Sunday, July 5, 2026

ਡਿਜ਼ੀਟਲ ਮੀਡੀਆ ਅਤੇ ਸਾਹਿਤਕ ਪੱਤਰਕਾਰੀ ਬਾਰੇ ਹੋਈ ਗੰਭੀਰ ਵਿਚਾਰ-ਚਰਚਾ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸੋਸ਼ਲ ਮੀਡੀਆ ਦੇ ਦੌਰ ਵਿਚ ਮਿਆਰੀ ਲਿਖਤਾਂ ਹੀ ਪਾਠਕਾਂ ਨੂੰ ਸਾਹਿਤ ਅਤੇ ਬੋਲੀ PPNJ1302202013ਨਾਲ ਜੋੜ ਕੇ ਰੱਖਣਗੀਆਂ। ਇਸ ਦੌਰ ਵਿਚ ਸਾਹਿਤਕ ਪੱਤਰਕਾਰੀ ਨੂੰ ਸਭ ਤੋਂ ਵੱਡੀ ਸਮੱਸਿਆ ਚੰਗੀਆਂ ਲਿਖਤਾਂ, ਗੰਭੀਰ ਪਾਠਕਾਂ ਦੀ ਘਾਟ ਦੀ ਹੈ ਅਤੇ ਚੰਗੇ ਸਾਹਿਤਕ ਰਸਾਲਿਆਂ ਦੇ ਪ੍ਰਕਾਸ਼ਨ ਅਤੇ ਪ੍ਰਸਾਰ ਲਈ ਦਾਨਿਸ਼ਵਰਾਂ ਨੂੰ ਅੱਗੇ ਆਉਣ ਦੀ ਲੋੜ ਵੀ ਹੈ।ਖ਼ਾਲਸਾ ਕਾਲਜ ਵਿਖੇ ਚੱਲ ਰਹੇ ਚਾਰ-ਰੋਜ਼ਾ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਤੀਸਰੇ ਦਿਨ ਡਿਜ਼ੀਟਲ ਮੀਡੀਆ ਅਤੇ ਸਾਹਿਤਕ ਪੱਤਰਕਾਰੀ ਵਿਸ਼ੇ ‘ਤੇ ਹੋਈ ਪੈਨਲ ਚਰਚਾ ਦਾ ਤੱਤ ਸਾਰ ਇਨ੍ਹਾਂ ਨੁਕਤਿਆਂ ਦੇ ਰੂਪ ਵਿਚ ਨਿਕਲਿਆ। ਪੈਨਲ ਚਰਚਾ ਵਿਚ ਸ਼ਾਮਲ ਸਮੂਹ ਸਾਹਿਤ ਸੰਪਾਦਕ ਇਸ ਗੱਲ ‘ਤੇ ਇਕ-ਮਤ ਸਨ ਕਿ ਡਿਜ਼ੀਟਲ ਮੀਡੀਆ ਨਾਲ ਜੁੜੇ ਨੌਜਵਾਨਾਂ ਤੱਕ ਚੰਗਾ ਸਾਹਿਤ ਪਹੁੰਚਾਉਣ ਲਈ ਸਾਹਿਤਕ ਪੱਤਰਕਾਰੀ ਨੂੰ ਨਵੀਂ ਤਕਨੀਕ ਅਪਣਾਉਣੀ ਪਵੇਗੀ।ਇਸ ਪੈਨਲ ਚਰਚਾ ਵਿਚ ਸਵਾਲਾਂ ਦਾ ਸਿਲਸਿਲਾ ਤੋਰਦਿਆਂ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੇ ਸਹਾਇਕ ਪ੍ਰੋ. ਦੀਪ ਜਗਦੀਪ ਸਿੰਘ ਨੇ ਸਾਹਿਤਕ ਪੱਤਰਕਾਰੀ ਦੀਆਂ ਚੁਣੌਤੀਆਂ ਨੂੰ ਉਭਾਰਿਆ।ਸਵਾਲਾਂ ਦੇ ਜਵਾਬ ਦਿੰਦਿਆਂ ਅਜੋਕੇ ਸ਼ਿਲਾਲੇਖ ਰਸਾਲੇ ਦੇ ਸੰਪਾਦਕ ਡਾ. ਜੋਗਿੰਦਰ ਸਿੰਘ ਕੈਰੋਂ, ਸ਼ਬਦ ਦੇ ਸੰਪਾਦਕ ਜਿੰਦਰ, ਪ੍ਰਵਚਨ ਦੇ ਸੰਪਾਦਕ ਡਾ. ਰਜਨੀਸ ਬਹਾਦਰ ਸਿੰਘ, ਅੱਖਰ ਦੇ ਸੰਪਾਦਕ ਵਿਸ਼ਾਲ, ਰਾਗ ਦੇ ਸੰਪਾਦਕ ਅਜਮੇਰ ਸਿੱਧੂ, ਏਕਮ ਦੇ ਸੰਪਾਦਕ ਅਰਤਿੰਦਰ ਸੰਧੂ ਅਤੇ ਖੋਜ ਰਸਾਲੇ ਸੰਵਾਦ ਦੇ ਸੰਪਾਦਕ ਡਾ. ਆਤਮ ਸਿੰਘ ਰੰਧਾਵਾ ਹੁਰਾਂ ਨੇ ਡਿਜ਼ੀਟਲ ਮੀਡੀਆ ਦੇ ਮਾਹੌਲ ਵਿਚ ਸਾਹਿਤਕ ਪੱਤਰਕਾਰੀਆਂ ਦੀਆਂ ਚੁਣੌਤੀਆਂ ਅਤੇ ਭਵਿੱਖ ਬਾਰੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆ ਵਿਚਾਰ ਪ੍ਰਗਟ ਕੀਤੇ। ਡਾ. ਕੈਰੋਂ ਨੇ ਕਿਹਾ ਕਿ ਉਨ੍ਹਾਂ ਦੇ ਕੁੱਝ ਅਫ਼ਸਰ ਦੋਸਤਾਂ ਦੀ ਆਰਥਿਕ ਸਹਾਇਤਾ ਕਰਕੇ ਉਹ ਸਾਹਿਤਕ ਰਸਾਲਾ ਕੱਢਣ ਦਾ ਸੁਪਨਾ ਸੱਚ ਕਰ ਸਕੇ। ਡਾ. ਰਜਨੀਸ਼ ਬਹਾਦਰ ਨੇ ਕਿਹਾ ਕਿ ਮੁੱਢ ਤੋਂ ਹੀ ਪ੍ਰਵਾਸੀ ਪੰਜਾਬੀਆਂ ਦੀ ਆਰਥਿਕ ਸਹਾਇਤਾ ਪੰਜਾਬੀ ਸਾਹਿਤਕ ਪੱਤਰਕਾਰੀ ਦਾ ਆਧਾਰ ਰਿਹਾ ਹੈ, ਜਿਸ ਨਾਲ ਸਾਹਿਤਕ ਪੱਤਰਕਾਰੀ ‘ਤੇ ਵਿਅਕਤੀਵਾਦੀ ਪ੍ਰਭਾਵ ਭਾਰੂ ਰਹੇ।
           ਇਸ ਪ੍ਰਭਾਵ ਨੇ ਸਾਹਿਤਕ ਮਿਆਰ ਨੂੰ ਖੋਰਾ ਲਾਇਆ ਅਤੇ ਸਾਹਿਤਕ ਪੱਤਰਕਾਰੀ ਦੇ ਵਿਕਾਸ ਵਿੱਚ ਰੁਕਾਵਟ ਬਣੇ।ਜਿੰਦਰ ਨੇ ਕਿਹਾ ਕਿ ਪਹਿਲਾਂ ਤੋਂ ਸਾਹਿਤਕ ਰਸਾਲੇ ਕੱਢ ਰਹੇ ਦਾਨਿਸ਼ਵਰਾਂ ਦੇ ਉਤਸ਼ਾਹ ਨਾਲ ਉਨ੍ਹਾਂ ਸਾਹਿਤਕ
            ਪੱਤਰਕਾਰੀ ਸ਼ੁਰੂ ਕੀਤੀ।ਇਸ ਲਈ ਆਲੇ-ਦੁਆਲੇ ਤੋਂ ਉਤਸ਼ਾਹ ਮਿਲਣਾ ਜ਼ਰੂਰੀ ਹੈ।ਵਿਸ਼ਾਲ ਨੇ ਕਿਹਾ ਕਿ ਭਾਵੇਂ ਡਿਜ਼ੀਟਲ ਮੀਡੀਆ ਦੇ ਦੌਰ ਵਿੱਚ ਰਸਾਲਿਆਂ ਕੋਲ ਆਉਣ ਵਾਲੀ ਸਮੱਗਰੀ ਦੀ ਭਰਮਾਰ ਹੋ ਗਈ ਹੈ, ਪਰ ਉਸ ਵਿਚੋਂ ਚੰਗੀ ਰਚਨਾ ਲੱਭਣੀ ਬਹੁਤ ਮੁਸ਼ਕਿਲ ਹੁੰਦੀ ਹੈ ਜਦਕਿ ਪੰਜਾਬੀ ਦੇ ਵੱਡੇ ਲੇਖਕ ਲਿਖਤਾਂ ਭੇਜਣ ਵੇਲੇ ਬਹੁਤ ਤਰਲੇ ਕਰਵਾਉਂਦੇ ਹਨ।ਸ਼੍ਰੀਮਤੀ ਅਰਤਿੰਦਰ ਸੰਧੂ ਨੇ ਕਿਹਾ ਕਿ ਬਾਕੀ ਹਲਕਿਆਂ ਵਾਂਗ ਸਾਹਿਤਕ ਪੱਤਰਕਾਰੀ ਵਿੱਚ ਮਰਦ- ਪ੍ਰਧਾਨ ਦੀ ਗੁੱਟਬੰਦੀ ਹਾਵੀ ਹੋਣ ਦੇ ਬਾਵਜੂਦ ਉਨ੍ਹਾਂ ਖ਼ੁਦਮੁਖ਼ਤਿਆਰ ਰਸਾਲਾ ਕੱਢਣ ‘ਤੇ ਧਿਆਨ ਕੇਂਦਰਿਤ ਕੀਤਾ, ਜੋ ਨਿਰੰਤਰ ਜਾਰੀ ਹੈ।ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਸੰਵਾਦ ਚਿੰਤਨ ਦਾ ਇਕ ਵਾਹਿਦ ਰਸਾਲਾ ਹੈ ਜੋ ਮਿਆਰੀ ਖੋਜ-ਪੱਤਰਾਂ ਦੀ ਚੋਣ ਮਾਹਿਰ ਵਿਦਵਾਨਾਂ ਦੀ ਦੇਖ-ਰੇਖ ਵਿਚ ਕਰਕੇ ਪ੍ਰਕਾਸ਼ਿਤ ਕਰਦਾ ਹੈ।
