ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੂਸਰਾ ਅੰਮ੍ਰਿਤਸਰ ਰੰਗਮੰਚ
ਉਤਸਵ 2020 ਦਾ ਆਯੋਜਨ ਕੀਤਾ ਗਿਆ।ਇਸ ਫੈਸਟੀਵਲ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਡਾ. ਸਤਨਾਮ ਸਿੰਘ ਨਿੱਝਰ ਚੇਅਰਮੈਨ ਯੋਜਨਾ ਬੋਰਡ ਗੁਰਦਾਸਪੁਰ ਦੇ ਨਾਲ ਵਿਰਸਾ ਵਿਹਾਰ ਦੇ ਪ੍ਰਧਾਨ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪੰਜਾਬ ਨਾਟਸ਼ਾਲਾ ਦੇ ਮੁੱਖੀ ਜਤਿੰਦਰ ਸਿੰਘ ਬਰਾੜ, ਡਾ. ਹਰਜੀਤ ਸਿੰਘ, ਰਮੇਸ਼ ਯਾਦਵ ਅਤੇ ਟੀ.ਐਸ ਰਾਜਾ ਨੇ ਸ਼ਮਾ ਰੋਸ਼ਨ ਕਰਕੇ ਨਾਟਕ ਮੇਲੇ ਦੀ ਸ਼ੁਰੁੂਆਤ ਕੀਤੀ।ਇਹ ਫੈਸਟੀਵਲ ਵਿੱਛੜ ਚੁੱਕੇ ਕਲਾਕਾਰਾਂ ਸਵ. ਨਰਿੰਦਰ ਜੱਟੂ, ਲੋਕ ਗਾਇਕਾ ਲਾਚੀ ਬਾਵਾ ਅਤੇ ਗੁਰਕੀਰਤ ਸਿੰਘ ਸੰਧੂ ਨੂੰ ਸਮਰਪਿਤ ਕੀਤਾ ਗਿਆ।
ਫੈਸਟੀਵਲ ਦੇ ਪਹਿਲੇ ਦਿਨ ‘ਦ ਥੀਏਟਰ ਵਰਲਡ’ ਅੰਮਿ੍ਤਸਰ ਦੀ ਟੀਮ ਵਲੋਂ ਸ਼ੰਕਰ ਸ਼ੇਸ਼ ਦਾ ਲਿਖਿਆ ਅਤੇ ਪਵੇਲ ਸੰਧੂ ਦਾ ਡਾਇਰੈਕਟ ਕੀਤਾ ਪੰਜਾਬੀ ਨਾਟਕ ‘ਇਕ ਹੋਰ ਦ੍ਰੋਨਾਚਾਰੀਆ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।ਨਾਟਕ ਦੇ ਮੁੱਖ ਪਾਤਰ ਜੋ ਕਿ ਇਕ ਅਧਿਆਪਕ ਹੈ, ਉਸ ਦੀ ਤੁਲਣਾ ਉਸ ਯੁੁਗ ਦੇ ਦ੍ਰੋਨਾਚਾਰੀਆ ਨਾਲ ਕੀਤੀ ਗਈ, ਜਿਸ ਦੇ ਆਪਣੇ ਵਿਦਿਆਰਥੀਆਂ ਨੂੰ ਅਨਿਆ ਸਹਿਣ ਦੀ ਪਰੰਪਰਾ ਦਿੱਤੀ।ਨਾਟਕ ਦਾ ਮੁੱਖ ਪਾਤਰ ਅਰਵਿੰਦ ਜੋ ਕਿ ਸੱਤਾ ਦੇ ਦਬਾਅ ‘ਚ ਆਪਣੇ ਸਿਧਾਂਤਾਂ ਦਾ ਤਿਆਗ ਕਰ ਦਿੰਦਾ ਹੈ।ਨਾਂ ਚਾਹੁੰਦਿਆਂ ਹੋਇਆਂ ਵੀ ਉਸ ਨੂੰ ਸਮੇਂ ਦੀ ਸੱਤਾ ਨਾਲ ਸਮਝੋਤਾ ਕਰਨਾ ਪੈਂਦਾ ਹੈ। ਨਾਟਕ ਨੂੰ ਦੋ ਯੁੱਗਾਂ ਦੀ ਕਹਾਣੀ ਵਿੱਚ ਇੱਕੋ ਸਮੇਂ ਮੰਚ ਤੇ ਪੇਸ਼ ਕੀਤਾ ਗਿਆ, ਜੋ ਕਿ ਨਾਟਕ ਦੀ ਖੂਬਸੂਰਤੀ ਰਹੀ। ਨਾਟਕ ਵਿੱਚ ਸਾਰੇ ਪਾਤਰਾਂ ਨੇ ਆਪਣੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ।
ਨਾਟਕ ਵਿੱਚ ਮੁੱਖ ਭੂਮਿਕਾਵਾਂ ਗ਼ਜ਼ਲ ਜੱਟੂ, ਅਸ਼ੀਸ਼ ਸ਼ਰਮਾ, ਨਵੀਨ ਵਰਮਾ, ਵਿਕਾਸ ਜੋਸ਼ੀ, ਬਿਕਰਮਜੀਤ ਸਿੰਘ, ਜਤਿਨ ਵਿਜ, ਜਸਵੰਤ ਜੱਸ, ਬੇਨਜ਼ੀਰ ਖ਼ਾਨ ਨੇ ਨਿਭਾਈਆਂ।ਨਾਟਕ ਦਾ ਪੰਜਾਬੀ ਰੂਪਾਂਤਰਣ ਵਿਕਾਸ ਜੋਸ਼ੀ ਨੇ ਕੀਤਾ।ਨਾਟਕ ਦੇ ਰੋਸ਼ਨੀ ਪ੍ਰਭਾਵ ਤੇ ਸਾਥ ਪਰਗਟ ਸਿੰਘ ਨੇ ਦਿੱਤਾ।
ਇਸ ਮੌਕੇ ਪਰਮਜੀਤ ਸਿੰਘ, ਰੇਨੂ ਸਿੰਘ, ਵਿਜੇ ਸ਼ਰਮਾ, ਗੁਲਸ਼ਨ ਸੱਗੀ, ਵਿਪਨ ਧਵਨ, ਗੁਰਤੇਜ ਮਾਨ, ਗੁਰਿੰਦਰ ਮਕਨਾ, ਕੰਵਲ ਰੰਦੇਅ, ਨਵਨੀਤ ਰੰਧੇਅ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਕਲਾਕਾਰ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media