Thursday, July 3, 2025
Breaking News

ਬਾਰਵੀਂ ਤੱਕ ਸਭ ਲਈ ਸਿੱਖਿਆ ਮੁਫ਼ਤ -ਸਿੰਗਲਾ ਨੇ ਵਿੱਤ ਮੰਤਰੀ ਦਾ ਕੀਤਾ ਧੰਨਵਾਦ

ਸਿੱਖਿਆ ਲਈ ਬਜ਼ਟ ਵਿੱਚ ਰੱਖੇ ਕੁੱਲ 12488 ਕਰੋੜ 

ਚੰਡੀਗੜ, 28 ਫ਼ਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਸਰਕਾਰ ਵਲੋਂ ਬਜਟ ਵਿੱਚ ਪੰਜਾਬ ਭਰ ਦੇ ਸਾਰੇ Vijay Inder Singla 1ਵਿਦਿਆਰਥੀਆਂ ਲਈ ਬਾਰਵੀਂ ਤੱਕ ਸਿੱਖਿਆ ਮੁਫ਼ਤ ਕਰਨ ਦੇ ਕ੍ਰਾਂਤੀਕਾਰੀ ਕਦਮ ਦਾ ਸਵਾਗਤ ਕੀਤਾ ਹੈ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਧੰਨਵਾਦ ਕੀਤਾ ਹੈ।ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਅੱਠਵੀਂ ਤੱਕ ਸਾਰੇ ਵਿਦਿਆਰਥੀਆਂ ਅਤੇ ਬਾਰਵੀਂ ਸ਼੍ਰੇਣੀ ਤੱਕ ਸਾਰੀਆਂ ਲੜਕੀਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।ਹੁਣ ਸਰਕਾਰ ਨੇ ਬਾਰਵੀਂ ਤੱਕ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
             ਸਿੰਗਲਾ ਨੇ ਦੱਸਿਆ ਕਿ ਵਿੱਤ ਮੰਤਰੀ ਨੇ ਸਕੂਲੀ ਸਿੱਖਿਆ ਲਈ ਸਾਲ 2020-21 ਦੇ ਬਜਟ ਵਿੱਚ ਕੁੱਲ 12488 ਕਰੋੜ ਰੁਪਏ ਦਾ ਉਪਬੰਧ ਕੀਤਾ ਹੈ, ਜੋ ਕੁੱਲ ਖ਼ਰਚ ਦਾ 8 ਫੀਸਦੀ ਹੈ।ਇਹ ਰਾਸ਼ੀ 2016-17 ਦੇ ਬਜਟ ਨਾਲੋਂ 23 ਫੀਸਦੀ ਵਧੇਰੇ ਹੈ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ `ਕੈਚ ਦੈਮ ਯੰਗ` (ਬਚਪਨ ਵਿੱਚ ਹੀ ਸਿਖਲਾਈ) ਦੇ ਮੋਟੋ ਦਾ ਅਨੁਸਰਣ ਕਰਦਿਆਂ ਮੁੱਢਲੀ ਸਿੱਖਿਆ ਉਪਰ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਹੈ।ਰਾਜ ਵਿੱਚ ਪ੍ਰਾਇਮਰੀ ਸਿੱਖਿਆ ਉਪਰ ਵਧੇਰੇ ਜ਼ੋਰ ਦੇਣ ਅਤੇ ਪ੍ਰਾਇਮਰੀ ਸਕੂਲ ਤੱਕ ਪਹੁੰਚ ਵਿੱਚ ਵਾਧੇ ਦੇ ਉਦੇਸ਼ ਨਾਲ ਵਿਦਿਆਰਥੀਆਂ ਲਈ ਮੁਫ਼ਤ ਟਰਾਂਸਪੋਰਟ ਸੁਵਿਧਾ ਵਾਸਤੇ ਸਾਲ 2020-21 ਦੌਰਾਨ 10 ਕਰੋੜ ਰੁਪਏ ਰੱਖੇ ਹਨ।
             ਸਿੱਖਿਆ ਮੰਤਰੀ ਨੇ ਦੱਸਿਆ ਕਿ ਸਾਲ 2020-21 ਦੌਰਾਨ ਸਰਕਾਰੀ ਸਕੂਲਾਂ ਵਿੱਚ 4150 ਵਾਧੂ ਕਲਾਸ ਰੂਮਾਂ ਦੇ ਨਿਰਮਾਣ ਲਈ ਬਜਟ ਵਿੱਚ 100 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।ਇਸ ਤੋਂ ਇਲਾਵਾ ਸਕੂਲੀ ਇਮਾਰਤਾਂ ਦੀ ਸਾਂਭ-ਸੰਭਾਲ ਲਈ ਸੁਹਿਰਦ ਯਤਨਾਂ ਲਈ ਸਾਲ 2020-21 ਦੇ ਬਜਟ ਵਿੱਚ 75 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।ਸਰਕਾਰ ਪ੍ਰਾਜੈਕਟਰ ਮੁਹੱਈਆ ਕਰਵਾ ਕੇ ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਾਰੇ ਕਮਰਿਆਂ ਨੂੰ ਸਮਾਰਟ ਕਮਰਿਆਂ ਵਿੱਚ ਤਬਦੀਲ ਕਰਨ ਦਾ ਯਤਨ ਕਰ ਰਹੀ ਹੈ।ਰਾਜ ਨੇ ਪਹਿਲਾਂ ਹੀ ਸਮਾਰਟ ਸਕੂਲ ਨੀਤੀ ਅਧਿਸੂਚਿਤ ਕਰ ਦਿੱਤੀ ਹੈ ਅਤੇ ਡਿਜੀਟਲ ਐਜੂਕੇਸ਼ਨ ਲਈ ਬਜਟ ਵਿੱਚ 100 ਕਰੋੜ ਰੁਪਏ ਰੱਖੇ ਗਏ ਹਨ।
            ਲੜਕੀਆਂ ਦੀ ਸਿੱਖਿਆ ‘ਤੇ ਜ਼ੋਰ ਦਿੰਦਿਆਂ ਸਿੰਗਲਾ ਨੇ ਕਿਹਾ ਕਿ ਸਾਰੇ ਸਰਕਾਰੀ ਸਕੂਲਾਂ ਵਿੱਚ ਲੜਕੀਆਂ ਨੂੰ ਕਰਾਟੇ ਸਿਖਲਾਈ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਮਾਹਰ ਕਰਾਟੇ ਸਿਖਲਾਈਕਾਰਾਂ ਰਾਹੀਂ 50 ਸਾਲ ਤੋਂ ਹੇਠਾਂ ਦੀ ਉਮਰ ਦੀਆਂ ਸਾਰੀਆਂ ਮਹਿਲਾ ਅਧਿਆਪਕਾਂ ਨੂੰ ਸਿਖਲਾਈ ਦੇ ਰਹੀ ਹੈ।ਸਾਲ 2019-20 ਦੌਰਾਨ 261 ਮਹਿਲਾ ਅਧਿਆਪਕਾਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ।ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਲੜਕੀਆਂ ਨੂੰ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ ਜਾ ਰਹੇ ਹਨ।ਸਾਲ 2020-21 ਦੌਰਾਨ ਇਸ ਉਦੇਸ਼ ਲਈ 13 ਕਰੋੜ ਰੁਪਏ ਖ਼ਰਚਣ ਦੀ ਤਜਵੀਜ਼ ਹੈ।
               ਸਿੱਖਿਆ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਪਹਿਲੇ ਪੜਾਅ ‘ਚ 259 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ ਵਿੱਚ 10 ਕਿਲੋਵਾਟ ਦੇ ਸੋਲਰ ਪਲਾਂਟ ਸਥਾਪਤ ਕਰਨ ਦੀ ਇਛੁਕ ਹੈ, ਜਦੋਂ ਕਿ ਦੂਜੇ ਪੜਾਅ ਵਿੱਚ 621 ਹੋਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇਹ ਪ੍ਰਣਾਲੀ ਲਾਈ ਜਾਵੇਗੀ।ਉਨਾਂ ਦੱਸਿਆ ਕਿ ਰਾਜ ਦੇ ਨੌਜਵਾਨਾਂ ਵਿੱਚ ਜਲ ਸੰਭਾਲ ਪ੍ਰਤੀ ਚੇਤਨਾ ਪੈਦਾ ਕਰਨ ਲਈ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜਲ ਸੰਭਾਲ ਪ੍ਰਣਾਲੀ ਦੀ ਸਥਾਪਤੀ ਲਈ ਬਜਟ ਵਿੱਚ 25 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …