ਲੋੜਵੰਦਾਂ ਲਈ ਗੁਰੂ ਘਰਾਂ ਤੋਂ ਲੰਗਰ ਸੇਵਾ ਜਾਰੀ
ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਨੇ ਕਰਫਿਊ ਦੌਰਾਨ ਫਸੇ ਲੋਕਾਂ ਨੂੰ ਘਰੋ-ਘਰ ਪਹੁੰਚਾਉਣ ਲਈ ਉਪਰਾਲਾ ਕੀਤਾ ਹੈ।ਕੋਰੋਨਾ ਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਪਿਛਲੇ ਕੁੱਝ ਦਿਨਾਂ ਤੋਂ ਠਹਿਰੇ ਸ਼ਰਧਾਲੂਆਂ ਸਮੇਤ ਹੋਰ ਲੋਕਾਂ ਨੂੰ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਬੱਸਾਂ ਰਾਹੀਂ ਭੇਜਿਆ ਗਿਆ ਹੈ। ਇਸ ਤਹਿਤ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਚਾਰ ਬੱਸਾਂ ਵੱਖ-ਵੱਖ ਇਲਾਕਿਆਂ ਨੂੰ ਰਵਾਨਾ ਕੀਤੀਆਂ ਗਈਆਂ।ਬੱਸਾਂ ਨੂੰ ਤੋਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾਂ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਆਦਿ ਹਾਜ਼ਰ ਸਨ।ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਅੱਜ ਚਾਰ ਬੱਸਾਂ ਰਵਾਨਾਂ ਕੀਤੀਆਂ ਹਨ, ਪੰਜ ਬੱਸਾਂ ਦੋ ਦਿਨ ਪਹਿਲਾਂ ਵੀ ਭੇਜੀਆਂ ਗਈਆਂ ਸਨ। ਅੱਜ ਭੇਜੀਆਂ ਬੱਸਾਂ ਵਿੱਚੋਂ 2 ਬੱਸਾਂ ਦਿੱਲੀ, ਇੱਕ ਸ਼ਾਹਜਹਾਨਪੁਰ ਅਤੇ ਇੱਕ ਬਠਿੰਡਾ ਲਈ ਸੰਗਤ ਲੈ ਕੇ ਗਈ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕੁੱਝ ਲੋਕ ਗੁਜਰਾਤ ਦੇ ਵੀ ਸਨ।ਅਜੇ ਕੁੱਝ ਬਿਹਾਰ ਦੀਆਂ ਸੰਗਤਾਂ ਨੂੰ ਵੀ ਸਰਾਵਾਂ ਵਿਚ ਠਹਿਰਾਇਆ ਗਿਆ ਹੈ।
ਉਨ੍ਹਾਂ ਨੇ ਖੁਦ ਵੀ ਲੋਕਾਂ ਨੂੰ ਲੰਗਰ ਵਰਤਾਇਆ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਲਈ ਪ੍ਰੇਣਨਾ ਕੀਤੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਦੇ ਮਾਰਗਾਂ ਸਮੇਤ ਪਾਰਕਾਂ, ਸਰਾਵਾਂ ਆਦਿ ਨੂੰ ਸੈਨੇਟਾਈਜ ਕਰਨ ਲਈ ਛਿੜਕਾਅ ਕੀਤਾ ਗਿਆ ਹੈ।