ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਪ੍ਰਕਾਸ਼ ਅਸਥਾਨ
ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ।ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕੀਤੀ, ਜਦਕਿ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾਂ, ਮੀਤ ਸਕੱਤਰ ਸ. ਸਕੱਤਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਗੁਰਾ ਸਿੰਘ, ਗੁਰਦੁਆਰਾ ਗੁਰੂ ਕੇ ਮਹਿਲ ਦੇ ਗ੍ਰੰਥੀ ਭਾਈ ਗੁਰਸੇਵਕ ਸਿੰਘ ਹੀ ਹਾਜ਼ਰ ਹੋਏ।
ਦੱਸਣਯੋਗ ਹੈ ਕਿ ਅਗਲੇ ਵਰ੍ਹੇ ਨੌਵੇਂ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਸ ਸ਼ਤਾਬਦੀ ਨੂੰ ਲੈ ਕੇ ਪੂਰਾ ਸਾਲ ਕੀਤੇ ਜਾਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਇਸ ਸਾਲ ਪ੍ਰਕਾਸ਼ ਪੁਰਬ ਮੌਕੇ ਕਰਨ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸਰਕਾਰ ਵੱਲੋਂ ਲਗਾਏ ਕਰਫਿਊ ਕਾਰਨ ਸਾਰੇ ਧਾਰਮਿਕ ਸਮਾਗਮ ਸੰਕੋਚ ਦਿੱਤੇ ਗਏ ਹਨ।ਇਸੇ ਤਹਿਤ ਹੀ ਅੱਜ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਵੀ ਕੁੱੱਝ ਸੀਨੀਅਰ ਅਧਿਕਾਰੀ ਹੀ ਮੌਜੂਦ ਸਨ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ 12 ਅਪ੍ਰੈਲ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਵੀ ਕੁੱਝ ਅਹੁਦੇਦਾਰ ਹੀ ਸ਼ਾਮਲ ਹੋਣਗੇ।ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲੌ ਵੀ ਸੱਜਣਗੇ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media