ਡਿਪਟੀ ਕਮਿਸ਼ਨਰ ਵਲੋਂ ਬੱਸਾਂ ਹਰੀ ਝੰਡੀ ਦਿਖਾ ਕੇ ਰਵਾਨਾ
ਲੌਂਗੋਵਾਲ, 16 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਗਿਆਨ ਇੱਕ ਰੌਚਕ ਵਿਸ਼ਾ ਹੈ ਜਿਸ ਨੂੰ ਆਸਾਨੀ ਨਾਲ ਸਮਝ ਕੇ ਇਮਤਿਹਾਨਾਂ ਵਿੱਚ ਵਧੀਆ
ਨੰਬਰ ਹਾਸਲ ਕੀਤੇ ਜਾ ਸਕਦੇ ਹਨ।ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਵਿੱਚ ਵਿਗਿਆਨ ਦੇ ਵਿਸ਼ੇ ਬਾਰੇ ਦਿਲਚਸਪੀ ਪੈਦਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।ਜਿਸ ਤਹਿਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਮੁਫ਼ਤ ਸੈਰ ਕਰਵਾਉਣ ਲਈ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਥੋਰੀ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀਆਂ ਕਰੀਬ 1600 ਵਿਦਿਆਰਥਣਾਂ ਨੂੰ ਸਾਇੰਸ ਸਿਟੀ ਦਾ ਦੌਰਾ ਕਰਵਾਉਣ ਦਾ ਆਗਾਜ਼ ਕੀਤਾ ਗਿਆ ਹੈ ਤਾਂ ਜੋ ਇਹ ਬੇਟੀਆਂ ਵਿਗਿਆਨਕ ਯੁੱਗ ਦੀਆਂ ਨਵੀਨਤਮ ਅਤੇ ਪ੍ਰਾਚੀਨ ਕਾਢਾਂ ਨਾਲ ਨੇੜਿਓਂ ਜੁੜ ਸਕਣ ਅਤੇ ਭਵਿੱਖ ਵਿੱਚ ਇਨ੍ਹਾਂ ਦੀ ਦਿਲਚਸਪੀ ਵਿਗਿਆਨ ਨਾਲ ਹੋਰ ਵੀ ਡੂੰਘੀ ਹੋ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਸਾਇੰਸ ਸਿਟੀ ‘ਚ ਜਿਥੇ ਬੱਚੀਆਂ ਕੁਦਰਤੀ ਵਾਤਾਵਰਣ ਨਾਲ ਨੇੜਿਓਂ ਜੁੜਨਗੀਆਂ ਉਥੇ ਹੀ ਡਾਇਨਾਸੋਰਾਂ ਦੀ ਹੋਂਦ ਅਤੇ ਅਲੋਪ ਹੋਣ ਸਬੰਧੀ ਹੈਰਾਨੀਜਨਕ ਵੇਰਵੇ, ਸੂਰਜ ਪ੍ਰਣਾਲੀ ਦਾ ਜਨਮ, ਜੰਗਲੀ ਜੀਵਾਂ, ਬਨਸਪਤੀਆਂ, ਸੋਲਰ ਸੈਂਟਰ, ਹਾਈਡਲ ਪਾਵਰ, ਸਾਇੰਸ ਅਕਸਪਲੋਰੀਅਮ ਆਦਿ ਦਾ ਦੌਰਾ ਕਰਕੇ ਵਿਗਿਆਨਕ ਪਹਿਲੂਆਂ ਦੇ ਰੂਬਰੂ ਹੋ ਸਕਣਗੇ।ਉਨ੍ਹਾਂ ਦੱਸਿਆ ਕਿ ਇਸ ਤਹਿਤ 10 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।ਜਿਨ੍ਹਾਂ ਵਿੱਚ ਸਾਇੰਸ ਸਿਟੀ ਦੀ ਮੁਫ਼ਤ ਟਿਕਟ, ਸਾਰੇ ਵਿਦਿਆਰਥੀਆਂ ਲਈ ਦੁਪਹਿਰ ਦਾ ਭੋਜਨ ਅਤੇ ਆਵਾਜਾਈ ਸੁਵਿਧਾ ਸ਼ਾਮਲ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਰੋਜ਼ਾਨਾ 4 ਬੱਸਾਂ ਰਾਹੀਂ ਵਿਦਿਆਰਥਣਾਂ ਨੂੰ ਲਿਜਾਇਆ ਜਾਵੇਗਾ ਅਤੇ ਪਹਿਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲਰਾਂ ਦੀਆਂ ਵਿਦਿਆਰਥਣਾਂ ਨੂੰ ਅਧਿਆਪਕਾਂ ਦੀ ਨਿਗਰਾਨੀ ਹੇਠ ਭੇਜਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ, ਖਨੌਰੀ, ਛਾਜਲੀ, ਲਹਿਰਾ, ਭਵਾਨੀਗੜ੍ਹ, ਕੌਹਰੀਆਂ, ਸੁਨਾਮ (ਗ), ਜਖੇਪਲ, ਧੂਰੀ, ਬਡਰੁੱਖਾਂ, ਸ਼ਾਦਤਪੁਰ, ਸ਼ੇਰਪੁਰ, ਮਲੇਰਕੋਟਲਾ ਅਤੇ ਅਮਰਗੜ੍ਹ ਦੀਆਂ ਵਿਦਿਆਰਥਣਾਂ ਨੂੰ ਸਾਇੰਸ ਸਿਟੀ ਦੀ ਸੈਰ ਕਰਵਾਈ ਜਾਵੇਗੀ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਓ.ਪੀ ਸੇਤੀਆ, ਸੀ.ਡੀ.ਪੀ.ਓ ਸੰਗਰੂਰ ਗੁਰਵਿੰਦਰ ਸਿੰਘ ਅਤੇ ਸੀ.ਡੀ.ਪੀ.ਓ ਸੁਨਾਮ-2 ਸ਼ੁਭਮ ਭਾਰਦਵਾਜ ਵੀ ਮੌਜੂਦ ਸਨ।
Punjab Post Daily Online Newspaper & Print Media