ਮਜੀਠੀਆ ਵਲੋਂ ਸਾਬਕਾ ਵਿਦਿਆਰਥੀ ਤੇ ਨਾਮਵਰ ਅਦਾਕਾਰ ਮਹਾਂਬੀਰ ਭੁੱਲਰ, ਅਮਨਦੀਪ ਕੌਰ, ਸੁਤੰਤਰ ਏਰੀ ਤੇ ਗੁਰਬਚਨ ਰੰਧਾਵਾ ਦਾ ਸਨਮਾਨ
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – 128 ਸਾਲਾਂ ਤੋਂ ਵਿੱਦਿਆ ਦੇ ਖ਼ੇਤਰ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀ ਪੁਰਾਤਨ ਵਿੱਦਿਅਕ
ਸੰਸਥਾ ਖ਼ਾਲਸਾ ਕਾਲਜ ਨੇ ਅੱਜ ਆਪਣੇ ਸਥਾਪਨਾ ਦਿਵਸ ਮੌਕੇ ‘5ਵੀਂ ਗਲੋਬਲ ਐਲੂਮਨੀ ਮੀਟ2020’ ਦਾ ਆਯੋਜਨ ਬੜੇ ਜੋਸ਼ੋ ਖਰੋਸ਼ ਨਾਲ ਕੀਤਾ।ਸਾਬਕਾ ਵਿਦਿਆਰਥੀਆਂ ਦੀ ਮਿਲਨੀ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਆਜੀਤ ਸਿੰਘ ਮਜੀਠੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਸੰਬੋਧਨ ਕਰਦਿਆਂ ਕਿਹਾ ਕਰੀਬ 12 ਦਹਾਕਿਆਂ ਪਹਿਲਾਂ ਸੰਨ 1892 ’ਚ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਇਸ ਨਾਲ ਹੋ ਰਹੇ ਵਿਤਕਰੇਬਾਜ਼ੀ ਤੋਂ ਬਚਾਉਣ ਲਈ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੀ ਸਥਾਪਨਾ ਕੀਤੀ ਗਈ ਅਤੇ ਇਸ ਸੰਸਥਾ ’ਚ ਪੜ੍ਹ ਕੇ ਵਿਦਿਆਰਥੀਆਂ ਨੇ ਉਚ ਪਦਵੀਆਂ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।
ਸਾਬਕਾ ਵਿਦਿਆਰਥੀਆਂ ਦੀ ਮਿਲਨੀ ਉਸ ਵੇਲੇ ਭਾਵੁਕ ਹੋ ਗਈ, ਜਦੋਂ ਇੱਥੇ ਪੁੱਜੇ ਪੁਰਾਣੇ ਜਿਗਰੀ ਯਾਰਾਂ ਨੇ ਨੇ ਕਾਲਜ ਗੁਜ਼ਾਰੇ ਸੁਨਹਿਰੇ ਲਮਹਿਆਂ ਨੂੰ ਯਾਦ ਕੀਤਾ, ਹੱਥ ਮਿਲਾਏ ਅਤੇ ਗੱਲਵਕੜੀਆਂ ਪਾਈਆਂ।ਦੇਸ਼-ਵਿਦੇਸ਼ ਤੋਂ ਆਪਣੇ ਵੱਖ-ਵੱਖ ਉਚ ਅਹੁਦਿਆਂ ’ਤੇ ਬਿਰਾਜਮਾਨ ਵਿਦਿਆਰਥੀਆਂ ਨੇ ਜਿੱਥੇ ਕਾਲਜ ਵੇਲੇ ਨੂੰ ਯਾਦ ਕੀਤਾ, ਉਥੇ ਉਨ੍ਹਾਂ ਮੈਨੇਜ਼ਮੈਂਟ ਦੁਆਰਾ ਕੀਤੇ ਵਿਕਾਸ ਅਤੇ 7 ਤੋਂ 18 ਤੱਕ ਵਿੱਦਿਅਕ ਸੰਸਥਾਵਾਂ ਦੀ ਗਿਣਤੀ ਦੇ ਵਾਧੇ ਦੀ ਸਹਾਰਨਾ ਕੀਤੀ।
ਮਜੀਠੀਆ, ਕੌਂਸਲ ਦੇ ਆਨੇਰਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਸੀਨੀਅਰ ਸਾਬਕਾ ਵਿਦਿਆਰਥੀ ਤੇ ਨਾਮਵਰ ਬਾਲੀਵੁਡ ਅਦਾਕਾਰ ਮਹਾਂਬੀਰ ਸਿੰਘ ਭੁੱਲਰ, ਅਮਨਦੀਪ ਹਸਪਤਾਲ ਅੰਮਿ੍ਰਤਸਰ ਦੀ ਚੇਅਰਪਰਸਨ ਡਾ. ਅਮਨਦੀਪ ਕੌਰ, ਪ੍ਰਸਿੱਧ ਐਥਲੀਟ ਤੇ ਪਦਮ ਸ੍ਰੀ ਗੁਰਬਚਨ ਸਿੰਘ ਰੰਧਾਵਾ, ਮੈਨੇਜ਼ਿੰਗ ਡਾਇਰੈਕਟਰ ਪਨਸੀਡ ਅਤੇ ਡਾਇਰੈਕਟਰ ਐਗਰੀਕਲਚਰ ਐਂਡ ਫ਼ਾਰਮਰ ਵੈਲਫ਼ੇਅਰ, ਪੰਜਾਬ ਸੁਤੰਤਰ ਕੁਮਾਰ ਏਰੀ ਨੂੰ ਵਿਸ਼ੇਸ਼ ਤੌਰ ’ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।ਮਜੀਠੀਆ ਨੇ ਖ਼ਾਲਸਾ ਕਾਲਜ ਗਲੋਬਲ ਐਲੂਮਨੀ ਐਸੋਸੀਏਸ਼ਨ ਦੇ ਚੀਫ਼ ਪੈਟਰਨ ਛੀਨਾ, ਪ੍ਰਿੰ. ਡਾ. ਮਹਿਲ ਸਿੰਘ, ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਗਲੋਬਲ ਐਲੂਮਨੀ ਦੇ ਕਨਵੀਨਰ ਡਾ. ਦਵਿੰਦਰ ਸਿੰਘ ਛੀਨਾ ਵੱਲੋਂ ਐਲੂਮਨੀ ਸਬੰਧੀ ਕੀਤੇ ਜਾ ਰਹੇ ਕਾਰਜ ਦੀ ਸ਼ਲਾਘਾ ਕੀਤੀ।
ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਅੰਤਰ ਰਾਸ਼ਟਰੀ ਪੱਧਰ ’ਤੇ ਖ਼ਾਲਸਾ ਕਾਲਜ ਐਲੂਮਨੀ ਨੂੰ ਲਾਮਬੱਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਦੇ ਅਮੀਰ ਵਿਰਸੇ ਨੂੰ ਦੁਨੀਆ ਦੇ ਕੋਨੋਕੋਨੇ ’ਚ ਪਹੁੰਚਾਇਆ ਜਾਵੇਗਾ।ਸਾਬਕਾ ਵਿਦਿਆਰਥੀ ਸ੍ਰੀ ਪਰਮਜੀਤ ਸਿੰਘ ਕੈਲੀਫ਼ੋਰਨੀਆ ਤੇ ਸ੍ਰੀਮਤੀ ਰੇਣੂ ਸਿੰਘ ਨੇ ਬੁੱਲੇਸ਼ਾਹ ’ਤੇ ਸੂਫ਼ੀ ਕਲਾਮ ਅਤੇ ਸਵਰਨ ਸਿੰਘ, ਗੁਰਚਰਨ ਸਿੰਘ ਬੋਪਾਰਾਏ ਅਤੇ ਬਲਦੇਵ ਸਿੰਘ ਨੇ ਭਾਰਤਪਾਕਿ ਦੀ ਵੰਡ ਨੂੰ ਲੈ ਕੇ ਅੰਮਿ੍ਰਤਾ ਪ੍ਰੀਤਮ ਦੀ ਲਿਖੀ ਰਚਨਾ ਨੂੰ ਪੇਸ਼ ਕੀਤਾ।
ਦੇਸ਼-ਵਿਦੇਸ਼ ਤੋਂ ਆਏ ਸਾਬਕਾ ਵਿਦਿਆਰਥੀਆਂ ਨੇ ਭਾਵੁਕ ਹੋ ਕੇ ਇਕ-ਦੁੂਜੇ ਨਾਲ ਇੱਥੇ ਬਿਤਾਏ ਸਮੇਂ ਬਾਰੇ ਸਾਂਝਾਂ ਪਾਈਆਂ ਅਤੇ ਆਪਣੇ ‘ਮਾਤਾਈ ਅਦਾਰੇ’ ਦੀ ਵਿੱਦਿਅਕ ਅਤੇ ਸੱਭਿਆਚਾਰਕ ਸਰਵਉੱਚਤਾ ਲਈ ਹਮੇਸ਼ਾਂ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ।ਉਹ ਅੱਜ ਸਵੇਰ ਤੋਂ ਹੀ ਕਾਲਜ ਕੈਂਪਸ ਵਿਖੇ ਪਧਾਰਨੇ ਸ਼ੁਰੂ ਹੋਏ ਅਤੇ ਲਗਾਤਾਰ ਵਿਦਿਆਰਥੀਆਂ ਦਾ ਕਾਲਜ ਵਿਖੇ ਤਾਂਤਾਂ ਲੱਗਿਆ ਰਿਹਾ।
ਕਾਲਜ ਦੇ ਵਿਦਿਆਰਥੀਆਂ ਵਲੋਂ ‘ਝੂਮਰ’ ਪੇਸ਼ਕਾਰੀ ਰਾਹੀਂ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਾਬਕਾ ਵਿਦਿਆਰਥੀਆਂ ਨੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ
ਸੱਭਿਆਚਾਰਕ ਪ੍ਰੋਗਰਾਮ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਨੂੰ ਨਿਹਾਰਿਆ। ਸਾਬਕਾ ਵਿਦਿਆਰਥੀਆਂ ਨੇ ਵੱਖ-ਵੱਖ ਸੰਦੇਸ਼ਾਂ ਰਾਹੀਂ ਆਪਣੀਆਂ ਕਾਮਯਾਬੀਆਂ ਨੂੰ ਕਾਲਜ ਤੋਂ ਪ੍ਰਾਪਤ ਕੀਤੀ ਵਿੱਦਿਆ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ’ਚ ਕਾਲਜ ਅਤੇ ਇਸਦੀਆਂ ਦੂਸਰੀਆਂ ਸੰਸਥਾਵਾਂ ਦੇ ਵਿਸਥਾਰ ਲਈ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹਨ।
ਡਾ. ਮਹਿਲ ਸਿੰਘ ਨੇ ਕਿਹਾ ਕਿ ਮਿਲਨੀ ਦਾ ਮੁੱਖ ਮੰਤਵ ਸਾਬਕਾ ਵਿਦਿਆਰਥੀਆਂ ਨੂੰ ਕਾਲਜ ਵੇਲੇ ਦੀ ਅਭੁੱਲ ਯਾਦਾਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਦੇਸ਼_ਵਿਦੇਸ਼ ’ਚ ਵੱਸ ਰਹੇ ਤੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਨਿਯਮਤ ਸੱਦਾ ਭੇਜਿਆ ਗਿਆ ਸੀ। ਐਲੂਮਨੀ ਮੀਟ ’ਚ ਪੁੱਜੇ ਕਈ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਕਾਲਜ ’ਚ ਬੀਤੇ ਸੁਨਹਿਰੀ ਪਲਾਂ ਨੂੰ ਯਾਦ ਕਰਦਿਆ ਅੱਜ ਦੇ ਇਤਿਹਾਸਕ ਸਮੇਂ ਨੂੰ ਕੈਮਰਿਆਂ ’ਚ ਕੈਦ ਵੀ ਕੀਤਾ।
ਉਨ੍ਹਾਂ ਦੱਸਿਆ ਕਿ ਮਹਾਂਬੀਰ ਸਿੰਘ ਭੁੱਲਰ ਜਿਨ੍ਹਾਂ ਨੇ ਕਾਲਜ ਵਿਖੇ ਸੰਨ 1976 ’ਚ ਗ੍ਰੈਜ਼ੂਏਸ਼ਨ (ਸਾਇੰਸ) ਕੀਤੀ। ਉਨ੍ਹਾਂ ਨੂੰ ਜੀ. ਐਨ. ਡੀ. ਯੂ. ਯੂਥ ਫੈਸਟੀਵਲ ’ਚ ਬੈਸਟ ਐਕਟਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸ: ਭੁੱਲਰ ਨੇ ਡਰਾਮਾਟਿਕ ਆਰਟਸ ’ਚ ਪੋਸਟ ਗ੍ਰੈਜ਼ੂਏਸ਼ਨ ਦੀ ਡਿਗਰੀ ਹਾਸਲ ਕੀਤੀ। 1981 ਤੋਂ 84 ਤੱਕ ਨਵੀਂ ਦਿੱਲੀ ਵਿਖੇ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਐਕਟਿੰਗ ਦੇ ਗੁਰ ਸਿੱਖੇ। ਸੰਨ 86 ’ਚ ਇੰਨ੍ਹਾਂ ਮੁੰਬਈ ਵਿਖੇ ‘ਮਿਰਚ ਮਸਾਲਾ’ ਫ਼ਿਲਮ ’ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਘਾਇਲ, ਬਾਰਡਰ, ਸੂਰਮਾ, ਜੀਤ, ਦਾਮਿਨੀ, ਦੁਸ਼ਮਣੀ, ਉੜਤਾ ਪੰਜਾਬ ਬਾਲੀਵੁਡ ਦੀਆਂ ਕਈ ਨਾਮਵਰ ਫ਼ਿਲਮਾਂ ’ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।
ਇਸ ਤੋਂ ਇਲਾਵਾ ਇਕ ਹੋਰ ਸਾਬਕਾ ਵਿਦਿਆਰਥੀ ਡਾ. ਸੁਤੰਤਰ ਕੁਮਾਰ ਏਰੀ ਨੇ ਬੀ. ਐਸ. ਸੀ. ਐਗਰੀਕਲਚਰ ਦੀ ਡਿਗਰੀ ਸਾਲ 197580 ’ਚ ਹਾਸਲ ਕੀਤੀ। ਜੋ ਕਿ ਵੱਖਵੱਖ ਅਹੁੱਦਿਆਂ ’ਤੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹੁਣ ਮੈਨੇਜਿੰਗ ਡਾਇਰੈਕਟਰ ਪਨਸੀਡ ਅਤੇ ਡਾਇਰੈਕਟਰ ਐਗਰੀਕਲਚਰ ਐਂਡ ਫ਼ਾਰਮਸ ਵੈਲਫ਼ੇਅਰ ਪੰਜਾਬ ਦੇ ਅਹੁੱਦੇ ’ਤੇ ਸੇਵਾ ਨਿਭਾਅ ਰਹੇ ਹਨ।
ਉਨ੍ਹਾਂ ਕਿਹਾ ਕਿ ਅਰੁਜਨ ਅਤੇ ਪਦਮਸ੍ਰੀ ਐਵਾਰਡ ਨਾਲ ਨਿਵਾਜੇ ਗਏ ਡਾ. ਗੁਰਚਰਨ ਸਿੰਘ ਰੰਧਾਵਾ ਨੇ ਵੀ ਖ਼ਾਲਸਾ ਕਾਲਜ ਵਿਖੇ ਵਿੱਦਿਆ ਹਾਸਲ ਕੀਤੀ। ਜੋ ਕਿ ਮੰਨ੍ਹੇਪ੍ਰਮੰਨ੍ਹੇ ਐਥਲੀਟ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਸੇਵਾਵਾਂ ’ਚ ਸ਼ਾਨਦਾਰ ਕਾਰਗੁਜ਼ਾਰੀ ਹਾਸਲ ਕਰਨ ਵਾਲੀ ਸਾਬਕਾ ਵਿਦਿਆਰਥਣ ਅਮਨਦੀਪ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਕੌਂਸਲ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਵਧੀਕ ਆਨਰੇਰੀ ਸਕੱਤਰ ਜਤਿੰਦਰ ਬਰਾੜ, ਜੁਆਇੰਟ ਸਕੱਤਰ ਪ੍ਰਿੰਸੀਪਲ ਜਗਦੀਸ਼ ਸਿੰਘ, ਸਰਦੂਲ ਸਿੰਘ ਮੰਨਨ, ਰਾਜਬੀਰ ਸਿੰਘ, ਕਰਤਾਰ ਸਿੰਘ ਗਿੱਲ, ਹਰਮਿੰਦਰ ਸਿੰਘ ਫ਼ਰੀਡਮ, ਮੈਂਬਰ ਸੰਤੋਖ ਸਿੰਘ ਸੇਠੀ, ਸੁਖਦੇਵ ਸਿੰਘ ਅਬਦਾਲ, ਪਰਮਜੀਤ ਸਿੰਘ ਬੱਲ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਢਿੱਲੋਂ, ਗੁਰਮਹਿੰਦਰ ਸਿੰਘ, ਅਦਾਕਾਰ ਅਰਵਿੰਦਰ ਸਿੰਘ ਭੱਟੀ, ਸ਼ੋ੍ਰਮਣੀ ਅਕਾਲੀ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਆਈ.ਏ.ਐਸ.ਟੀ.ਆਰ ਸਾਰੰਗਲ, ਏ.ਡੀ.ਸੀ ਗੁਰਮੀਤ ਸਿੰਘ ਭੁੱਲਰ, ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਪ੍ਰਿੰ. ਡਾ. ਮਨਪ੍ਰੀਤ ਕੌਰ, ਪ੍ਰਿੰ. ਡਾ. ਜਸਪਾਲ ਸਿੰਘ, ਜਸਵਿੰਦਰ ਸਿੰਘ ਢਿੱਲੋਂ, ਅੰਡਰ ਸੈਕਟਰੀ ਡੀ.ਐਸ ਰਟੌਲ ਆਦਿ ਤੋਂ ਇਲਾਵਾ ਕਈ ਅਹਿਮ ਸਖ਼ਸ਼ੀਅਤਾਂ, ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media