਉਣ ਲਈ ਆਪਣੇ ਕੋਲੋਂ ਪਹਿਲਾਂ ਹੀ ਕਰੋੜਾਂ ਰੁਪਏ ਖਰਚ ਕਰ ਚੁੱਕੇ `ਸਰਬੱਤ ਦੇ ਭਲੇ` ਦੀ ਭਾਵਨਾ ਤੇ ਤਨੋ-ਮਨੋ ਪਹਿਰਾ ਦੇਣ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐਸ.ਪੀ ਸਿੰਘ ਓਬਰਾਏ ਇੱਕ ਵਾਰ ਮੁੜ ਅਰਬ ਦੇਸ਼ਾਂ ਅੰਦਰ ਫ਼ਸੀਆਂ ਕੁੜੀਆਂ ਨੂੰ ਬਚਾਉਣ ਲਈ ਅੱਗੇ ਆਏ ਹਨ।
ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਮਸਕਟ ਦੇ ਭਾਰਤੀ ਦੂਤਾਵਾਸ ‘ਚ ਭਾਰਤ ਆਉਣ ਲਈ ਤਰਲੇ ਲੈ ਰਹੀਆਂ ਕੁੱਝ ਪੰਜਾਬੀ ਲੜਕੀਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਸੀ।ਜਿਸ ਵਿੱਚ ਉਕਤ ਲੜਕੀਆਂ ਰੋਂਦੀਆਂ ਹੋਈਆਂ ਆਪਣੇ ਹਾਲਾਤ ਬਿਆਨ ਕਰ ਰਹੀਆਂ ਸਨ।ਉਘੇ ਸਮਾਜ ਸੇਵੀ ਡਾ. ਐਸ.ਪੀ ਸਿੰਘ ਓਬਰਾਏ ਨੇ ਇਸ ਮਸਲੇ ਦੇ ਹੱਲ ਲਈ ਮਿਸਾਲੀ ਪਹਿਲਕਦਮੀ ਕੀਤੀ ਹੈ।
ਦੁਬਈ ਤੋਂ ਜਾਰੀ ਇੱਕ ਬਿਆਨ ਰਾਹੀਂ ਡਾ.ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਭਾਰਤ ਦੇ ਕੁੱਝ ਗਲਤ ਏਜੰਟ ਭੋਲੀਆਂ-ਭਾਲੀਆਂ ਲੜਕੀਆਂ ਨੂੰ ਚੰਗੀ ਨੌਕਰੀ ਦਾ ਲਾਲਚ ਦੇ ਕੇ ਪਹਿਲਾਂ ਥੋੜ੍ਹੇ ਸਮੇਂ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦੁਬਈ ਭੇਜਦੇ ਹਨ।ਕੁੱਝ ਦਿਨਾਂ ਬਾਅਦ ਵੀਜ਼ਾ ਖਤਮ ਹੋਣ ਉਪਰੰਤ ਜਦ ਦੁਬਈ `ਚ ਗੈਰ ਕਾਨੂੰਨੀ ਤੌਰ ‘ਤੇ ਰਹਿਣਾ ਔਖਾ ਹੋ ਜਾਂਦਾ ਹੈ ਤਾਂ ਫਿਰ ਉਨ੍ਹਾਂ ਲੜਕੀਆਂ ਨੂੰ ਗਲਤ ਤਰੀਕੇ ਨਾਲ ਸੜਕੀ ਰਸਤੇ ਰਾਹੀਂ ਮਸਕਟ ਲੈ ਜਾਂਦੇ ਹਨ, ਜਿਥੇ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਹੈ।ਦੁੱਖੀ ਹੋ ਕੇ ਇਹ ਲੜਕੀਆਂ ਪਿੱਛੇ ਵਾਪਸ ਆਉਣਾ ਚਾਹੁੰਦੀਆਂ ਹਨ।ਪਰ ਮਜਬੂਰੀ ਵੱਸ ਇਹ ਵਾਪਸ ਨਹੀਂ ਆ ਸਕਦੀਆਂ ਕਿਉਂਕਿ ਇਨ੍ਹਾਂ ਦੇ ਪਾਸਪੋਰਟ ਤੇ ਹੋਰ ਜ਼ਰੂਰੀ ਕਾਗਜ਼ਾਤ ਇਨ੍ਹਾਂ ਦੇ ਖਰੀਦਦਾਰਾਂ ਕੋਲ ਹੁੰਦੇ ਹਨ।ਪਿਛਲੇ ਸਾਲ ਵੀ ਉਨ੍ਹਾਂ ਵਲੋਂ ਕੀਤੇ ਸਰਵੇ `ਚ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਸਮੇਂ 104 ਲੜਕੀਆਂ ਨੇ ਆਪਣੇ ਕੰਮਾਂ ਤੋਂ ਭੱਜ ਕੇ ਮਸਕਟ ਅੰਬੈਸੀ ਤੇ ਗੁਰਦੁਆਰਾ ਸਾਹਿਬ ਅੰਦਰ ਸ਼ਰਨ ਲਈ ਸੀ।ਇਨ੍ਹਾਂ ਵਿੱਚੋਂ 65 ਲੜਕੀਆਂ ਭਾਰਤੀ ਸਨ।ਉਨ੍ਹਾਂ ਦੱਸਿਆ ਕਿ ਉਸ ਵੇਲੇ ਉਨ੍ਹਾਂ ਨੇ ਭਾਰਤ ਸਰਕਾਰ ਤੇ ਮਸਕਟ `ਚ ਭਾਰਤੀ ਅੰਬੈਸਡਰ ਨੂੰ ਵੀ ਇਸ ਮਸਲੇ ਸਬੰਧੀ ਪੱਤਰ ਲਿਖ ਕੇ ਕਿਹਾ ਸੀ ਕਿ ਇਨ੍ਹਾਂ ਲੜਕੀਆਂ ਨੂੰ ਵਾਪਸ ਭੇਜਣ ਦੀ ਸੇਵਾ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਨੂੰ ਦਿੱਤੀ ਜਾਵੇ ਅਤੇ ਉਸ ਸਮੇਂ ਆਪਣੇ ਕੋਲੋਂ ਪੈਸੇ ਖ਼ਰਚ ਕੇ ਮਸਕਟ `ਚ ਫਸੀਆਂ 6 ਲੜਕੀਆਂ ਨੂੰ ਵਾਪਸ ਭਾਰਤ ਵੀ ਭੇਜਿਆ ਸੀ।