ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਗੁਰੂ ਸਾਹਿਬ ਦਾ ਆਗਮਨ ਕੇਵਲ ਇੱਕ ਮਹਾਨ ਰੂਹਾਨੀ ਸ਼ਖ਼ਸ਼ੀਅਤ ਦਾ ਜਨਮ ਨਹੀਂ ਸੀ, ਸਗੋਂ ਮਨੁੱਖਤਾ ਦੇ ਹਨੇਰੇ ਵਿੱਚ ਗਿਆਨ, ਸੱਚ ਅਤੇ ਸਰਬ-ਸਾਂਝੀਵਾਲਤਾ ਦਾ ਚਾਨਣ ਲੈ ਕੇ ਆਈ ਰੱਬੀ ਜੋਤ ਦਾ ਪ੍ਰਕਾਸ਼ ਸੀ।
ਲਹਿੰਦੇ ਪੰਜਾਬ ਦੇ ਰਾਇ ਭੋਇ ਦੀ ਤਲਵੰਡੀ ਵਿਖੇ ਸੰਮਤ 1526 ਨੂੰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਪਿਤਾ ਮਹਿਤਾ ਕਲਿਆਣ ਦਾਸ ਜੀ, ਜਿਨ੍ਹਾਂ ਨੂੰ ਬਾਬਾ ਮਹਿਤਾ ਕਾਲੂ ਜੀ ਵੀ ਕਿਹਾ ਜਾਂਦਾ ਹੈ, ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ।ਅੱਜ ਇਸ ਪਾਵਨ ਅਸਥਾਨ ਨੂੰ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਗੁਰੂ ਸਾਹਿਬ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਦਾ ਉਨ੍ਹਾਂ ਦੇ ਪਰਿਵਾਰਕ ਅਤੇ ਅਧਿਆਤਮਕ ਜੀਵਨ ਵਿੱਚ ਵਿਸ਼ੇਸ਼ ਸਥਾਨ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਆਗਮਨ ਦਾ ਜ਼ਿਕਰ ਕਰਦਿਆਂ ‘ਪ੍ਰਗਟੇ’ ਸ਼ਬਦ ਦੀ ਵਰਤੋਂ ਕੀਤੀ ਹੈ:
“ਤਿਨ ਬੇਦੀਅਨ ਕੀ ਕੁਲ ਬਿਖੇ ਪ੍ਰਗਟੇ ਨਾਨਕ ਰਾਇ।”
‘ਪ੍ਰਗਟ ਹੋਣਾ’ ਅਤੇ ‘ਜਨਮ ਲੈਣਾ’ ਦੇ ਭਾਵ ਵਿੱਚ ਅੰਤਰ ਹੈ।ਜੋਤਿ ਸਦੀਵੀ ਹੈ, ਪਰ ਜਦੋਂ ਉਹ ਕਿਸੇ ਸਰੂਪ ਵਿੱਚ ਸੰਸਾਰ ਸਾਹਮਣੇ ਪ੍ਰਗਟ ਹੁੰਦੀ ਹੈ ਤਾਂ ਮਨੁੱਖ ਉਸ ਦਾ ਦਰਸ਼ਨ ਕਰ ਸਕਦਾ ਹੈ। ਗੁਰਬਾਣੀ ਦਾ ਫ਼ਰਮਾਨ ਹੈ:
“ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਇਓ।”
ਭਾਈ ਗੁਰਦਾਸ ਜੀ ਵੀ ਲਿਖਦੇ ਹਨ:
“ਧੰਨਿ ਧੰਨਿ ਬੇਦੀ ਕੁਲ ਜਿਨਿ ਗੁਰ ਨਾਨਕੁ ਪ੍ਰਗਟਾਇਆ।”
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਗਮਨ ਨਾਲ ਜੁੜਿਆ ਦੌਲਤਾਂ ਦਾਈ ਦਾ ਪ੍ਰਸੰਗ ਬਹੁਤ ਹੀ ਵੈਰਾਮਗਈ ਤੇ ਭਾਵਪੂਰਨ ਹੈ।ਜਨਮ-ਸਾਖੀ ਪਰੰਪਰਾ ਅਨੁਸਾਰ ਦੌਲਤਾਂ ਇੱਕ ਮੁਸਲਮਾਨ ਔਰਤ ਸੀ, ਜੋ ਪਿੰਡ ਵਿੱਚ ਬੱਚਿਆਂ ਦੇ ਜਨਮ ਸਮੇਂ ਦਾਈ ਵਜੋਂ ਸੇਵਾ ਕਰਦੀ ਅਤੇ ਇਸੇ ਕੰਮ ਤੋਂ ਮਿਲਣ ਵਾਲੇ ਅਨਾਜ, ਕੱਪੜਿਆਂ ਤੇ ਹੋਰ ਵਸਤਾਂ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ।
ਇੱਕ ਵਾਰ ਉਹ ਬਾਬਾ ਕਾਲੂ ਜੀ ਕੋਲ ਆਪਣੀਆਂ ਲੋੜਾਂ ਲੈ ਕੇ ਆਈ। ਉਸ ਨੇ ਕਿਹਾ ਕਿ ਮਹਿਤਾ ਜੀ, ਤੁਹਾਡੇ ਘਰ ਧੀ ਦੀ ਦਾਤ ਆਈ ਹੈ, ਖ਼ੁਦਾਵੰਦ ਕਰੀਮ ਤੁਹਾਨੂੰ ਪੁੱਤਰ ਦੀ ਦਾਤ ਵੀ ਦੇਵੇ।ਸਿਆਲ ਦੇ ਦਿਨ ਆ ਰਹੇ ਹਨ।ਮੈਨੂੰ ਚਾਰ ਮਣ ਕਣਕ, ਤਨ ਢੱਕਣ ਲਈ ਕੱਪੜੇ ਅਤੇ ਕੁੱਝ ਪੈਸੇ ਦੇ ਦਿਓ, ਤਾਂ ਜੋ ਮੇਰੇ ਬੱਚਿਆਂ ਦਾ ਗੁਜ਼ਾਰਾ ਹੋ ਸਕੇ।ਬਾਬਾ ਕਾਲੂ ਜੀ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਸ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ।
ਕੱਤਕ ਦੀ ਪੂੂਰਨਮਾਸ਼ੀ ਦੀ ਰਾਤ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ।ਦੌਲਤਾਂ ਦਾਈ ਮਾਤਾ ਤ੍ਰਿਪਤਾ ਜੀ ਦੀ ਸੇਵਾ ਲਈ ਪਹੁੰਚੀ।ਉਸ ਨੇ ਜਦੋਂ ਨਵਜੰਮੇ ਬਾਲਕ ਵੱਲ ਵੇਖਿਆ ਤਾਂ ਬਾਲਕ ਨੇ ਰੋਣ ਦੀ ਥਾਂ ਉਸ ਵੱਲ ਦੇਖ ਕੇ ਮੁਸਕਰਾਹਟ ਦਿੱਤੀ।ਆਪਣੇ ਜੀਵਨ ਵਿੱਚ ਅਨੇਕਾਂ ਬੱਚਿਆਂ ਦੇ ਜਨਮ ਸਮੇਂ ਸੇਵਾ ਕਰ ਚੁੱਕੀ ਦੌਲਤਾਂ ਲਈ ਇਹ ਅਨੋਖਾ ਅਨੁਭਵ ਸੀ।
ਜਦੋਂ ਉਹ ਬਾਹਰ ਆਈ ਤਾਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ।ਬਾਬਾ ਕਾਲੂ ਜੀ ਨੇ ਉਸ ਦੀ ਹਾਲਤ ਦੇਖ ਕੇ ਮਾਤਾ ਜੀ ਅਤੇ ਬੱਚੇ ਦੀ ਸੁੱਖ-ਸਾਂਦ ਪੁੱਛੀ।ਦੌਲਤਾਂ ਨੇ ਗਲਾ ਭਰ ਆਉਣ ਕਾਰਨ ਬੜੀ ਮੁਸ਼ਕਲ ਨਾਲ ਕਿਹਾ, “ਮਹਿਤਾ ਜੀ, ਤੁਹਾਨੂੰ ਵਧਾਈ ਹੋਵੇ।ਅੱਲ੍ਹਾ ਨੇ ਤੁਹਾਨੂੰ ਪੁੱਤਰ ਦੀ ਦਾਤ ਦਿੱਤੀ ਹੈ।”
ਬਾਬਾ ਕਾਲੁ ਜੀ ਨੇ ਉਸ ਨੂੰ ਪੈਸਿਆਂ, ਕੱਪੜਿਆਂ ਅਤੇ ਅਨਾਜ ਨਾਲ ਭਾਂਡਾ ਭਰਨ ਲਈ ਕਿਹਾ।ਪਰ ਦੌਲਤਾਂ ਨੇ ਇਹ ਸਭ ਲੈਣ ਤੋਂ ਇਨਕਾਰ ਕਰਦਿਆਂ ਆਖਿਆ: “ਰਹਿਣ ਦੇ ਮਹਿਤਿਆ, ਮੈਂ ਤਾਂ ਬਹੁਤ ਰੱਜੀ।”
ਦੌਲਤਾਂ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਉਸ ਦਾ ਨਾਮ ਤਾਂ ਦੌਲਤਾ ਰੱਖਿਆ ਸੀ, ਪਰ ਜੀਵਨ ਭਰ ਉਹ ਲੋੜਾਂ ਅਤੇ ਤੰਗੀਆਂ ਨਾਲ ਜੂਝਦੀ ਰਹੀ। ਅੱਜ ਇਸ ਬਾਲਕ ਦੇ ਪਹਿਲੇ ਦੀਦਾਰ ਅਤੇ ਮੁਸਕਰਾਹਟ ਨੇ ਉਸ ਦੇ ਅੰਦਰ ਅਜਿਹੀ ਤਬਦੀਲੀ ਲਿਆਂਦੀ ਹੈ ਕਿ ਹੁਣ ਉਸ ਦਾ ਕੁੱਝ ਮੰਗਣ ਨੂੰ ਜੀਅ ਨਹੀਂ ਕਰਦਾ।ਉਸ ਦੇ ਹੰਝੂ ਦੁੱਖ ਦੇ ਨਹੀਂ, ਸਗੋਂ ਅੰਦਰਲੀ ਤ੍ਰਿਪਤੀ ਦੇ ਸਨ।
ਅੱਗੇ ਪੰਡਿਤ ਹਰਦਿਆਲ ਜੀ ਵੱਲੋਂ ਬਾਲਕ ਨਾਨਕ ਦੇ ਮੱਥੇ ਉੱਤੇ ਰੂਹਾਨੀ ਤਜ਼ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਬਾਰੇ ਭਵਿੱਖਬਾਣੀ ਕਰਨ ਦਾ ਜ਼ਿਕਰ ਵੀ ਆਉਂਦਾ ਹੈ।ਇਹ ਛਤਰ ਕਿਸੇ ਦੁਨਿਆਵੀ ਰਾਜ-ਭਾਗ ਜਾਂ ਤਖ਼ਤ ਦਾ ਹੀ ਨਹੀਂ, ਸਗੋਂ ਰੂਹਾਨੀ ਮਹਾਨਤਾ ਅਤੇ ਲੋਕਾਈ ਦੇ ਦਿਲਾਂ ਉਤੇ ਰਾਜ ਕਰਨ ਦਾ ਪ੍ਰਤੀਕ ਸੀ।
ਗੁਰੂ ਨਾਨਕ ਸਾਹਿਬ ਜੀ ਦੀ ਮਹਾਨਤਾ ਨੂੰ ਸ਼ੁਰੂਆਤ ’ਚ ਪਛਾਣਨ ਵਾਲਿਆਂ ਵਿੱਚ ਰਾਇ ਬੁਲਾਰ ਦਾ ਨਾਮ ਵਿਸ਼ੇਸ਼ ਸਤਿਕਾਰ ਨਾਲ ਲਿਆ ਜਾਂਦਾ ਹੈ।ਗੁਰੂ ਸਾਹਿਬ ਦੇ ਬਚਪਨ ਨਾਲ ਜੁੜੀਆਂ ਕਈ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਨੇ ਰਾਇ ਬੁਲਾਰ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਅਥਾਹ ਸ਼ਰਧਾ ਪੈਦਾ ਕੀਤੀ।
ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਦੀਆਂ ਮੱਝਾਂ ਇੱੱੱੱੱੱਕ ਜ਼ਿਮੀਦਾਰ ਦੇ ਖੇਤ ਵਿੱਚ ਚਲੀਆਂ ਗਈਆਂ।ਉਸਨੇ ਨੇ ਸ਼ਿਕਾਇਤ ਕੀਤੀ ਕਿ ਉਸ ਦਾ ਖੇਤ ਉਜੜ ਗਿਆ ਹੈ।ਗੁਰੂ ਸਾਹਿਬ ਨੇ ਉਸ ਨੂੰ ਆਖਿਆ, “ਭਾਈ ਵੇ, ਤੇਰਾ ਕੁੱਝ ਨਹੀਂ ਉੱਜੜਿਆ।” ਜਦੋਂ ਰਾਇ ਬੁਲਾਰ ਨੇ ਬਾਬਾ ਕਾਲੂ ਜੀ ਨੂੰ ਬੁਲਾਇਆ ਤਾਂ ਉਹ ਕਿਸੇ ਸ਼ਿਕਾਇਤ ਦੀ ਆਸ ਨਾਲ ਉੱਥੇ ਪਹੁੰਚੇ। ਪਰ ਰਾਇ ਬੁਲਾਰ ਨੇ ਉੱਠ ਕੇ ਉਨ੍ਹਾਂ ਦਾ ਹੱਥ ਫੜਿਆ ਅਤੇ ਚੁੰਮਿਆ।ਉਸ ਦੀਆਂ ਅੱਖਾਂ ਵਿੱਚ ਸ਼ਰਧਾ ਦੇ ਹੰਝੂ ਸਨ।ਉਸ ਨੇ ਆਖਿਆ: “ਵੇ ਕਾਲੂ, ਨਾਨਕ ਨੂੰ ਕਿਤੇ ਫਿੱਟ ਮਾਰਨਾ ਨਾ ਆਖੀਂ।” ਭਾਵ, ਨਾਨਕ ਕੋਈ ਆਮ ਬਾਲਕ ਨਹੀਂ; ਉਸ ਦੀ ਹੋਂਦ ਇਸ ਨਗਰ ਲਈ ਬਰਕਤ ਹੈ। ਤੂੰ ਭਾਗਾਂ ਵਾਲਾ ਹੈਂ ਕਿ ਅਜਿਹਾ ਪੁੱਤਰ ਤੇਰੇ ਘਰ ਆਇਆ ਹੈ ਅਤੇ ਮੈਂ ਵੀ ਖੁਸ਼ਕਿਸਮਤ ਹਾਂ ਕਿ ਅਜਿਹੀ ਮਹਾਨ ਰੂਹ ਮੇਰੇ ਨਗਰ ਵਿੱਚ ਪ੍ਰਗਟ ਹੋਈ ਹੈ।
ਸੱਚਾ ਸੌਦਾ ਵਾਲੇ ਪ੍ਰਸੰਗ ਤੋਂ ਬਾਅਦ ਵੀ ਰਾਇ ਬੁਲਾਰ ਦੀ ਸ਼ਰਧਾ ਹੋਰ ਵਧੀ, ਉਨਾਂ ਨੇ ਆਪਣੀ ਜ਼ਮੀਨ ਦਾ ਵੱਡਾ ਹਿੱਸਾ, ਲਗਭਗ 750 ਮੁਰੱਬੇ,( 19 ਹਜਾਰ ਏਕੜ ਦੇ ਕਰੀਬ) ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ ਕੀਤਾ, ਜੋ ਅੱਜ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਹੈ।ਰਾਇ ਭੋਇ ਦੀ ਤਲਵੰਡੀ ਨੂੰ ਗੁਰੂ ਸਾਹਿਬ ਦੀ ਪਵਿੱਤਰ ਯਾਦ ਨਾਲ ਜੋੜ ਕੇ ਨਨਕਾਣਾ ਸਾਹਿਬ ਵਜੋਂ ਪਛਾਣ ਦੇਣ ਵਿੱਚ ਵੀ ਉਸ ਦੀ ਅਹਿਮ ਭੂਮਿਕਾ ਰਹੀ।
ਭਾਈ ਗੁਰਦਾਸ ਜੀ ਗੁਰੁ ਨਾਨਕ ਸਾਹਿਬ ਜੀ ਦੇ ਆਗਮਨ ਦਾ ਵਰਣਨ ਕਰਦਿਆਂ ਲਿਖਦੇ ਹਨ:
“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।”
ਅਤੇ
“ਕਲਿ ਤਾਰਣਿ ਗੁਰੁ ਨਾਨਕੁ ਆਇਆ।”
ਸਿੱਧਾਂ ਨੇ ਵੀ ਗੁਰੂ ਸਾਹਿਬ ਦੀ ਰੂਹਾਨੀ ਮਹਾਨਤਾ ਨੂੰ ਸਵੀਕਾਰ ਕੀਤਾ:
“ਸਿਧ ਬੋਲਨਿ ਸੁਭ ਬਚਨ ਧੰਨੁ ਨਾਨਕ ਤੇਰੀ ਵਡੀ ਕਮਾਈ।”
ਅੱਜ ਅਸੀਂ ਗੁਰੂ ਨਾਨਕ ਸਾਹਿਬ ਲਈ ਕਈ ਵਿਸ਼ੇਸ਼ਣ ਵਰਤਦੇ ਹਾਂ-ਕ੍ਰਾਂਤੀਕਾਰੀ ਗੁਰੂ, ਸਮਾਜ ਸੁਧਾਰਕ ਅਤੇ ਇਨਕਲਾਬੀ ਗੁਰੂ ਆਦਿ। ਇਨ੍ਹਾਂ ਦੀ ਆਪਣੀ ਥਾਂ ਹੈ, ਪਰ ਗੁਰੂੂ ਸਾਹਿਬ ਨੂੰ ਸਮਝਣ ਦਾ ਸਭ ਤੋਂ ਪ੍ਰਮਾਣਿਕ ਆਧਾਰ ਉਨ੍ਹਾਂ ਦੀ ਆਪਣੀ ਬਾਣੀ ਹੈ।
ਗੁਰੂ ਨਾਨਕ ਸਾਹਿਬ ਦੀ ਮਹਿਮਾ ਕੇਵਲ ਸਮਕਾਲੀ ਲੋਕਾਂ ਨੇ ਹੀ ਨਹੀਂ ਪਛਾਣੀ, ਸਗੋਂ ਗੁਰੁ ਜੋਤਿ ਦੇ ਅਗਲੇ ਸਰੂਪਾਂ ਨੇ ਵੀ ਉਨ੍ਹਾਂ ਦੀ ਰੂਹਾਨੀ ਮਹਾਨਤਾ ਨੂੰ ਸਤਿਕਾਰ ਸਹਿਤ ਪ੍ਰਗਟ ਕੀਤਾ।
ਗੁਰੂ ਦੀ ਮਹਿਮਾ ਸਮਝਣ ਲਈ ਬੁੱਧੀ ਅਤੇ ਤਰਕ ਦੇ ਨਾਲ ਰਧਾ ਤੇ ਨਿਮਰਤਾ ਦੀ ਵੀ ਲੋੜ ਹੈ।ਸ਼ਰਧਾ ਦਾ ਅਰਥ ਅੱਖਾਂ ਬੰਦ ਕਰਕੇ ਹਰ ਗੱਲ ਮੰਨ ਲੈਣਾ ਨਹੀਂ, ਸਗੋਂ ਗੁਰੂ ਦੀ ਬਾਣੀ ਨੂੰ ਸਤਿਕਾਰ ਨਾਲ ਸੁਣਨਾ, ਵਿਚਾਰਨਾ ਅਤੇ ਜੀਵਨ ਵਿੱਚ ਧਾਰਨ ਕਰਨਾ ਹੈ।ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸਾਨੂੰ ਸੱਚ, ਸੇਵਾ, ਸੰਤੋਖ, ਨਿਰਵੈਰਤਾ ਅਤੇ ਸਾਂਝੀਵਾਲਤਾ ਦੇ ਮਾਰਗ ’ਤੇ ਤੋਰਦੀ ਹੈ।
ਦੌਲਤਾਂ ਦਾਈ ਦਾ “ਮੈਂ ਤਾਂ ਬਹੁਤ ਰੱਜੀ” ਕਹਿਣਾ ਅਤੇ ਰਾਇ ਬੁਲਾਰ ਦਾ “ਨਾਨਕ ਨੂੰ ਕਿਤੇ ਫਿੱਟ ਮਾਰਨਾ ਨਾ ਆਖੀਂ” ਆਖਣਾ-ਦੋਵੇਂ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦੀ ਮਹਾਨਤਾ ਨੂੰ ਵੱਖ-ਵੱੱਖ ਰੂਪਾਂ ਵਿੱਚ ਉਜ਼ਾਗਰ ਕਰਦੇ ਹਨ।
ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਸੱਚਾ ਅਰਥ ਕੇਵਲ ਉਨ੍ਹਾਂ ਦੀ ਮਹਿਮਾ ਦਾ ਗੁਣਗਾਨ ਕਰਨਾ ਨਹੀਂ, ਸਗੋਂ ਉਨ੍ਹਾਂ ਦੀ ਬਾਣੀ ਅਤੇ ਸਿੱੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ।ਇਹੀ ਰੂਹਾਨੀ ਚਾਨਣ ਮਨੁੱਖ ਨੂੰ ਹਉਮੈ ਤੋਂ ਮੁਕਤ ਕਰਕੇ ਸੱਚ, ਸੰਤੋਖ, ਸੇਵਾ ਅਤੇ ਸਰਬ-ਸਾਂਝੀਵਾਲਤਾ ਵੱਲ ਲੈ ਜਾਂਦਾ ਹੈ।ਲੇਖ: 2311202603

ਪ੍ਰੋ. ਸਰਚਾਂਦ ਸਿੰਘ ਖਿਆਲਾ
ਸੰਪਰਕ – 9781355522
Punjab Post Daily Online Newspaper & Print Media