ਭੀਖੀ, 18 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਦੇ ਮੇਨ ਰੇਲਵੇ ਫਾਟਕ ਕੋਲ ਦੋਵੇਂ ਪਾਸੀਂ ਸ਼ਹਿਰ ਵਿੱਚ ਲੱਗਦੇ ਟ੍ਰੈਫਿਕ ਜਾਮ ਦੀ ਵੱਡੀ ਸਮੱਸਿਆ ਤੋਂ
ਲੋਕਾਂ ਨੂੰ ਨਿਜ਼ਾਤ ਦਿਵਾਉਣ ਲਈ ਮਾਨਸਾ ਦੀ ਐਸ.ਡੀ.ਐਮ ਸ਼੍ਰੀਮਤੀ ਸਰਬਜੀਤ ਕੌਰ ਵਲੋਂ ਸ਼ਹਿਰ ਵਿੱਚਲੇ ਰੇਲਵੇ ਫਾਟਕ ਨੇੜੇ ਲੱਗਦੀਆਂ ਸਬਜ਼ੀ ਦੀਆਂ ਰੇਹੜੀਆਂ ਅਤੇ ਫੜੀਆਂ ਜੋ ਕਿ ਸ਼ਹਿਰ ਦੀ ਰੇਲਵੇ ਕਰਾਸਿੰਗ ਨੇੜੇ ਵੱਡੀ ਟ੍ਰੈਫਿਕ ਸਮੱਸਿਆ ਬਣੀਆਂ ਹੋਈਆਂ ਹਨ, ਨੂੰ ਉਥੋਂ ਬਦਲ ਕੇ ਪੁਰਾਣੀ ਸਬਜ਼ੀ ਮੰਡੀ ‘ਚ ਸ਼ਿਫਟ ਕੀਤਾ ਜਾ ਰਿਹਾ ਹੈ।ਮੈਡਮ ਸਰਬਜੀਤ ਕੌਰ ਵੱਲੋਂ ਇੰਨ੍ਹਾਂ ਰੇਹੜੀਆਂ ਫੜੀਆਂ ਲਈ ਪੁਰਾਣੀ ਸਬਜ਼ੀ ਮੰਡੀ ਵਾਲੀ ਜਗ੍ਹਾ ‘ਚ ਇੰਟਰ ਲਾਕਿੰਗ ਟਾਇਲਾਂ ਦਾ ਫਰਸ਼, ਪੀਣ ਯੋਗ ਪਾਣੀ, ਟਿਊਬ ਲਾਈਟਾਂ ਵਗੈਰਾ ਲੋੜੀਂਦੇ ਪ੍ਰਬੰਧ ਕਰਵਾਏ ਹਨ ਅਤੇ ਜਲਦੀ ਹੀ ਬਾਥਰੂਮ ਵੀ ਬਣਵਾਏ ਜਾਣੇ ਹਨ।ਹਰੇਕ ਦੁਕਾਨਦਾਰ ਨੂੰ ਸਬਜ਼ੀ ਵੇਚਣ ਲਈ ਦੁਕਾਨ ਦੀ ਜਗ੍ਹਾ ਆਰਜ਼ੀ ਤੋਰ ‘ਤੇ ਦਿੱਤੀ ਜਾ ਰਹੀ ਹੈ।ਸਬਜ਼ੀ ਮਾਰਕੀਟ ਸ਼ਿਫਟ ਹੋਣ ਤੋਂ ਬਾਅਦ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜ਼ਾਤ ਮਿਲੇਗੀ।ਫੜੀਆਂ ਅਤੇ ਰੇਹੜੀਆਂ ਲਗਾਉਣ ਵਾਲੇ ਸਮੂਹ ਦੁਕਾਨਦਾਰਾਂ ਨੇ ਮੀਟਿੰਗ ‘ਚ ਪੁਰਾਣੀ ਸਬਜ਼ੀ ਮੰਡੀ ਵਾਲੀ ਜਗ੍ਹਾ ‘ਤੇ ਸ਼ਿਫਟ ਹੋਣ ਲਈ ਆਪਣੀ ਲਿਖਤੀ ਸਹਿਮਤੀ ਦਿੰਦਿਆਂ ਕਿਹਾ ਕਿ ਉਹ ਸਾਰੇ ਇੱਕ ਅਪ੍ਰੈਲ ਤੱਕ ਉਥੇ ਸ਼ਿਫਟ ਹੋ ਜਾਣਗੇ।ਉਨ੍ਹਾਂ ਕਿਹਾ ਕਿ ਰੇਲਵੇ ਫਾਟਕ ਨਜ਼ਦੀਕ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਨੂੰ ਪੁਰਾਣੀ ਸਬਜ਼ੀ ਮੰਡੀ ਵਿੱਚ ਆਰਜ਼ੀ ਤੋਰ ‘ਤੇ ਜਗ੍ਹਾ ਦਿੱਤੀ ਜਾ ਰਹੀ ਹੈ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਤੇ 1 ਅਪ੍ਰੈਲ ਤੋਂ ਬਾਅਦ ਸਬਜ਼ੀ ਪੁਰਾਣੀ ਸਬਜ਼ੀ ਮੰਡੀ ਵਾਲੀ ਜਗ੍ਹਾ ਤੋਂ ਖਰੀਦਣ, ਉਨ੍ਹਾਂ ਅੱਗੇ ਦੱਸਿਆ ਕਿ 1 ਅਪ੍ਰੈਲ ਤੋਂ ਬਾਅਦ ਮਾਨਸਾ ਸ਼ਹਿਰ ਵਿੱਚੋ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਵਿੱਚ ਵਹੀਕਲਾਂ ਲਈ ਪਾਰਕਿੰਗ ਬਣਾਉਣ ਦੀ ਤਜਵੀਜ ਹੈ।ਸ਼੍ਰੀਮਤੀ ਸਰਬਜੀਤ ਕੌਰ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਤੇ ਵੱਧ ਤੋਂ ਵੱਧ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਵਰਨਣਯੋਗ ਹੈ ਕਿ ਮੈਡਮ ਸਰਬਜੀਤ ਕੌਰ ਨੂੰ ਐਸ.ਡੀ.ਐਮ ਮਾਨਸਾ ਤੈਨਾਤ ਹੋਇਆ ਅਜੇ ਥੋੜਾ ਸਮਾਂ ਹੀ ਹੋਇਆ ਹੈ।ਪਰ ਉਹ ਮਾਨਸਾ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਨਿੱਜੀ ਦਿਲਚਸਪੀ ਦਿਖਾ ਰਹੇ ਹਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media