ਉਨ੍ਹਾਂ ਕਿਹਾ ਕਿ ਹੁਣ ਮੁੜ ਵੀਡੀਓ ਕਾਰਨ ਇਹ ਮਸਲਾ ਸਾਹਮਣੇ ਆਉਣ ‘ਤੇ ਪਤਾ ਲੱਗਾ ਹੈ ਕਿ ਇਸ ਵੇਲੇ ਵੀ ਕਰੀਬ 89 ਲੜਕੀਆਂ ਨੇ ਮਸਕਟ ਦੇ ਭਾਰਤੀ ਦੂਤਾਵਾਸ `ਚ ਸ਼ਰਨ ਲਈ ਹੋਈ ਹੈ, ਜਦ ਕਿ ਕੁੱਝ ਲੜਕੀਆਂ ਅਜੇ ਵੀ ਆਪਣੇ ਖਰੀਦਦਾਰਾਂ ਦੇ ਪੰਜੇ `ਚੋਂ ਨਿਕਲ ਨਹੀਂ ਸਕੀਆਂ।ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕੀਆਂ ਨੂੰ ਵਾਪਸ ਭੇਜਣ ਲਈ ਇੱਕ ਤੋਂ ਡੇਢ ਕਰੋੜ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ,ਇਹ ਸਾਰਾ ਖਰਚ ਉਹ ਆਪਣੇ ਕੋਲੋਂ ਕਰ ਕੇ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਵਾਪਸ ਭੇਜਣ ਲਈ ਬਿਲਕੁੱਲ ਤਿਆਰ ਹਨ, ਪਰ ਇਸ ਗੰਭੀਰ ਮਸਲੇ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਦੀ ਵਿਸ਼ੇਸ਼ ਮਦਦ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਸਾਰੀਆਂ ਲੜਕੀਆਂ ਕੋਲ ਇਸ ਸਮੇਂ ਪਾਸਪੋਰਟ ਤੇ ਹੋਰ ਜ਼ਰੂਰੀ ਕਾਗਜ਼ਾਤ ਵੀ ਨਹੀਂ ਹਨ।ਇਸੇ ਦੌਰਾਨ ਉਨ੍ਹਾਂ ਸਰਕਾਰਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਉਹ ਭਾਰਤ ਅੰਦਰ ਮੌਜੂਦ ਗਲਤ ਏਜੰਟਾਂ ਨੂੰ ਨੱਥ ਵੀ ਪਾਉਣ ਤਾਂ ਜੋ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ੀ ਧਰਤੀ ‘ਤੇ ਆ ਕੇ ਰੁਲਣਾ ਨਾ ਪਵੇ।
ਜ਼ਿਕਰਯੋਗ ਹੈ ਕਿ ਡਾ. ਐਸ.ਪੀ ਸਿੰਘ ਓਬਰਾਏ ਆਪਣੀ ਸੰਸਥਾ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਰਾਹੀਂ ਹਰ ਸਾਲ ਆਪਣੇ ਕੋਲੋਂ ਸਿਹਤ, ਸਿੱਖਿਆ, ਵਿਦੇਸ਼ਾਂ `ਚ ਫਸੇ ਭਾਰਤੀਆਂ ਤੇ ਵਿਦੇਸ਼ਾਂ ਤੋਂ ਮ੍ਰਿਤਕ ਸਰੀਰ ਮੰਗਵਾਉਣ ਤੋਂ ਇਲਾਵਾ ਵੱਖ-ਵੱਖ ਖੇਤਰਾਂ ਅੰਦਰ ਲੋੜਵੰਦਾਂ ਦੀ ਸੇਵਾ ਲਈ ਕਰੋੜਾਂ ਰੁਪਏ ਖਰਚ ਕਰਦੇ ਹਨ ਅਤੇ ਇਸ ਟਰੱਸਟ ਵੱਲੋਂ ਕਿਸੇ ਨਾਲ ਵੀ ਜਾਤ-ਪਾਤ, ਦੇਸ਼ ਜਾਂ ਸੂਬੇ ਪੱਧਰ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਜਿਸ ਦੀ ਸਭ ਤੋਂ ਵੱਡੀ ਮਿਸਾਲ ਬਲੱਡ ਮਨੀ ਦੇ ਕੇ ਛੁਡਾਏ ਗਏ ਨੌਜਵਾਨਾਂ `ਚ ਭਾਰਤ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਤੇ ਫਿਲਪਾਈਨਜ਼ ਦੇ ਨੌਜਵਾਨ ਦੀ ਸ਼ਮੂਲੀਅਤ ਹੈ।