ਅੰਮ੍ਰਿਤਸਰ, 14 ਫ਼ਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਨੇ ਮਾਸਿਕ ਪੱਤਰ ‘ਗੁਰਮਤਿ ਪ੍ਰਕਾਸ਼’ ਦੇ ਚੌਣਵੇਂ ਲੇਖਾਂ ਨੂੰ 8 ਵਿਸ਼ੇਸ਼ ਪੁਸਤਕਾਂ ਰਾਹੀਂ
ਸੰਗ੍ਰਹਿਤ ਕਰਨ ਦਾ ਮਹੱਤਵਪੂਰਨ ਕਾਰਜ ਕੀਤਾ ਹੈ।ਇਨ੍ਹਾਂ ਪੁਸਤਕਾਂ ਦੇ ਸੰਪਾਦਨ ਦੀ ਜ਼ਿੰਮੇਵਾਰੀ ਸਿੱਖ ਚਿੰਤਕ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਨਿਭਾਈ ਹੈ।ਜਿਨ੍ਹਾਂ ਦਾ ਸਹਿਯੋਗ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਸਕਾਲਰਾਂ ਡਾ. ਅਮਰਜੀਤ ਕੌਰ, ਡਾ. ਰਣਜੀਤ ਕੌਰ, ਪ੍ਰਿੰਸੀਪਲ ਮਨਜੀਤ ਕੌਰ, ਸਤਿੰਦਰ ਸਿੰਘ ਤੇ ਬੀਬੀ ਕਿਰਨਦੀਪ ਕੌਰ ਵੱਲੋਂ ਕੀਤਾ ਗਿਆ ਹੈ।ਲੰਘੇ ਬੁੱਧਵਾਰ ਨੂੰ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਇਸ ਲੜੀ ਦੀ ਅੱਠਵੀਂ ਪੁਸਤਕ ‘ਦਲਿ ਭੰਜਨ ਗੁਰੁ ਸੂਰਮਾ’ ਪਾਠਕਾਂ ਦੇ ਸਪੁੱਰਦ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਥੇ ਡਾ. ਰੂਪ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਪ੍ਰਸ਼ੰਸਾ ਕੀਤੀ, ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਅਜਿਹੇ ਉਪਰਾਲੇ ਨਿਰੰਤਰ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ।ਧਰਮ ਪ੍ਰਚਾਰ ਕਮੇਟੀ ਦੇ ਮਾਸਿਕ ਪੱਤਰ ‘ਗੁਰਮਤਿ ਪ੍ਰਕਾਸ਼’ ਦੇ ਚੋਣਵੇਂ ਲੇਖਾਂ ਦੀ ਪੁਨਰ ਸੰਪਾਦਨਾ ਕਰਕੇ ਪ੍ਰਕਾਸ਼ਤ ਕਰਨ ਦਾ ਮਕਸਦ ਗੁਰ-ਇਤਿਹਾਸ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣਾ ਹੈ।
ਪੁਸਤਕਾਂ ਦੇ ਮੁੱਖ ਸੰਪਾਦਕ ਡਾ. ਰੂਪ ਸਿੰਘ ਨੇ ਕਿਹਾ ਕਿ ਪਿਛਲੇ 63 ਸਾਲਾਂ ਤੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਨਿਰੰਤਰ ਪ੍ਰਕਾਸ਼ਿਤ ਕੀਤੇ ਜਾ ਰਹੇ ਗੁਰਮਤਿ ਪ੍ਰਕਾਸ਼ ਮੈਗਜ਼ੀਨ ਨੇ ਸੰਗਤ ਨੂੰ ਗੁਰਮਤਿ ਸਿਧਾਂਤਾਂ, ਇਤਿਹਾਸ ਅਤੇ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜਨ ਲਈ ਕੀਰਤੀਮਾਨ ਸਥਾਪਤ ਕੀਤਾ ਹੈ।ਸੰਪਾਦਤ ਕੀਤੀਆਂ ਅੱਠ ਪੁਸਤਕਾਂ ਵਿੱਚੋਂ 6 ਪੁਸਤਕਾਂ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਦੋ ਕਿਤਾਬਾਂ ਸਿੱਖ ਸਿਧਾਂਤਾਂ, ਸੰਸਥਾਵਾਂ ਅਤੇ ਸਿੱਖ ਮੋਰਚਿਆਂ ਤੇ ਸਾਕਿਆਂ ਨਾਲ ਸਬੰਧਤ ਹਨ। ਇਤਿਹਾਸਕ ਪ੍ਰਸੰਗ ਵਿਚ ਵੱਖ-ਵੱਖ ਲੇਖਕਾਂ ਦੇ ਅਲੱਗ ਨਜ਼ਰੀਏ ਤੋਂ ਲਿਖੇ ਗਏ ਲੇਖ ਇਕ-ਇਕ ਵਿਸ਼ੇ ਨੂੰ ਵੱਖਰੇ ਵੱਖਰੇ ਪੱਖਾਂ ਤੋਂ ਸਮਝਣ ਵਿਚ ਸਹਾਈ ਹੁੰਦੇ ਹਨ।ਇਹ ਇਤਿਹਾਸਕ ਕਾਰਜ ਕਰਨ ਦੀ ਪ੍ਰੇਰਣਾ ਪ੍ਰਸਿੱਧ ਵਿਚਾਰਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਵੱਲੋਂ ਮਿਲੀ। ਉਨਾਂ ਕਿਹਾ ਕਿ ਦਸ ਗੁਰੂ ਸਾਹਿਬਾਨ ਨਾਲ ਸਬੰਧਤ 6 ਪੁਸਤਕਾਂ ਦਾ ਇਕ ਸੈਟ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ 15 ਫ਼ਰਵਰੀ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭੇਟ ਕੀਤਾ ਜਾਵੇਗਾ।
ਪੁਸਤਕਾਂ ਜਾਰੀ ਕਰਨ ਮੌਕੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਭੁਪਿੰਦਰ ਸਿੰਘ ਅਸੰਧ, ਜਗਸੀਰ ਸਿੰਘ ਮਾਂਗੇਆਣਾ, ਗੁਰਪਾਲ ਸਿੰਘ ਗੋਰਾ, ਸ਼ੇਰ ਸਿੰਘ ਮੰਡਵਾਲਾ, ਮੰਗਵਿੰਦਰ ਸਿੰਘ ਖਾਪੜਖੇੜੀ, ਅਮਰਜੀਤ ਸਿੰਘ ਭਲਾਈਪੁਰ, ਸੁਰਜੀਤ ਸਿੰਘ ਕੰਗ, ਇੰਦਰਮੋਹਨ ਸਿੰਘ ਲਖਮੀਰਵਾਲਾ, ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਪਰਮਜੀਤ ਕੌਰ ਲਹਿਰਾ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਆਦਿ ਮੌਜੂਦ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media