ਸਮਰਾਲਾ, 12 ਮਾਰਚ (ਪੰਜਾਬ ਪੋਸਟ -ਇੰਦਰਜੀਤ ਕੰਗ) – ਇਥੋਂ ਨਜਦੀਕੀ ਪਿੰਡ ਕੁੱਬੇ ਦੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਕਵੀ ਮੋਹਨ ਸਿੰਘ ਗਿਆਨੀ ਦਾ
ਸ਼ਹੀਦੀ ਦਿਹਾੜਾ ਨੀਲੋਂ ਨਹਿਰ ਦੇ ਕੰਢੇ ਪਿੰਡ ਕੁੱਬੇ ਵਿਖੇ ਕਵੀ ਮੋਹਣ ਸਿੰਘ ਦੇ ਭਰਾ ਸੁਖਚੈਨ ਸਿੰਘ ਮਾਂਗਟ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ।ਜਿਸ ਵਿੱਚ ਇੰਗਲੈਂਡ ਵਾਸੀ ਨਿਰਭੈ ਸਿੰਘ ਖਾਲਸਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਸੁਖਚੈਨ ਸਿੰਘ ਮਾਂਗਟ ਨੇ ਕਿਹਾ ਕਿ ਮੋਹਨ ਸਿੰਘ ਅਜੇ ਚੜ੍ਹਦੀ ਉਮਰ ਵਿੱਚ ਹੀ ਸੀ ਅਤੇ ਉਸ ਦੇ ਅੰਦਰਲਾ ਕਵੀ ਅਜੇ ਫੁੱਟਣ ਹੀ ਲੱਗਾ ਸੀ ਕਿ 1947 ਦੀ ਹਿੰਦ-ਪਾਕਿ ਵੰਡ ਮੌਕੇ ਉਹ ਦਰਬਾਰ ਸਾਹਿਬ ਤੋਂ ਵਾਪਸ ਕਾਲਜ ਤਾਂਗੇ ਵਿੱਚ ਜਾ ਰਿਹਾ ਸੀ ਤਾਂ ਹਾਲ ਦਰਵਾਜੇ ਪਾਸ ਕਿਸੇ ਧਾਰਮਿਕ ਜਨੂੰਨੀ ਨੇ ਉਸ ਦੇ ਛੁਰਾ ਮਾਰ ਦਿੱਤਾ। ਪ੍ਰੰਤੂ ਪੂਰੇ ਪਰਿਵਾਰ ਦੇ ਸਹਿਯੋਗ ਸਦਕਾ ਉਸ ਦੀਆਂ ਲਿਖਤਾਂ ਨੂੰ ਅੱਜ ਤੱਕ ਸਾਂਭ ਕੇ ਰੱਖਿਆ ਹੋਇਆ ਹੈ ਅਤੇ ਉਸ ਦੀਆਂ ਕਵਿਤਾਵਾਂ ਦਾ ਇੱਕ ਕੱਵਿ ਸੰਗ੍ਰਹਿ ‘ਸਰਹਿੰਦ ਦੇ ਕੰਢੇ’ ਦੇ ਨਾਂ ਨਾਲ ਪ੍ਰਕਾਸ਼ਿਤ ਵੀ ਕੀਤਾ ਜਾ ਚੁੱਕਾ ਹੈ।ਸਾਹਿਤ ਪ੍ਰੇਮੀਆਂ ਨੇ ਉਸਦੀਆਂ ਕਵਿਤਾਵਾਂ ਨੂੰ ਬੜੇ ਹੀ ਚਾਅ ਨਾਲ ਮਾਣਿਆ ਹੈ।
ਮੋਹਨ ਸਿੰਘ ਦੀ ਯਾਦ ਨੂੰ ਤਾਜਾ ਰੱਖਣ ਲਈ ਨਿਰਭੈ ਸਿੰਘ ਖਾਲਸਾ ਇੰਗਲੈਂਡ, ਡਾ. ਹਰਪ੍ਰੀਤ ਕੌਰ ਨਿੱਜ਼ਰ ਇੰਗਲੈਂਡ, ਲੇਖਕ ਮੇਜਰ ਸਿੰਘ ਮਾਂਗਟ ਕੈਨੇਡਾ ਨੇ ਵਿੱਤੀ ਸਹਾਇਤਾ ਦੇ ਕੇ ਰਾਹਗੀਰਾਂ ਲਈ ਲੰਗਰ ਲਗਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਮੋਹਣ ਸਿੰਘ, ਸਾਬਕਾ ਸਰਪੰਚ ਟਹਿਲ ਸਿੰਘ, ਬਲਵੀਰ ਸਿੰਘ ਕੈਨੇਡਾ, ਬਲਕਾਰ ਸਿੰਘ ਆਦਿ ਤੋਂ ਇਲਾਵਾ ਇਲਾਕੇ ਤੇ ਪਿੰਡ ਕੁੱਬੇ ਦੇ ਪਤਵੰਤੇ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media