ਪੈਨਲ ਚਰਚਾ ਵਿਚ ਹਾਜ਼ਰ ਸਰੋਤਿਆਂ ਵਲੋਂ ਸ਼ਾਮਲ ਹੁੰਦਿਆਂ ਡਾ. ਕੁਲਵੰਤ ਸੰਧੂ ਨੇ ਕਿਹਾ ਕਿ ਇਸ ਮਾਹੌਲ ਵਿਚ ਸੰਪਾਦਕਾਂ ਦੀ ਜ਼ਿੰਮੇਵਾਰੀ ਵੱਡੀ ਹੈ।ਉਹ ਸਾਹਿਤਕ ਰਚਨਾਵਾਂ ਦੀ ਚੋਣ ਕਰਨ ਵੇਲੇ ਲੇਖਕਾਂ ਦੇ ਨਾਮਾਂ ਦੀ ਬਜ਼ਾਇ ਲਿਖਤਾਂ ਦੇ ਮਿਆਰ ਨੂੰ ਧਿਆਨ ਵਿਚ ਰੱਖਣ।ਉਨ੍ਹਾਂ ਦੀ ਸਹੀ ਚੋਣ ਹੀ ਸਾਹਿਤਕ ਪੱਤਰਕਾਰੀ ਦਾ ਭਵਿੱਖ ਤੈਅ ਕਰੇਗੀ। ਇਸ ਲੜੀ ਨੂੰ ਅੱਗੇ ਤੋਰਦਿਆਂ ਧਰਵਿੰਦਰ ਔਲਖ ਨੇ ਕਿਹਾ ਕਿ ਸਾਹਿਤਕ ਰਸਾਲਿਆਂ ਅਤੇ ਪਾਠਕਾਂ ਵਿਚਾਲੇ ਪਾੜੇ ਨੂੰ ਦੂਰ ਕਰਨ ਲਈ ਪੱਤ੍ਰਿਕਾਵਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੱਕ ਪਹੁੰਚਾਉਣਾ ਬਹੁਤ ਲਾਜ਼ਮੀ ਹੈ।
           ਪੈਨਲ ਚਰਚਾ ਦੌਰਾਨ ਉਭਰੇ ਨੁਕਤਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਆਪਣੀ ਸਾਹਿਤਕ ਪੱਤਰਕਾਰੀ ਦੀ ਪਰੰਪਰਾ ਨੂੰ ਲਗਾਤਾਰ ਅੱਗੇ ਤੋਰ ਰਿਹਾ ਹੈ।ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਸਿਰਜਣਾਤਮਕ ਅਤੇ ਖੋਜ ਬਿਰਤੀਆਂ ਨੂੰ ਉਤਸ਼ਾਹਤ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੰਦਾ ਹੈ।ਉਨ੍ਹਾਂ ਕਿਹਾ ਕਿ ਸਾਹਿਤਕ ਪੱਤਰਕਾਰੀ ਸਾਹਿਤਕਾਰਾਂ ਅਤੇ ਪਾਠਕਾਂ ਵਿਚਾਲੇ ਪੁਲ ਦਾ ਕੰਮ
ਕਰਦੀ ਹੈ ਅਤੇ ਨਵੇਂ ਪਾਠਕ ਪੈਦਾ ਕਰਨ ਵਿਚ ਵੱਡੀ ਭੂਮਿਕਾ ਨਿਭਾਉਂਦੀ ਹੈ।ਖ਼ਾਲਸਾ ਕਾਲਜ ਇਸ ਤਰ੍ਹਾਂ ਦੇ ਸੰਵਾਦ ਰਚਾ ਕੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਅਤੇ ਵਿਰਾਸਤ ਨਾਲ ਜੋੜਨ ਦੀ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ।
