ਚੰਡੀਗੜ੍ਹ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ -19 ਵਿਰੁੱਧ ਆਪਣੀ ਲੜਾਈ ਅਗਲੇ ਪੜਾਅ `ਤੇ ਲਿਜਾਂਦਿਆਂ, ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਸੂਬੇ
ਦੇ ਦੋ ਜਿਲ੍ਹਿਆਂ ਤੋਂ ਰੈਪਿਡ ਟੈਸਟਿੰਗ ਸਹੂਲਤ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਉਦੇਸ਼ ਪੜਾਅਵਾਰ 17 ਪ੍ਰਭਾਵਿਤ ਇਲਾਕਿਆਂ ਨੂੰ ਕਵਰ ਕਰਨਾ ਹੈ।
ਇਸ ਸੁਵਿਧਾ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਵਲੋਂ ਸਬ ਡਵੀਜ਼ਨ ਹਸਪਤਾਲ ਡੇਰਾ ਬਸੀ ਵਿਖੇ ਨਮੂਨੇ ਇਕੱਠੇ ਕਰਕੇ ਕੀਤੀ ਗਈ।
ਏ.ਸੀ.ਐਸ ਵਿਨੀ ਮਹਾਜਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਅੱਜ ਕੋਵਿਡ -19 ਟੈਸਟਿੰਗ ਲਈ ਆਈ.ਸੀ.ਐਮ.ਆਰ ਤੋਂ 1000 ਰੈਪਿਡ ਟੈਸਟਿੰਗ ਕਿੱਟਾਂ ਪ੍ਰਾਪਤ ਕੀਤੀਆਂ ਹਨ।ਐਸ.ਏ.ਐਸ ਨਗਰ (ਮੁਹਾਲੀ) ਅਤੇ ਜਲੰਧਰ ਦੋ ਜਿਲ੍ਹਿਆਂ ਨੂੰ ਟੈਸਟਿੰਗ ਪ੍ਰਕਿਰਿਆ ਸ਼ੁਰੂ ਕਰਨ ਲਈ 500-500 ਕਿੱਟਾਂ ਦਿੱਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਸੰਭਾਵਤ ਮਾਮਲਿਆਂ ਦੀ ਸਥਿਤੀ ਅਤੇ ਰੈਪਿਡ ਟੈਸਟਿੰਗ ਕਿੱਟਾਂ ਦੀ ਉਪਲੱਬਧਤਾ ਮੁਤਾਬਕ ਇਹ ਸਹੂਲਤ ਹੋਰ ਜਿ਼ਲ੍ਹਿਆਂ ਵਿੱਚ ਵੀ ਵਧਾਈ ਜਾਵੇਗੀ।
ਇਹ ਟੈਸਟ ਸ਼ੁਰੂ ਵਿਚ ਸਰਕਾਰੀ ਸਿਹਤ ਸਹੂਲਤਾਂ ਤਹਿਤ ਫਲੂ ਕਾਰਨਰਾਂ ’ਤੇ ਸੱਤ ਦਿਨਾਂ ਤੋਂ ਵੱਧ ਲੱਛਣਾਂ ਵਾਲੇ ਸਾਰੇ ਮਰੀਜ਼ਾਂ ’ਤੇ ਕੀਤਾ ਜਾਏਗਾ।ਸਿਰਫ਼ ਇਕੋ ਛੇਕ ਕਰਕੇ ਟੈਸਟ ਲਈ ਖੂਨ ਦੇ ਨਮੂਨੇ ਲਏ ਜਾਂਦੇ ਹਨ ਅਤੇ 15 ਮਿੰਟਾਂ ਵਿਚ ਨਤੀਜਾ ਉਪਲੱਬਧ ਹੁੰਦਾ ਹੈ।
ਜਿਲ੍ਹਿਆਂ ਨੂੰ ਨਤੀਜਿਆਂ ਦੇ ਨਾਲ-ਨਾਲ ਕੀਤੇ ਗਏ ਟੈਸਟਾਂ ਦੀ ਰੋਜ਼ਾਨਾ ਰਿਪੋਰਟ ਪੇਸ਼ ਕਰਨ ਦੇ ਨਿਰਦਸ਼ ਦਿੱਤੇ ਗਏ ਹਨ।ਸਿਹਤ ਵਿਭਾਗ ਵਲੋਂ www.covid-19punjab.in ਇੱਕ ਪੋਰਟਲ ਬਣਾਇਆ ਗਿਆ ਹੈ ਜਿਸ ਰਾਹੀਂ ਮਰੀਜ਼ਾਂ ਦੀ ਜਾਂਚ ਅਤੇ ਰਿਕਾਰਡ ਸਬੰਧੀ ਸਹੀ ਜਾਣਕਾਰੀ ਇੱਕਤਰ ਕੀਤੀ ਜਾ ਸਕਦੀ ਹੈ।
ਸੂਬਾ ਸਰਕਾਰ ਨੇ ਆਈ.ਸੀ.ਐਮ.ਆਰ ਨੂੰ ਅਜਿਹੀਆਂ 10 ਲੱਖ ਰੈਪਿਡ ਟੈਸਟਿੰਗ ਕਿੱਟਾਂ ਦਾ ਆਰਡਰ ਦਿੱਤਾ ਹੈ ਤੇ ਨਾਲ ਹੀ ਖੁੱਲ੍ਹੇ ਬਾਜ਼ਾਰ ਵਿੱਚ ਹੋਰ 10000 ਕਿੱਟਾਂ ਖਰੀਦਣ ਲਈ ਪੜਤਾਲ ਕੀਤੀ ਜਾ ਰਹੀ ਹੈ।ਮਹਾਮਾਰੀ ਦੇ ਫੈਲਣ ਨੂੰ ਕਾਬੂ ਕਰਨ ਦੀ ਜਾਂਚ ਦੇ ਨਾਲ ਹੀ ਸਰਕਾਰ ਅਗਲੇ ਕੁੱਝ ਦਿਨਾਂ ਵਿੱਚ ਰੈਪਿਡ ਟੈਸਟਿੰਗ ਸਮੇਤ ਜਾਂਚ ਸਹੂਲਤਾਂ ਲਗਾਤਾਰ ਵਧਾਉਣ ਦੀ ਯੋਜਨਾ ਬਣਾ ਰਹੀ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media