ਪੰਦਰਵਾੜੇ ਦੇ ਸਮਾਪਤੀ ‘ਤੇ ਬਜੁਰਗਾਂ ਨੂੰ ਵੰਡੇ ਮੁਫਤ ਡੈਂਚਰ
ਕਪੂਰਥਲਾ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਦੰਦ ਮਨੁੱਖੀ ਸ਼ਰੀਰ ਦਾ ਅਹਿਮ ਹਿੱਸਾ ਹਨ ਤੇ ਮੋਤੀਆਂ ਵਾਂਗ ਇਨ੍ਹਾਂ ਦੀ ਸੰਭਾਲ ਜਰੂਰੀ ਹੈ।ਇਹ ਸ਼ਬਦ ਸਿਵਲ
ਸਰਜਨ ਡਾ. ਜਸਮੀਤ ਬਾਵਾ ਨੇ 33ਵੇਂ ਦੰਦਾਂ ਦੇ ਪੰਦਰਵਾੜੇ ਦੇ ਸਮਾਪਨ ਸਮਾਰੋਹ ਦੌਰਾਨ ਕਹੇ।ਉਨ੍ਹਾਂ ਕਿਹਾ ਕਿ ਦੰਦਾਂ ਦੀ ਸਿਹਤ ਸੰਭਾਲ ਵੀ ਉਨ੍ਹੀਂ ਹੀ ਜਰੂਰੀ ਹੈ ਜਿਨ੍ਹੀਂ ਕਿ ਸ਼ਰੀਰ ਦੇ ਬਾਕਿ ਅੰਗਾਂ ਦੀ ਪਰ ਲੋਕ ਇਨ੍ਹਾਂ ਵੱਲ ਧਿਆਨ ਨਹੀਂ ਦਿੰਦੇ।ਡਾ. ਜਸਮੀਤ ਬਾਵਾ ਨੇ ਇਹ ਵੀ ਕਿਹਾ ਕਿ ਸਿਹਤਮੰਦ ਮਨੁੱਖ ਦੀ ਸ਼ਖਸੀਅਤ ਨੂੰ ਵੀ ਨਿਖਾਰਦੇ ਹਨ। ਉਨ੍ਹਾਂ ਡੈਂਚਰ ਪ੍ਰਾਪਤ ਕਰਨ ਵਾਲੇ ਬਜੁਰਗਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਦੀ ਪੂਰੀ ਸੰਭਾਲ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਣ ਤੇ ਸਿਵਲ ਹਸਪਤਾਲ ਦੇ ਦੰਦਾਂ ਦੇ ਵਿਭਾਗ ਨਾਲ ਸੰਪਰਕ ਕਰਨ।
ਨਿਰਧਾਰਿਤ ਟੀਚੇ ਤੋਂ ਵੱਧ ਬਣਾਏ ਡੈਂਚਰ
ਸਿਵਲ ਸਰਜਨ ਡਾ. ਜਸਮੀਤ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਦੀ ਯੋਗ ਅਗਵਾਈ ਹੇਠ ਜਿਲੇ ਵਿੱਚ 1 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਦੰਦਾਂ ਦੀ ਸਿਹਤ ਦਾ ਪੰਦਰਵਾੜਾ ਮਣਾਇਆ ਗਿਆ।ਇਸ ਦੌਰਾਨ ਜਿੱਥੇ ਦੰਦਾਂ ਦੀਆਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਦੇ ਮੁਫਤ ਇਲਾਜ ਕੀਤੇ ਗਏ ਉੱਥੇ ਹੀ ਜਰੂਰਤਮੰਦ ਬਜੁਰਗਾਂ ਨੂੰ ਮੁਫਤ ਡੈਂਚਰ ਵੀ ਵੰਡੇ ਗਏ।ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਕਪੂਰਥਲਾ ਨੂੰ 110 ਡੈਂਚਰ ਬਣਾਉਣ ਦਾ ਟੀਚਾ ਦਿੱਤਾ ਗਿਆ ਸੀ ਤੇ ਇਸ ਵਾਰ ਵੀ ਡੈਂਟਲ ਵਿੰਗ ਦੇ ਡਾਕਟਰਾਂ ਦੀ ਮਿਹਨਤ ਸਦਕਾ 170 ਡੈਂਚਰ ਬਣਾਏ ਗਏ, ਜਿਸ ਵਿੱਚੋਂ 57 ਡੈਂਚਰ ਸਿਵਲ ਹਸਪਤਾਲ ਕਪੂਰਥਲਾ ਵਿੱਚ ਬਣੇ।
ਇਲਾਜ ਦੇ ਨਾਲ ਨਾਲ ਸਮਾਜਿਕ ਜਿੰਮੇਵਾਰੀ ਪ੍ਰਤੀ ਵੀ ਸਜਗ
ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਨੇ ਦੱਸਿਆ ਕਿ ਇਲਾਜ ਦੇ ਨਾਲ ਨਾਲ ਮਰੀਜ ਦੀ ਸੰਤੁਸ਼ਟੀ ਪ੍ਰਤੀ ਡੈਂਟਲ ਵਿਭਾਗ ਪੂਰੀ ਤਰ੍ਹਾਂ ਸਜਗ ਰਹਿੰਦਾ ਹੈ।ਖਾਸ ਕਰ ਬਜੁਰਗਾਂ ਦਾ ਇਲਾਜ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ ਹੈ।ਡਾ. ਸੁਰਿੰਦਰ ਮੱਲ ਨੇ ਦੱਸਿਆ ਕਿ ਤੰਬਾਕੂਨੋਸ਼ੀ ਨਾਲ ਹੋਣ ਵਾਲੇ ਮੂੰਹ ਦੇ ਕੈਂਸਰ ਨੂੰ ਲੈ ਕੇ ਵਿਭਾਗ ਵੱਲੋਂ ਨਾ ਸਿਰਫ ਸਕਰੀਨਿੰਗ ਪੱਖ ਨੂੰ ਪੂਰਾ ਕੀਤਾ ਜਾਂਦਾ ਹੈ ਬਲਕਿ ਸਮਾਜ ਦੇ ਪ੍ਰਤੀ ਇੱਕ ਜਿੰਮੇਵਾਰੀ ਨੂੰ ਸਮਝਦੇ ਹੋਏ ਨੌਜੁਆਨ ਵਰਗ ਦੀ ਕਾਊਂਸਲਿੰਗ ਵੱਲ ਖਾਸ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਜਾ ਸਕੇ।
ਦੰਦਾਂ ਦੀ ਸਿਹਤ ਲਈ ਅਲੱਗ ਤਰ੍ਹਾਂ ਦੀ ਜਾਗਰੂਕਤਾ
ਡਾ. ਸੁਰਿੰਦਰ ਮੱਲ ਨੇ ਦੱਸਿਆ ਕਿ ਕਿਸੇ ਵੀ ਬੀਮਾਰੀ ਪ੍ਰਤੀ ਲੋਕਾਂ ਨੂੰ ਸਜਗ ਕਰਨ ਵਿੱਚ ਜਾਗਰੂਕਤਾ ਪੱਖ ਬਹੁਤ ਅਹਿਮ ਰੋਲ ਅਦਾ ਕਰਦਾ ਹੈ।ਵਿਭਾਗ ਵਿੱਚ ਹੈਲਪ ਡੈਸਕ, ਬੱਚਿਆਂ ਦਾ ਕੋਣਾ, ਸੈਲਫੀ ਗਾਰਡਨ, ਡੈਂਟਲ ਟ੍ਰੇਨ ਦੇ ਜਰੀਏ ਦੰਦਾਂ ਦੀ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਨੋਖੇ ਤਰ੍ਹਾਂ ਨਾਲ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹੀ ਨਹੀਂ ਡੈਂਟਲ ਓ.ਪੀ.ਡੀ ਦੇ ਬਾਹਰ ਤੇ ਅੰਦਰ ਜਾਗਰੂਕਤਾ ਸਮੱਗਰੀ ਨੂੰ ਦਿਲ ਖਿੱਚਵੇਂ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਮਰੀਜਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਪੰਦਰਵਾੜੇ ਦੌਰਾਨ ਕੁੱਲ 3104 ਮਰੀਜਾਂ ਦੀ ਜਾਂਚ ਕੀਤੀ ਗਈ, 1718 ਦਾ ਮੁਫਤ ਇਲਾਜ ਕੀਤਾ ਗਿਆ।2146 ਸਕੂਲੀ ਵਿਦਿਆਰਥੀਆਂ ਨੂੰ ਚੈਕ ਕੀਤਾ ਗਿਆ।ਡਾ. ਮੱਲ ਨੇ ਪ੍ਰੋ੍ਰਗਰਾਮ ਦੌਰਾਨ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਭਵਿੱਖ ਵਿੱਚ ਵੀ ਡੈਂਟਲ ਵਿਭਾਗ ਨੂੰ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਬੰਗਾਂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜਕਰਨੀ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡਾ. ਮੋਨਿੰਦਰ ਕੌਰ, ਡਾ. ਗੁਰਦੇਵ ਭੱਟੀ, ਡਾ. ਦੀਪਕ ਜੈਨ, ਬੀ.ਸੀ.ਸੀ. ਕੋਆਰਡੀਨੇਟਰ ਜੋਤੀ ਆਨੰਦ, ਬੀ.ਈ.ਈ ਰਵਿੰਦਰ ਜੱਸਲ ਆਦਿ ਹਾਜ਼ਰ ਸਨ।
Punjab Post Daily Online Newspaper & Print Media