ਖੇਤੀਬਾੜੀ ਅਤੇ ਡੇਅਰੀ ਲਈ ਕਰਜੇ ਵਧਾਉਣ ਦੀਆਂ ਹਦਾਇਤਾਂ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਅੱਜ ਜਿਲ੍ਹੇ ਵਿਚ ਕਾਰੋਬਾਰ ਕਰਦੇ ਬੈਂਕਾਂ ਦੀ
ਸਮੀਖਿਆ ਅਤੇ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਸਪੱਸ਼ਟ ਕੀਤਾ ਕਿ ਸਾਰੇ ਬੈਂਕ ਹੋਰ ਕਿਤਿਆਂ ਸਮੇਤ ਖੇਤੀਬਾੜੀ, ਡੇਅਰੀ ਨੂੰ ਵਧੇਰੇ ਕਰਜ਼ੇ ਦੇਣ। ਬੈਂਕਾਂ ਦੀ ਸਮੀਖਿਆ ਕਰਦੇ ਉਨਾਂ ਕਿਹਾ ਕਿ ਤੁਹਾਡੀ ਇੰਨਾਂ ਖੇਤਰਾਂ ਵਿਚ ਕਾਰਗੁਜ਼ਾਰੀ ਰਾਸ਼ਟਰੀ ਟੀਚੇ ਨਾਲੋਂ ਘੱਟ ਹੈ, ਜਦਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇਸ ਖੇਤਰ ਵਿਚ ਵਧੇਰੇ ਕਰਜ਼ੇ ਦਿੱਤੇ ਜਾ ਸਕਦੇ ਹਨ।ਢਿਲੋਂ ਨੇ ਕਿਹਾ ਕਿ ਭਾਵੇਂ ਕਿ ਜ਼ਿਆਦਾਤਰ ਬੈਂਕਾਂ ਦੀਆਂ ਬਰਾਚਾਂ ਸ਼ਹਿਰੀ ਖੇਤਰ ਵਿਚ ਹੋਣ ਕਾਰਨ ਪਿੰਡਾਂ ਤੋਂ ਦੂਰ ਹਨ, ਪਰ ਫਿਰ ਵੀ ਬੈਂਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਇੰਨਾਂ ਖੇਤਰਾਂ ਵਿਚ ਕਰਜ਼ੇ ਦੇਣ ਲਈ ਹਾਂ ਪੱਖੀ ਪਹੁੰਚ ਰੱਖਣ।
ਉਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਛੋਟੀਆਂ ਤੇ ਦਰਮਿਆਨੀਆਂ ਸਨਅਤਾਂ, ਸਵੈ ਰੋਜ਼ਗਾਰ ਸਕੀਮਾਂ ਵਿਚ ਵਧੇਰੀ ਉਦਮੀਆਂ ਨੂੰ ਕਰਜ਼ੇ ਦਿੱਤੇ ਜਾਣ, ਤਾਂ ਜੋ ਸਾਡੀ ਸਨਅਤ ਮੁੜ ਪੈਰਾਂ ਸਿਰ ਖੜੀ ਹੋ ਸਕੇ ਅਤੇ ਲੋਕਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਮਿਲ ਸਕਣ।ਬੈਂਕ ਅਧਿਕਾਰੀ ਕਰਜ਼ਾ ਲੈਣ ਵਾਲੇ ਉਦਮੀਆਂ ਨੂੰ ਹਰ ਸੰਭਵ ਸਹਾਇਤਾ ਦੇਣ, ਤਾਂ ਜੋ ਉਹ ਉਤਸ਼ਾਹਿਤ ਹੋ ਕੇ ਕੰਮ ਕਰਨ।ਰਿਜ਼ਰਵ ਬੈਂਕ ਤੋਂ ਆਏ ਸੰਜੀਵ ਕੁੰਜ ਨੇ ਸਪੱਸ਼ਟ ਕੀਤਾ ਕਿ 1.60 ਲੱਖ ਰੁਪਏ ਤੱਕ ਦੇ ਡੇਅਰੀ ਕਰਜ਼ੇ ਲਈ ਕਿਸੇ ਤਰਾਂ ਦੀ ਬੈਂਕ ਗਾਰੰਟੀ ਦੀ ਲੋੜ ਨਹੀਂ, ਸੋ ਬੈਂਕ ਅਜਿਹੇ ਉਦਮੀਆਂ ਨੂੰ ਕਰਜ਼ਾ ਦੇਣ।ਡਿਪਟੀ ਕਮਿਸ਼ਨਰ ਨੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਚਲਾਏ ਜਾ ਰਹੇ ਦਿਹਾਤੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਮੱਲ੍ਹੀਆਂ ਦੀ ਕਾਰਗੁਜ਼ਾਰੀ ਦਾ ਵੀ ਨਿਰੀਖਣ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ ਤੇ ਪਿ੍ਰਤਪਾਲ ਸਿੰਘ ਸੀਨੀਅਰ ਮੈਨੇਜਰ ਵੀ ਹਾਜ਼ਰ ਸਨ।
Punjab Post Daily Online Newspaper & Print Media