ਜਨਤਾ ਕਰਫਿਊ ਦੌਰਾਨ ਜਨ-ਸੇਵਕਾਂ ਲਈ ਕੀਤੀ ਅਰਦਾਸ
ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਘਰ ਵਿਚ ਰਹਿ ਕੇ ਜਨਤਾ ਕਰਫਿਊ ਦਾ
ਸਮਰਥਨ ਕੀਤਾ ਅਤੇ ਉਥੇ ਹੀ ਸ਼ਾਮ ਦੇ ਪੰਜ ਵਜੇ ਮਨੁੱਖੀ ਸਲਾਮਤੀ ਲਈ ਸੇਵਾਵਾਂ ਨਿਭਾਅ ਰਹੇ ਸਿਹਤ ਸਟਾਫ, ਪੁਲਿਸ ਪ੍ਰਸ਼ਾਸਨ, ਮੀਡੀਆ ਕਰਮੀਆਂ ਅਤੇ ਸਫਾਈ ਸੇਵਕਾਂ ਆਦਿ ਲਈ ਗੁਰੂ ਸਾਹਿਬ ਅੱਗੇ ਅਰਦਾਸ ਵੀ ਕੀਤੀ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਗੁਰਮਤਿ ਦੇ ਆਸ਼ੇ ਅਨੁਸਾਰ ਅਰਦਾਸ ਨਾਲ ਜਨ-ਸੇਵਕਾਂ ਦਾ ਸਮਰਥਨ ਕੀਤਾ ਹੈ।ਉਨ੍ਹਾਂ ਆਪਣੇ ਘਰ ਦੇ ਬਾਹਰ ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਨਾਲ ਸ਼ਾਮ ਪੰਜ ਵਜੇ ਮੂਲ ਮੰਤਰ ਦਾ ਪਾਠ ਕਰਨ ਮਗਰੋਂ ਅਰਦਾਸ ਕੀਤੀ।ਇਸ ਦੌਰਾਨ ਉਨ੍ਹਾਂ ਨੇ ਆਖਿਆ ਕਿ ਅੱਜ ਪੂਰਾ ਵਿਸ਼ਵ ਮਾਨਵ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਭਿਆਨਕ ਬੀਮਾਰੀ ਦੇ ਚੱਲਦਿਆਂ ਵੀ ਜਿਹੜੇ ਲੋਕ ਆਪਣੀਆਂ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਦਾ ਧੰਨਵਾਦ ਕਰਨਾ ਸਾਡਾ ਫਰਜ਼ ਹੈ।ਉਨ੍ਹਾਂ ਕਿਹਾ ਕਿ ਸਵੈ ਜਾਬਤਾ ਲਗਾ ਕੇ ਹੀ ਅਸੀਂ ਇਸ ਮਹਾਮਾਰੀ ’ਤੇ ਕਾਬੂ ਪਾ ਸਕਦੇ ਹਾਂ।
Punjab Post Daily Online Newspaper & Print Media