             ਉਸ ਤੋਂ ਪਹਿਲਾਂ ਤੀਸਰੇ ਦਿਨ ਦੇ ਉਤਸਵ ਦੀ ਆਰੰਭਤਾ ਕਰਦਿਆਂ ਖੁੱਲ੍ਹੇ ਮੰਚ ਤੋਂ ਵਿਦਿਆਰਥੀਆਂ ਨੇ ਆਪਣੀਆਂ ਕਾਵਿ-ਰਚਨਾਵਾਂ ਪੇਸ਼ ਕੀਤੀਆਂ।ਉਪਰੰਤ ਸੁੰਦਰ ਸਿੰਘ ਮਜੀਠੀਆ ਹਾਲ ਵਿਚ ਗੁਰੂ ਨਾਨਕ ਸਾਹਿਬ ਦੇ ਜੀਵਨ ’ਤੇ ਆਧਾਰਿਤ ਪ੍ਰੋ. ਦਵਿੰਦਰ ਸਿੰਘ ਦਾ ਲਿਖਿਆ ਇਮੈਨੂਅਲ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ‘ਵਿਸਮਾਦ’ ਮੰਚਿਤ ਕੀਤਾ ਗਿਆ।ਬਾਅਦ ਦੁਪਹਿਰ ਦੇ ਸੈਸ਼ਨ ਵਿਚ ਕਾਲਜ ਦੇ ਵਿਦਿਆਰਥੀਆਂ ਵਲੋਂ ਗਿੱਧਾ, ਝੂਮਰ ਅਤੇ ਲੋਕ ਗੀਤਾਂ ਦੀ ਭਾਵਪੂਰਤ ਪੇਸ਼ਕਾਰੀ ਕੀਤੀ ਗਈ, ਜਿਸ ਨੂੰ ਵਿਦਿਆਰਥੀਆਂ ਅਤੇ ਮੇਲਾ ਵੇਖਣ ਆਏ ਸ਼ਹਿਰਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਮਾਣਿਆ।
ਉਤਸਵ ਦੇ ਕਨਵੀਨਰ ਅਤੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਫਰਵਰੀ ਨੂੰ ਕੇਵਲ ਧਾਲੀਵਾਲ ਅਤੇ ਰਾਜੀਵ ਕੁਮਾਰ ਨਾਟ-ਕਲਾ ਅਤੇ ਫ਼ਿਲਮ ਕਲਾ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਬਾਅਦ ਦੁਪਹਿਰ ਪੰਜਾਬ ਦੇ ਯੁਵਾ ਕਵੀਆਂ ਵੱਲੋਂ ਕਵੀ ਦਰਬਾਰ ਹੋਵੇਗਾ ਜਿਸ ਵਿੱਚ
              ਮੁੱਖ ਮਹਿਮਾਨ ਵਜੋਂ ਸੁਖਚੈਨ ਸਿੰਘ ਗਿੱਲ ਕਮਿਸ਼ਨ ਪੁਲਿਸ ਅੰਮ੍ਰਿਤਸਰ ਹਾਜ਼ਰ ਹੋਣਗੇ।
       ਇਸ ਮੌਕੇ ਕਾਲਜ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ, ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਪਵਨ ਕੁਮਾਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ, ਪ੍ਰੋ. ਗੁਰਸ਼ਿੰਦਰ ਕੌਰ, ਪ੍ਰੋ. ਅਮਨਦੀਪ ਕੌਰ, ਡਾ. ਰਾਜਬੀਰ ਕੌਰ, ਡਾ. ਚਿਰਜੀਵਨ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਰਜਨੀਸ਼ ਕੌੂਰ, ਡਾ. ਪਰਮਿੰਦਰਜੀਤ ਕੌਰ ਆਦਿ ਮੌਜ਼ੂਦ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …