ਲੁਧਿਆਣਾ, 6 ਮਾਰਚ (ਪੰਜਾਬ ਪੋਸਟ – ਕੁਲਦੀਪ ਸਿੰਘ ਲੋਹਟ) – ਸਾਹਿਤ ਮਨੁੱਖੀ ਮਨ ਦੇ ਕੋਮਲ ਭਾਵਾਂ ਨੂੰ ਪ੍ਰਗਟ ਕਰਨ ਦਾ ਕਲਾਤਮਿਕ ਮਾਧਿਅਮ ਹੈ।ਜਿਸ ਦੀ
ਰਚਨਾਤਮਿਕ ਸ਼ਕਤੀ ਮਨੁੱਖ ਦੇ ਕਲਾਤਮਿਕ ਤੇ ਗੁਣਵਾਨ ਹੋਣ ਦੀ ਸ਼ਾਹਦੀ ਭਰਦੀ ਹੈ।ਰਾਜ ਸਭਾ ਟੀ.ਵੀ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਬਾਦਲ ਨੇ ਇਹ ਵਿਚਾਰ ਸਥਾਨਕ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਸਾਹਿਰ ਲੁਧਿਆਣਵੀ ਐਡੀਟੋਰੀਮ ਹਾਲ `ਚ ਕਾਲਜ ਦੀ 100 ਵੀਂ ਵਰ੍ਹੇਗੰਢ ਮੌਕੇ ਨੌਜਵਾਨ ਲੇਖਕ ਹਰਪ੍ਰੀਤ ਸਿੰਘ ਅਖਾੜਾ ਦੀ ਕਾਵਿ ਪੁਸਤਕ “ਜ਼ਿੰਦਗੀ “ਦੇ ਲੋਕ ਅਰਪਣ ਸਮਾਰੋਹ ਦੌਰਾਨ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇੇ।ਉਨ੍ਹਾਂ ਸਾਹਿਰ ਲੁਧਿਆਣਵੀ ਦੀ ਕਾਵਿ ਸਿਰਜਣਾ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਸਰਕਾਰੀ ਕਾਲਜ ਲੁਧਿਆਣਾ ਸਿਖਿਆਰਥੀਆਂ ਲਈ ਅਜਿਹਾ ਮੱਕਾ ਹੈ।ਜਿਥੇ ਸਾਹਿਰ ਲੁਧਿਆਣਵੀ ਵਰਗੇ ਵਿਸ਼ਵ ਪ੍ਰਸਿਧ ਸ਼ਾਇਰ ਨੇ ਤਾਲੀਮ ਹਾਸਿਲ ਕੀਤੀ ਤੇ ਸਾਹਿਤ ਗਿਆਨ ਰਾਹੀਂ ਲੁਧਿਆਣਾ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕੀਤਾ।ਬਾਦਲ ਨੇ ਨੌਜਵਾਨ ਲੇਖਕ ਹਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਸ ਕਾਲਜ ਦੇ ਵਿਦਿਆਰਥੀ ਆਪਣੀ ਰਚਨਾਤਮਿਕ ਸ਼ੈਲੀ ਰਾਹੀਂ ਭਵਿੱਖ ਦੇ ਸਾਹਿਰ ਲੁਧਿਆਣਵੀ ਬਣਨ ਦਾ ਸੁਪਨਾ ਸੱਚ ਕਰ ਸਕਦੇ ਹਨ।
ਇਸ ਦੌਰਾਨ ਮੈਡਮ ਡਾ. ਸੀਮਾ ਭਾਟੀਆ ਨੇ ਲੋਕ ਅਰਪਿਤ ਕੀਤੀ ਪੁਸਤਕ ਜ਼ਿੰਦਗੀ ਦੇ ਸੰਦਰਭ `ਚ ਪਰਚਾ ਪੜ੍ਹਿਆ। ਉਨ੍ਹਾਂ ” ਲੇਖਕ ਹਰਪ੍ਰੀਤ ਸਿੰਘ ਦੀ ਰਚਨਾ ਦੇ ਖੱਟੇ ਮਿੱਠੇ ਅਨੁਭਵ `ਚੋਂ ਉਪਜੀ ਪਹਿਲੀ ਕਿਤਾਬ ਦੇ ਚੋਣਵੇਂ ਤੇ ਰੌਚਿਕ ਪਹਿਲੂਆਂ `ਤੇ ਚਾਨਣਾ ਪਾਇਆ।ਪ੍ਰਿੰਸੀਪਲ ਧਰਮ ਸਿੰਘ ਸੰਧੂ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੇ ਨਿੱਕੜੀ ਉਮਰ ਵਿਚ ਹੀ ਸਾਹਿਤਕ ਖੇਤਰ ਨੂੰ ਕਾਵਿ ਪੁਸਤਕ ਭੇਂਟ ਕਰਕੇ ਭਵਿੱਖ ਲਈ ਰਾਹ ਪੱਧਰਾ ਕਰ ਲਿਆ ਹੈ।ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਹਰਜਾਪ ਕੌਰ, ਪ੍ਰੋ. ਹਰਵਿੰਦਰ ਜੋਸ਼ੀ, ਦਲਵੀਰ ਲਿਖਾਰੀ ਤੇ ਕੇਵਲ ਧੀਰ ਨੇ ਵੀ ਵਿਚਾਰ ਸਾਂਝੇ ਕੀਤੇ।ਸਾਹਿਤ ਸਭਾ ਜਗਰਾਉਂ ਵਲੋਂ ਰਾਜਦੀਪ ਤੂਰ, ਲਿਸ਼ਕਾਰਾ ਟੀ.ਵੀ ਕੈਨੇਡਾ ਦੇ ਡਾਇਰੈਕਟਰ ਕੁਲਦੀਪ ਲੋਹਟ ਤੇ ਭਾਈ ਜਸਵੀਰ ਸਿੰਘ ਖਾਲਸਾ ਨੇ “ਜ਼ਿੰਦਗੀ ” ਲੋਕ ਅਰਪਣ `ਤੇ ਮੁਬਾਰਕਾਂ ਦਿੱਤੀਆਂ।ਹਰਪ੍ਰੀਤ ਸਿੰਘ ਨੇ ਕਿਤਾਬ “ਜ਼ਿੰਦਗੀ” ਦੇ ਪੰਨਿਆਂ `ਤੇ ਉਕਰੀਆਂ ਕੁੱਝ ਰਚਨਾਵਾਂ ਸਾਂਝੀਆਂ ਕਰ ਕੇ ਵਾਹ ਵਾਹ ਖੱਟੀ।
ਇਸ ਮੌਕੇ ਪ੍ਰੋ. ਕਮਲ ਕਿਸ਼ੋਰ, ਡਾ. ਹਰਮਿਲਾਪ ਜੀਰਾ, ਪ੍ਰੋ. ਪਰਮਜੀਤ ਕੌਰ, ਚਮਕੌਰ ਸਿੰਘ, ਜਸਵਿੰਦਰ ਧੰਨਾਸੂ ਆਦਿ ਹਾਜ਼ਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media